ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਬਹਾਲੀ ਦਾ ਮੁੱਦਾ ਲੋਕ ਸਭਾ ‘ਚ ਗੂੰਜੇਗਾ!
ਮਾਨਸੂਨ ਸੈਸ਼ਨ ਦੌਰਾਨ ਪੁਰਾਣੀ ਪੈਨਸ਼ਨ ਦੀ ਮੰਗ ਨੂੰ ਉਭਾਰਨ ਲਈ ਹਲਕਾ ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਸ. ਗੁਰਜੀਤ ਸਿੰਘ ਔਜਲਾ ਨੂੰ ਸੌਂਪਿਆ ਗਿਆ ਮੰਗ ਪੱਤਰ
Punjab News*- ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੇ ਸੂਬਾਈ ਫੈਸਲੇ ਤਹਿਤ ਅੱਜ ਹਲਕਾ ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਸਰਦਾਰ ਗੁਰਜੀਤ ਸਿੰਘ ਔਜਲਾ ਨੂੰ ਉਹਨਾਂ ਦੇ ਕੈਂਪ ਆਫਿਸ ਵਿਖੇ ਮੰਗ ਪੱਤਰ ਸੌਂਪਿਆ ਗਿਆ ਅਤੇ ਮਾਨਸੂਨ ਸੈਸ਼ਨ ਦੌਰਾਨ ਪੁਰਾਣੀ ਪੈਨਸ਼ਨ ਦੀ ਮੰਗ ਨੂੰ ਸੰਸਦ ਵਿੱਚ ਪੁਰਜ਼ੋਰ ਢੰਗ ਨਾਲ ਉਭਾਰਨ ਦੀ ਅਪੀਲ ਕੀਤੀ ਗਈ।ਐਮਪੀ ਔਜਲਾ ਸਾਹਿਬ ਵੱਲੋਂ ਇਸ ਤੇ ਹਾਂ ਪੱਖੀ ਹੁੰਗਾਰਾ ਦਿੰਦੇ ਹੋਏ ਪੁਰਾਣੀ ਪੈਨਸ਼ਨ ਦਾ ਮੁੱਦਾ ਸੰਸਦ ਚ ਚੁੱਕਣ ਲਈ ਯਤਨ ਕਰਨ ਦਾ ਭਰੋਸਾ ਦਵਾਇਆ ਗਿਆ।
ਇਸ ਮੌਕੇ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਪੰਜਾਬ ਦੇ ਮਾਝਾ ਜੋਨ ਕਨਵੀਨਰ ਗੁਰਬਿੰਦਰ ਸਿੰਘ ਖਹਿਰਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 18 ਨਵੰਬਰ 2022 ਨੂੰ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਹੋਇਆ ਹੈ, ਪਰ ਤਿੰਨ ਸਾਲ ਤੋਂ ਵੀ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਪੰਜਾਬ ਦੇ ਇੱਕ ਵੀ ਮੁਲਾਜ਼ਮ ਤੇ ਹਕੀਕੀ ਰੂਪ ਦੇ ਉੱਪਰ ਪੁਰਾਣੀ ਪੈਨਸ਼ਨ ਲਾਗੂ ਨਹੀਂ ਕੀਤੀ ਗਈ ਅਤੇ ਨਾ ਹੀ ਕਿਸੇ ਮੁਲਾਜ਼ਮ ਦਾ ਜੀਪੀਐਫ ਖਾਤਾ ਖੋਲਿਆ ਗਿਆ।
ਪੰਜਾਬ ਦੇ ਖਜ਼ਾਨੇ ਨੂੰ ਆਪਣੇ ਜੁਮਲਿਆਂ ਨਾਲ ਭਰਨ ਵਾਲੀ ਸਰਕਾਰ ਦੇ ਸਮੇਂ ਵਿੱਚ ਹਾਲਾਤ ਇਹ ਹਨ ਕਿ ਨਾਕਾਮ ਵਿੱਤੀ ਪਾਲਿਸੀਆਂ ਕਰਕੇ ਕਰਜੇ ਦੀ ਮਾਰ ਹੇਠ ਦੱਬਿਆ ਪੰਜਾਬ ਵਿੱਤੀ ਅਮੈਰਜੰਸੀ ਦੇ ਮੁਹਾਣ ਤੇ ਖੜਾ ਹੈ, ਪਰ ਪੰਜਾਬ ਸਰਕਾਰ ਦਾ ਜੋਰ ਧਰਤਾਲ ਤੇ ਕੰਮ ਕਰਨ ਦੀ ਥਾਂ ਇਸ਼ਤਿਹਾਰਬਾਜ਼ੀ ਉੱਤੇ ਜਿਆਦਾ ਲੱਗਾ ਹੋਇਆ ਹੈ। ਖਹਿਰਾ ਨੇ ਕਿਹਾ ਕਿ ਜਿੱਥੇ ਪੰਜਾਬ ਸਰਕਾਰ ਪੁਰਾਣੀ ਪੈਨਸ਼ਨ ਤੋਂ ਲਗਭਗ ਕਿਨਾਰਾ ਕਰ ਚੁੱਕੀ ਹੈ।
ਉੱਥੇ ਦੂਜੇ ਪਾਸੇ ਕੇਂਦਰ ਦੀ ਮੋਦੀ ਸਰਕਾਰ ਦਾ ਪੁਰਾਣੀ ਪੈਨਸ਼ਨ ਖਿਲਾਫ ਹਮਲਾਵਰ ਰੁੱਖ ਲਗਾਤਾਰ ਜਾਰੀ ਹੈ। ਪੁਰਾਣੀ ਪੈਨਸ਼ਨ ਬਹਾਲ ਕਰਨ ਵਾਲੇ ਸੂਬਿਆਂ ਉੱਤੇ ਤਰ੍ਹਾਂ ਤਰ੍ਹਾਂ ਦੇ ਵਿੱਤੀ ਦਬਾਅ ਬਣਾਏ ਜਾ ਰਹੇ ਹਨ। ਪੈਨਸ਼ਨ ਦਾ ਮੁੱਦਾ ਰਾਜਾਂ ਦੇ ਅਧਿਕਾਰ ਹੇਠ ਆਉਂਦਾ ਹੈ ਪਰ ਪੰਜਾਬ ਸਰਕਾਰ ਦੀ ਕੈਬਨਿਟ ਸਬ ਕਮੇਟੀ ਹੁਣ ਪੁਰਾਣੀ ਪੈਨਸ਼ਨ ਤੋਂ ਕਿਨਾਰਾ ਕਰਕੇ ਯੂਪੀਐਸ ਨੂੰ ਹੀ ਵਿਚਾਰਨ ਤੇ ਬਜਿੱਦ ਹੈ, ਜਿਸ ਦੇ ਖਿਲਾਫ ਮੁਲਾਜ਼ਮਾਂ ਵਿੱਚ ਤਿੱਖਾ ਰੋਸ ਹੈ।
ਆਗੂਆਂ ਅਸ਼ਵਨੀ ਅਵਸਥੀ, ਨਿਰਮਲ ਸਿੰਘ, ਬਿਕਰਮਜੀਤ ਭੀਲੋਵਾਲ , ਵਿਸ਼ਾਲ ਕਪੂਰ, ਗੁਰ ਕਿਰਪਾਲ ਸਿੰਘ ਨੇ ਕਿਹਾ ਕਿ ਕੇਂਦਰ ਵੱਲੋਂ ਲਿਆਂਦੀ ਗਈ ਯੂਪੀਐਸ ਸਕੀਮ ਪੁਰਾਣੀ ਪੈਨਸ਼ਨ ਦੇ ਸਮੁੱਚੇ ਲਾਭਾਂ ਦੀ ਅਧੂਰੀ ਨਕਲ ਹੈ। ਪੁਰਾਣੀ ਪੈਨਸ਼ਨ ਹੀ ਹਕੀਕੀ ਰੂਪ ਵਿੱਚ ਮੁਲਾਜ਼ਮਾਂ ਦੀ ਰਿਟਾਇਰਮੈਂਟ ਮਗਰੋਂ ਸਮਾਜਿਕ ਸੁਰੱਖਿਆ ਅਤੇ ਸਾਲਾਂ ਬੱਧੀ ਜਮਾਂ ਪੂੰਜੀ ਦੀ ਸੁਰੱਖਿਆ ਦੀ ਗਰੰਟੀ ਸੁਨਿਸ਼ਚਿਤ ਕਰਦੀ ਹੈ। ਕੇਂਦਰ ਸਰਕਾਰ ਦਾ ਪੀ ਐਫ ਆਰ ਡੀ ਏ ਕੋਲ ਜਮਾ ਐਨ ਪੀ ਐਸ ਜਮਾ ਰਾਸ਼ੀ ਨੂੰ ਰਾਜ ਸਰਕਾਰਾਂ ਨੂੰ ਮੋੜਨ ਵਿੱਚ ਪਾਏ ਜਾ ਰਹੇ ਅੜਿਕੇ ਫੈਡਰਲ ਢਾਂਚੇ ਦੀ ਸਿੱਧੀ ਉਲੰਘਣਾ ਹੈ।
ਇਸ ਮੌਕੇ ਨਿਰਮਲ ਸਿੰਘ, ਗੁਰਦੇਵ ਸਿੰਘ, ਬਿਕਰਮਜੀਤ ਸਿੰਘ, ਵਿਸ਼ਾਲ ਕਪੂਰ , ਗੁਰ ਕਿਰਪਾਲ ਸਿੰਘ , ਨਰੇਸ਼ ਕੁਮਾਰ, ਕੁਲਦੀਪ ਵਰਨਾਲੀ , ਪ੍ਰਦੀਪ ਝੰਜੋਟੀ , ਦਿਲਰਾਜ ਸਿੰਘ ,ਬਲਦੇਵ ਮੰਨਣ, ਸੰਦੀਪ ਸਿੰਘ ਰਾਜਾਸਾਂਸੀ, ਕਾਲੂ ਰਾਮ ਦੁਧਰਾਏ, ਮਨਿੰਦਰਜੀਤ ਸਿੰਘ ਬੋੜੂ, ਸੁਲੱਖਣ ਸਿੰਘ ਸਾਥੀ ਹਾਜ਼ਰ ਸਨ।

