ਅਧਿਆਪਕਾਂ ਦੀਆਂ ਆਨਲਾਈਨ ਬਦਲੀਆਂ ‘ਚ ਤਰੁੱਟੀਆਂ ਕਾਰਨ ਸਿੱਖਿਆ ਵਿਭਾਗ ਸਵਾਲਾਂ ਦੇ ਘੇਰੇ ‘ਚ

All Latest NewsNews FlashPunjab News

 

ਸਿੱਖਿਆ ਵਿਭਾਗ ਦੀ ਅਣਗਹਿਲੀ ਕਾਰਨ ਅਧਿਆਪਕ ਬਦਲੀ ਕਰਵਾਉਣ ਤੋਂ ਵਾਂਝੇ

ਬਠਿੰਡਾ

ਸਿੱਖਿਆ ਵਿਭਾਗ ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਦੀਆਂ ਬਦਲੀਆਂ ਦੇ ਸਬੰਧ ਵਿੱਚ ਚੱਲ ਰਹੀ ਪ੍ਰਕਿਰਿਆ ਵਿੱਚ ਵੱਡੇ ਪੱਧਰ ‘ਤੇ ਤਰੁੱਟੀਆਂ ਪਾਏ ਜਾਣ ਕਾਰਨ ਸਮੁੱਚੀ ਪ੍ਰਕਿਰਿਆ ਸਵਾਲਾਂ ਦੇ ਘੇਰੇ ਵਿੱਚ ਹੈ। ਇਸ ਦੇ ਸਬੰਧ ਵਿੱਚ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦਾ ਡੇਪੂਟੇਸ਼ਨ ਜ਼ਿਲ੍ਹਾ ਪ੍ਰਧਾਨ ਰੇਸ਼ਮ ਸਿੰਘ ਦੀ ਅਗਵਾਈ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਤੇ ਪ੍ਰਾਇਮਰੀ ਬਠਿੰਡਾ ਨੂੰ ਮਿਲਿਆ।

ਗੱਲਬਾਤ ਦੌਰਾਨ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਰੇਸ਼ਮ ਸਿੰਘ,ਸਕੱਤਰ ਜਸਵਿੰਦਰ ਸਿੰਘ,ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਸਿੰਘ ਤੇ ਮੀਤ ਪ੍ਰਧਾਨ ਵਿਕਾਸ ਗਰਗ ਨੇ ਦੱਸਿਆ ਕਿ ਜੂਨ ਮਹੀਨੇ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਤੋਂ ਆਨਲਾਈਨ ਬਦਲੀਆਂ ਦੇ ਸਬੰਧ ਵਿੱਚ ਦਰਾਖਸਤਾਂ ਦੀ ਮੰਗ ਕੀਤੀ ਗਈ ਸੀ, ਪਰ ਹੁਣ ਤੱਕ ਇਹ ਬਦਲੀਆਂ ਨਹੀਂ ਹੋ ਸਕੀਆਂ। ਸਮੁੱਚੀ ਪ੍ਰਕਿਰਿਆ ਸਵਾਲਾਂ ਦੇ ਘੇਰੇ ਵਿੱਚ ਹੈ। ਪਹਿਲਾਂ ਤਾਂ ਵਿਭਾਗ ਵੱਲੋਂ ਲੰਬਾ ਸਮਾਂ ਸਟੇਸ਼ਨ ਚੁਆਇਸ ਨਹੀਂ ਕਰਵਾਈ ਗਈ ਤੇ ਹੁਣ ਪੋਰਟਲ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਿਹਾ ਤੇ ਅਧਿਆਪਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਜਥੇਬੰਦਕ ਸਕੱਤਰ ਕੁਲਵਿੰਦਰ ਸਿੰਘ ਵਿਰਕ, ਪ੍ਰੈਸ ਸਕੱਤਰ ਗੁਰਪ੍ਰੀਤ ਖੇਮੂਆਣਾ, ਬਲਾਕ ਪ੍ਰਧਾਨ ਭੁਪਿੰਦਰ ਮਾਇਸਰਖਾਨਾ ,ਭੋਲਾ ਸਿੰਘ, ਰਾਜਵਿੰਦਰ ਸਿੰਘ ਜਲਾਲ ਬਲਕਰਨ ਸਿੰਘ ਕੋਟਸ਼ਮੀਰ ਅਤੇ ਅਸ਼ਵਨੀ ਡੱਬਵਾਲੀ ਨੇ ਦੱਸਿਆ ਕਿ ਬਹੁਤ ਸਕੂਲਾਂ ਵਿੱਚ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਹੋਣ ਦੇ ਬਾਵਜੂਦ ਸਟੇਸ਼ਨ ਚੁਆਇਸ ਵਿੱਚ ਖਾਲੀ ਸਟੇਸ਼ਨ ਲੁਕੋ ਲਏ ਗਏ ਹਨ ਤੇ ਕਈ ਥਾਂਈਂ ਅਸਾਮੀ ਨਾ ਹੋਣ ਦੇ ਬਾਵਜੂਦ ਵੀ ਸਟੇਸ਼ਨ ਖਾਲੀ ਸ਼ੋਅ ਕੀਤੇ ਗਏ ਹਨ। ਕਈ ਅਧਿਆਪਕਾਂ ਦੀਆਂ ਬਦਲੀਆਂ ਦਾ ਡਾਟਾ ਸਬੰਧਤ ਡੀ.ਡੀ.ਓ. ਵੱਲੋਂ ਹੀ ਅਪਰੂਵ ਹੀ ਨਹੀਂ ਕੀਤਾ ਗਿਆ ਤੇ ਹੁਣ ਉਹ ਅਧਿਆਪਕ ਬਦਲੀ ਕਰਵਾਉਣ ਤੋਂ ਅਯੋਗ ਹੋ ਗਏ ਹਨ।

ਇਸੇ ਤਰ੍ਹਾਂ ਦਾ ਇੱਕ ਮਾਮਲਾ ਜ਼ਿਲ੍ਹਾ ਬਠਿੰਡਾ ਦੇ ਇੱਕ ਸਕੂਲ ਦਾ ਆਇਆ ਹੈ ਜਿੱਥੋਂ ਦੀ ਮੁੱਖ ਅਧਿਆਪਕਾ ਨੇ ਸਕੂਲ ਦੇ ਤਿੰਨ ਅਧਿਆਪਕਾਂ ਦਾ ਬਦਲੀ ਦਾ ਡਾਟਾ ਅਪਰੂਵ ਨਹੀਂ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਹ ਮੁੱਖ ਅਧਿਆਪਕਾ ਪਹਿਲਾਂ ਵੀ ਵਿਵਾਦਾਂ ਵਿੱਚ ਰਹੀ ਹੈ।

ਇਸ ਤਰ੍ਹਾਂ ਕੁੱਝ ਗ਼ੈਰਜਿੰਮੇਵਾਰ ਸਕੂਲ ਮੁਖੀਆਂ ਤੇ ਅਧਿਕਾਰੀਆਂ ਦੀ ਵਜ੍ਹਾ ਨਾਲ ਸਮੁੱਚਾ ਅਧਿਆਪਕ ਵਰਗ ਭੰਬਲਭੂਸੇ ਵਿੱਚ ਤੇ ਚਿੰਤਾ ਦੇ ਆਲਮ ਵਿੱਚ ਹੈ। ਆਗੂਆਂ ਨੇ ਖ਼ਦਸ਼ਾ ਪ੍ਰਗਟ ਕਰਦਿਆਂ ਕਿਹਾ ਕਿ ਇਹਨਾਂ ਬਦਲੀਆਂ ਵਿੱਚ ਧਾਂਦਲੀਆਂ ਦਾ ਵੱਡੇ ਪੱਧਰ ‘ਤੇ ਸ਼ੰਕਾ ਪਾਇਆ ਜਾ ਰਿਹਾ ਹੈ।

ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਜਲਦ ਤੋਂ ਜਲਦ ਬਦਲੀਆਂ ਦੇ ਸਬੰਧ ਵਿੱਚ ਅਧਿਆਪਕਾਂ ਨੂੰ ਆ ਰਹੀਆਂ ਦਰਪੇਸ਼ ਸਮੱਸਿਆਵਾਂ ਦਾ ਹੱਲ੍ਹ ਕੀਤਾ ਜਾਵੇ ਤੇ ਗ਼ੈਰਜਿੰਮੇਵਾਰ ਅਧਿਕਾਰੀਆਂ ‘ਤੇ ਬਣਦੀ ਕਾਰਵਾਈ ਕੀਤੀ ਜਾਵੇ ਤੇ ਬਦਲੀਆਂ ਦੀ ਸਮੁੱਚੀ ਪ੍ਰਕਿਰਿਆ ਪਾਰਦਰਸ਼ਤਾ ਢੰਗ ਨਾਲ਼ ਨੇਪਰੇ ਚਾੜ੍ਹੀ ਜਾਵੇ।

ਅਧਿਆਪਕਾਂ ਨੂੰ ਬਦਲੀ ਕਰਵਾਉਣ ਲਈ ਵੱਧ ਤੋਂ ਵੱਧ ਰਾਊਂਡ ਖੋਲੇ ਜਾਣ ਤਾਂ ਜੋ ਪਿਛਲੇ ਲੰਬੇ ਸਮੇਂ ਤੋਂ ਦੂਰ-ਦੁਰਾਡੇ ਸੇਵਾਵਾਂ ਨਿਭਾ ਰਹੇ ਅਧਿਆਪਕ ਆਪਣੀਆਂ ਪਿੱਤਰੀ ਰਹਾਇਸ਼ਾਂ ਦੇ ਨੇੜੇ ਸੇਵਾਵਾਂ ਨਿਭਾ ਸਕਣ।

ਉਹਨਾਂ ਮੰਗ ਕੀਤੀ ਕਿ ਪ੍ਰਮੋਸ਼ਨਾਂ ਤੋਂ ਬਾਅਦ ਬਦਲੀਆਂ ਦੇ ਹੋਰ ਮੌਕੇ ਦਿੱਤੇ ਜਾਣ ਤਾਂ ਜੋ ਸਕੂਲਾਂ ਵਿੱਚਲੀਆਂ ਖ਼ਾਲੀ ਅਸਾਮੀਆਂ ਭਰੀਆਂ ਜਾਣ ਤਾਂ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ। ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਪਰੋਕਤ ਮੰਗਾਂ ਦਾ ਹੱਲ੍ਹ ਨਾ ਕੀਤਾ ਗਿਆ ਤਾਂ ਅਧਿਆਪਕ ਪੰਜਾਬ ਸਰਕਾਰ ਖਿਲਾਫ ਤਿੱਖਾ ਸੰਘਰਸ਼ ਕੀਤਾ ਜਾਵੇਗਾ।

 

Media PBN Staff

Media PBN Staff

Leave a Reply

Your email address will not be published. Required fields are marked *