Teacher News: ਅਧਿਆਪਕਾਂ ਦੀਆਂ ਬਦਲੀਆਂ ਦਾ ਮਾਮਲਾ; ਸਿੱਖਿਆ ਵਿਭਾਗ ਨੇ ਆਪਣੀ ਗਲਤੀ ਮੰਨਦਿਆਂ ‘ਸਟੇਸ਼ਨ ਚੁਆਇਸ’ ਦੀ ਪ੍ਰਕਿਰਿਆ ‘ਤੇ ਲਾਈ ਰੋਕ
Teacher News: ਅਧਿਆਪਕਾਂ ਦੀਆਂ ਬਦਲੀਆਂ ਨੂੰ ਲੈ ਕੇ ਪਹਿਲਾਂ ਵੀ ਸਿੱਖਿਆ ਵਿਭਾਗ ਵਿਵਾਦਾਂ ਵਿੱਚ ਰਿਹਾ ਹੈ ਅਤੇ ਹੁਣ ਫਿਰ ਵਿਭਾਗ ਨੇ ਆਪਣੀ ਗਲਤੀ ਮੰਨ ਕੇ ਖਹਿੜਾ ਛੁਡਾਉਣ ਦੀ ਕੋਸਿਸ਼ ਕੀਤੀ ਹੈ।
ਵਿਭਾਗ ਨੇ ਪਿਛਲੇ ਦਿਨੀਂ ਸਟੇਸ਼ਨ ਚੁਆਇਸ ਦਾ ਪੱਤਰ ਜਾਰੀ ਕੀਤਾ ਸੀ। ਦੋ ਦਿਨ ਸਟੇਸ਼ਨ ਚੁਆਇਸ ਕਰਨ ਵਿੱਚ ਵੱਡੀ ਗਿਣਤੀ ਵਿੱਚ ਅਧਿਆਪਕ ਨਾਕਾਮ ਰਹੇ, ਕਿਉਂਕਿ ਵਿਭਾਗ ਦੀ ਸਾਈਟ ਹੀ ਡਾਊਨ ਹੋ ਗਈ ਸੀ।
ਇਸ ਦੇ ਨਾਲ ਹੀ ਵਿਭਾਗ ਤੇ ਦੋਸ਼ ਸੀ ਕਿ ਬਹੁ-ਗਿਣਤੀ ਸਟੇਸ਼ਨ ਹੀ ਲੁਕੋ ਲਏ ਗਏ। ਹੁਣ ਜਦੋਂ ਅਧਿਆਪਕਾਂ ਦੇ ਸਟੇਸ਼ਨ ਚੁਆਇਸ ਦਾ 8 ਅਗਸਤ ਆਖ਼ਰੀ ਦਿਨ ਹੈ, ਪਰ ਉਸ ਤੋਂ ਪਹਿਲਾਂ ਹੀ ਸਿੱਖਿਆ ਵਿਭਾਗ ਨੇ ਸਟੇਸ਼ਨ ਚੁਆਇਸ ਦੀ ਪ੍ਰਕਿਰਿਆ ਤੇ ਹਾਲ ਦੀ ਘੜੀ ਰੋਕ ਲਾਉਣ ਦਾ ਫ਼ੈਸਲਾ ਲੈ ਲਿਆ ਹੈ।
ਵਿਭਾਗ ਦੁਆਰਾ ਜਾਰੀ ਕੀਤੇ ਗਏ ਪੱਤਰ ਵਿੱਚ ਕਿਹਾ ਗਿਆ ਹੈ ਕਿ 4 ਅਗਸਤ 2025 ਰਾਹੀਂ ਪ੍ਰਾਇਮਰੀ ਕਾਡਰ ਦੇ ਜਿਨ੍ਹਾਂ ਅਧਿਆਪਕਾਂ ਵਲੋਂ ਬਦਲੀ ਲਈ ਅਪਲਾਈ ਕੀਤਾ ਗਿਆ ਸੀ, ਨੂੰ ਬਦਲੀਆਂ ਦੇ ਪਹਿਲੇ ਗੇੜ ਦੌਰਾਨ ਜਿਲ੍ਹੇ ਦੇ ਅੰਦਰ ਸਟੇਸ਼ਨ ਚੁਆਇਸ ਦਾ ਮੌਕਾ ਦਿੱਤਾ ਗਿਆ ਸੀ।
ਅਧਿਆਪਕਾਂ ਵਲੋਂ ਬਦਲੀਆਂ ਲਈ ਸਟੇਸ਼ਨ ਚੋਣ ਕਰਨ ਸਮੇਂ ਆ ਰਹੀਆਂ ਸਮੱਸਿਆਵਾਂ ਅਤੇ ਪੋਰਟਲ ਤੇ ਤਕਨੀਕੀ ਕਾਰਨਾਂ ਕਰਕੇ ਪ੍ਰਾਇਮਰੀ ਕਾਡਰ ਦੇ ਅਧਿਆਪਕਾਂ ਲਈ ਸਟੇਸ਼ਨ ਚੋਣ ਪ੍ਰਕਿਰਿਆ ਹਾਲ ਦੀ ਘੜੀ ਬੰਦ ਕੀਤੀ ਜਾਂਦੀ ਹੈ।

ਸਿੱਖਿਆ ਵਿਭਾਗ ਨੇ ਆਪਣੇ ਪੱਤਰ ਵਿੱਚ ਸਪੱਸ਼ਟ ਕੀਤਾ ਕਿ, ਤਕਨੀਕੀ ਸਮੱਸਿਆਵਾਂ ਦਾ ਹੱਲ ਹੋਣ ‘ਤੇ ਸਟੇਸ਼ਨ ਚੋਣ ਪ੍ਰਕਿਰਿਆ ਈ-ਪੰਜਾਬ ਪੋਰਟਲ ‘ਤੇ ਮਿਤੀ 12 ਅਗਸਤ ਤੋਂ ਚਾਲੂ ਕੀਤੀ ਜਾਵੇਗੀ।

