Flood Alert: ਹੜ੍ਹਾਂ ਦੀ ਸਥਿਤੀ ਗੰਭੀਰ ਹੋਣ ਤੋਂ ਪਹਿਲਾਂ ਹੀ, ਸਾਵਧਾਨ ਹੋ ਜਾਓ ਪੰਜਾਬੀਓ!
Flood Alert: ਬੇਸ਼ੱਕ ਇਸ ਵਾਰ ਪੰਜਾਬ ‘ਚ ਵਰਖਾ ਰੁੱਤ ਪਿਛਲੇ ਸਾਲ ਦੀ ਬਜਾਇ ਥੋੜ੍ਹੀ ਪਛੜੀ ਹੈ ਪਰ ਮੌਸਮ ਵਿਭਾਗ ਦੀਆਂ ਪੇਸ਼ੀਨਗੋਈਆਂ ਨੂੰ ਦਰ- ਕਿਨਾਰ ਕਰਨ ਤੋਂ ਬਚਿਆ ਜਾਵੇ। ਆਉਣ ਵਾਲੇ ਦਿਨਾਂ ਵਿਚ ਪੰਜਾਬ ਦੇ ਸਾਰੇ ਹੀ ਜਿਲ੍ਹਿਆਂ ਵਿਚ ਪੂਰਾ ਜਲ-ਥਲ ਹੋਣ ਦੀ ਸੰਭਾਵਨਾ ਹੈ।
ਪੰਜਾਬ ਨਾਲ ਲੱਗਦੇ ਪਹਾੜੀ ਰਾਜ ਹਿਮਾਚਲ ਪ੍ਰਦੇਸ਼ ਵਿਚ ਮੂਸਲੇਧਾਰ ਬਾਰਿਸ਼ ਦੀ ਸ਼ੁਰੂਆਤ ਹੋ ਚੁੱਕੀ ਹੈ। ਜੇਕਰ ਪੰਜਾਬ ‘ਚ ਬਾਰਿਸ਼ ਘੱਟ ਵੀ ਹੋਵੇ, ਤਾਂ ਵੀ ਸਤਲੁਜ ਤੇ ਬਿਆਸ ਦੇ ਪਹਾੜੀ ਕੈਚਮੈਂਟ ਏਰੀਏ ਵਿਚ ਹੋਈ ਬਾਰਿਸ਼ ਪੰਜਾਬ ਨੂੰ ਪਾਣੀਓਂ- ਪਾਣੀ ਕਰਨ ਦੇ ਸਮਰੱਥ ਹੁੰਦੀ ਹੈ।
ਇਸ ਵਾਰ ਦੀ ਮਾਨਸੂਨ ਤ੍ਰਾਸਦੀ ਪਿਛਲੇ ਸਾਲਾਂ ਨਾਲੋਂ ਵੀ ਬਦਤਰ ਰੂਪ ਦਿਖਾ ਸਕਦੀ ਹੈ, ਜਿਸ ਦਾ ਮੁੱਖ ਕਾਰਨ ਪਿਛਲੇ ਸਾਲ ਨੁਕਸਾਨੇ ਗਏ ਧੁੱਸੀ ਬੰਨ੍ਹਾਂ ਤੇ ਹੋਰ ਖੁਰੇ ਅਨੇਕਾਂ ਦਰਿਆਈ ਕਿਨਾਰਿਆਂ ਦੀ ਲੋੜੀਂਦੀ ਮੁਰੰਮਤ ਨਾ ਹੋਣਾ ਹੈ। ਬੇਸ਼ੱਕ ਲੋਕਾਂ ਨੇ ਆਪਣੇ ਪੱਧਰ ਤੇ ਯਤਨ ਕੀਤੇ ਹਨ ਪਰ ਇਹ ਯਤਨ ਵੀ ਨਾਕਾਫੀ ਹਨ।
ਪਿਛਲੇ ਸਾਲ ਹੁਸੈਨੀਵਾਲਾ ਦੇ ਆਸ- ਪਾਸ ਜਿੱਥੇ ਕਿਨਾਰਿਆਂ ਨੂੰ ਵੱਡੀ ਢਾਹ ਲੱਗੀ ਸੀ ਤੇ ਨੋਚਾਂ ਬਣਨੀਆਂ ਲਾਜ਼ਮੀ ਸਨ, ਉਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਗਿਆ। ਹੜ੍ਹਾਂ ਦੀ ਸਥਿਤੀ ਨੂੰ ਹੋਰ ਗੰਭੀਰ ਬਣਾ ਸਕਣ ਵਾਲਾ ਦੂਜਾ ਪ੍ਰਮੁੱਖ ਕਾਰਨ ਇਹ ਹੈ ਕਿ ਪਿਛਲੇ ਸਾਲ ਦਰਿਆਈ ਖੇਤਰਾਂ ਵਿਚ ਕਈ ਕਈ ਫੁੱਟ ਰੇਤ/ ਸਿਲਟ ਚੜ੍ਹ ਗਈ ਸੀ, ਜਿਸਦੀ ਨਿਕਾਸੀ ਹਾਲੇ ਤੱਕ ਵੀ ਪੂਰੀ ਤਰ੍ਹਾ ਸੰਭਵ ਨਹੀਂ ਹੋ ਸਕੀ।
ਮੌਜੂਦਾ ਸਰਕਾਰ ਨੇ ਪਿਛਲੇ ਕਈ ਮਹੀਨੇ ਚੋਣ- ਪ੍ਰਕਿਰਿਆ ਵਿਚ ਅਜਾਈਂ ਗੰਵਾ ਲਏ। ਬਹੁਤਾ ਸਰਕਾਰੀ ਅਮਲਾ- ਫੈਲਾ ਉਸ ਪਾਸੇ ਲੱਗਿਆ ਰਿਹਾ। ਮੌਜੂਦਾ ਸਮੇਂ ਵੀ ਮੁੱਖ ਮੰਤਰੀ ਸਾਹਬ ਸਮੇਤ ਸਭ ਨੇਤਾਵਾਂ ਦਾ ਧਿਆਨ ਜਲੰਧਰ ਦੀ ਜਿਮਨੀ ਚੋਣ ਵੱਲ ਲੱਗਾ ਹੋਇਆ ਹੈ।
ਜੇਕਰ ਸਰਕਾਰ ਹਾਲੇ ਵੀ ਅਵੇਸਲੇਪਣ ਚ ਸਮਾਂ ਗੁਜਾਰਨ ਤੋਂ ਬਾਅਦ ਹੜ੍ਹਾਂ ਦੀ ਸਥਿਤੀ ਵਿਗੜਨ ਮੌਕੇ ਹੀ ਕੋਈ ਕਦਮ ਉਠਾਉਂਦੀ ਹੈ ਤਾਂ ‘ਬੂਹੇ ਆਈ ਜੰਨ ਤੇ ਵਿੰਨੋ ਕੁੜੀ ਦੇ ਕੰਨ’ ਵਾਲੀ ਸਥਿਤੀ ਹੀ ਬਣੇਗੀ।
ਦਰਿਆਈ ਇਲਾਕਿਆਂ ਦੇ ਲੋਕਾਂ ਤੇ ਪੰਚਾਇਤੀ ਨੁਮਾਇੰਦਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਪੱਧਰ ਤੇ ਦਰਿਆਈ ਕੰਢਿਆਂ ਦੀ ਤੁਰੰਤ ਸਾਰ ਲੈਣ ਤੇ ਸਰਕਾਰ ਨੂੰ ਏਸੇ ਹਫਤੇ ਵਿਚ ਹੀ ਲੋੜੀਂਦਾ ਕਾਰਜ ਨੇਪਰੇ ਚਾੜ੍ਹਨ ਲਈ ਮਜਬੂਰ ਕਰਨ। ਨਹੀਂ ਤਾਂ ਆਉਣ ਵਾਲੇ ਸਮੇਂ ਵਿਚ ਪੰਜਾਬੀਆਂ ਨੂੰ ਹੜ੍ਹਾਂ ਦੀ ਮਾਰ ਤੋਂ ਕੋਈ ਨਹੀਂ ਬਚਾਅ ਸਕਦਾ। ਸੱਪ ਲੰਘਣ ਤੋਂ ਬਾਅਦ ਲਕੀਰ ਕੁੱਟਣ ਦਾ ਕੋਈ ਫਾਇਦਾ ਨਹੀਂ ਹੋਏਗਾ ਪਿਆਰਿਓ!
-ਡਾ. ਅਮਰੀਕ ਸਿੰਘ ਸ਼ੇਰ ਖਾਂ