Punjab Rain Alert: ਪੰਜਾਬ ‘ਚ ਭਾਰੀ ਮੀਂਹ ਦਾ ਕਹਿਰ, ਕਈ ਪਿੰਡਾਂ ‘ਚ ਵੜਿਆ ਪਾਣੀ!
Punjab Rain Alert: ਡਿਪਟੀ ਕਮਿਸ਼ਨਰ ਵੱਲੋਂ ਸਾਬੂਆਣਾ ਡ੍ਰੇਨ ਦਾ ਦੌਰਾ, ਵਿਭਾਗ ਨੂੰ ਜਲਦ ਪਾਣੀ ਦੀ ਨਿਕਾਸੀ ਕਰਨ ਦੇ ਹੁਕਮ
Punjab Rain Alert: ਪੰਜਾਬ ਦੇ ਕਈ ਇਲਾਕਿਆਂ ਵਿੱਚ ਭਾਰੀ ਮੀਂਹ ਪੈਣ ਦੀਆਂ ਖ਼ਬਰਾਂ ਹਨ। ਰੋਪੜ, ਹੁਸਿਆਰਪੁਰ, ਚੰਡੀਗੜ੍ਹ, ਮੋਹਾਲੀ, ਲੁਧਿਆਣਾ ਤੋਂ ਇਲਾਵਾ ਫ਼ਾਜਿਲਕਾ, ਫਿਰੋਜ਼ਪੁਰ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਰਹੀ ਹੈ।
ਇਸ ਦੇ ਕਾਰਨ ਡੈਮਾਂ ਅਤੇ ਦਰਿਆਵਾਂ ਵਿੱਚ ਵੀ ਪਾਣੀ ਦਾ ਪੱਧਰ ਵੱਧ ਗਿਆ ਹੈ। ਕਈ ਪਿੰਡਾਂ ਵਿੱਚ ਹੜ੍ਹ ਵਰਗੇ ਹਲਾਤ ਬਣ ਗਏ ਹਨ।
ਤਾਜ਼ਾ ਜਾਣਕਾਰੀ ਅਨੁਸਾਰ, ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਬੀਤੀ ਰਾਤ ਸਾਬੂਆਣਾ ਡੇ੍ਨ ਦਾ ਦੌਰਾ ਕਰਕੇ ਇੱਥੇ ਡ੍ਰੇਨ ਵਿਚ ਪਏ ਪਾੜ ਨੂੰ ਬੰਦ ਕਰਨ ਦੇ ਕੰਮ ਦਾ ਜਾਇਜਾ ਲਿਆ।
ਇਸ ਮੌਕੇ ਉਨ੍ਹਾਂ ਨੇ ਦੱਸਿਆ ਕਿ 1 ਅਗਸਤ ਨੂੰ ਪਈ ਭਾਰੀ ਬਾਰਿਸ ਕਾਰਨ ਅਚਾਨਕ ਡੇ੍ਨ ਵਿਚ ਤੇਜ ਪਾਣੀ ਆ ਗਿਆ ਜਿਸ ਨਾਲ ਇਸ ਵਿਚ ਪਾੜ ਪਿਆ ਹੈ ਜਿਸ ਨੂੰ ਬੰਦ ਕਰਨ ਦਾ ਕੰਮ ਜੰਗੀ ਪੱਧਰ ਤੇ ਸ਼ੁਰੂ ਕਰਵਾਇਆ ਗਿਆ ਹੈ।

ਡਿਪਟੀ ਕਮਿਸ਼ਨਰ ਨੇ ਇਸ ਮੌਕੇ ਲੋਕਾਂ ਦੀਆਂ ਮੁਸਕਿਲਾਂ ਸੁਣੀਆਂ ਅਤੇ ਡ੍ਰੇਨਜ ਵਿਭਾਗ ਦੇ ਅਧਿਕਾਰੀਆਂ ਨੂੰ ਜਲਦ ਤੋਂ ਜਲਦ ਪਏ ਪਾੜ ਨੂੰ ਬੰਦ ਕਰਕੇ ਪਾਣੀ ਦੀ ਨਿਕਾਸੀ ਕਰਵਾਉਣ ਦੇ ਹੁਕਮ ਦਿੱਤੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਲ ਨਿਕਾਸੀ ਨਾਲ ਸਬੰਧਤ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਜਿੱਕੇ ਕਿਤੇ ਵੀ ਅਚਾਨਕ ਪਈ ਭਾਰੀ ਬਾਰਿਸ਼ ਕਾਰਨ ਪਾਣੀ ਭਰਿਆ ਹੈ ਉਸਦੀ ਨਿਕਾਸੀ ਲਈ ਤੇਜੀ ਨਾਲ ਕਾਰਵਾਈ ਕੀਤੀ ਜਾਵੇ ਅਤੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ।
ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਨ ਪੂਰੀ ਤਰਾਂ ਨਾਲ ਮੁਸਤੈਦੀ ਨਾਲ ਜਲ ਨਿਕਾਸੀ ਦੇ ਪ੍ਰੰਬਧਾਂ ਦਾ ਨਿਗਰਾਨੀ ਕਰ ਰਿਹਾ ਹੈ ਅਤੇ ਜਲਦ ਜਲ ਭਰਾਵ ਦੀ ਸਮੱਸਿਆ ਤੋਂ ਰਾਹਤ ਮਿਲੇਗੀ।

ਉਨ੍ਹਾਂ ਨੇ ਕਿਹਾ ਕਿ ਇਹ ਇਕ ਕੁਦਰਤੀ ਆਫ਼ਤ ਹੈ ਅਤੇ ਥੋੜੇ ਸਮੇਂ ਵਿਚ ਜਿਆਦਾ ਮੀਂਹ ਪੈਣ ਨਾਲ ਇਹ ਸਮੱਸਿਆ ਪੈਦਾ ਹੋਈ ਹੈ ਜਦ ਕਿ ਪਹਿਲਾਂ ਕਦੇ ਇੰਨ੍ਹੇ ਥੋੜੇ ਸਮੇਂ ਵਿਚ ਐਨ੍ਹੀ ਜਿਆਦਾ ਮਾਤਰਾ ਵਿਚ ਬਾਰਿਸ਼ ਨਹੀਂ ਹੋਈ ਸੀ।
ਫਿਰ ਵੀ ਪ੍ਰਸ਼ਾਸਨ ਜਲ ਨਿਕਾਸੀ ਤੇਜੀ ਨਾਲ ਕਰਵਾਉਣ ਲਈ ਲਗਾਤਾਰ ਉਪਰਾਲੇ ਕਰ ਰਿਹਾ ਹੈ। ਇਸ ਮੌਕੇ ਐਸਡੀਐਮ ਵੀਰਪਾਲ ਕੌਰ ਵੀ ਹਾਜਰ ਸਨ।


