ਲੋਕ ਸਾਹਿਤ ਅਕਾਦਮੀ ਮੋਗਾ ਵੱਲੋਂ ਡਾ.ਅਮਰਜੀਤ ਕੌਂਕੇ ਦੀ ਕਿਤਾਬ ‘ਇਸ ਧਰਤੀ ‘ਤੇ ਰਹਿੰਦਿਆਂ’ ਦਾ ਲੋਕ ਅਰਪਣ ਤੇ ਗੋਸ਼ਟੀ ਰਹੀ ਯਾਦਗਾਰੀ

All Latest NewsNews FlashPunjab News

 

ਡਾ.ਸੁਰਜੀਤ ਬਰਾੜ ਦਾ ਨਾਵਲ ‘ਕਾਲੀ ਕੰਬਲੀ’,ਗੁਰਸ਼ਰਨ ਕੌਰ ਦੀ ‘ਅਸੀਂ ਹਾਂ ਰੁੱਖ ਪੰਜਾਬ’ ਦੇ ਤੇ ਏਕਮ ਦੀ ‘ਨੀਨਿਆ’ ਕੀਤੀਆਂ ਲੋਕ ਅਰਪਣ

ਮੋਗਾ

ਲੋਕ ਸਾਹਿਤ ਅਕਾਦਮੀ (ਰਜਿ.) ਮੋਗਾ ਵੱਲੋਂ ਡਾ. ਅਮਰਜੀਤ ਕੌਂਕੇ ਦੇ ਕਾਵਿ- ਸੰਗ੍ਰਹਿ ‘ਇਸ ਧਰਤੀ ‘ਤੇ ਰਹਿੰਦਿਆਂ’ ਦਾ ਲੋਕ ਅਰਪਣ ਅਤੇ ਵਿਚਾਰ ਗੋਸ਼ਟੀ ਸਮਾਗਮ ਸਥਾਨਕ ਸੁਤੰਤਰਤਾ ਸੈਨਾਨੀ ਭਵਨ,ਸ਼ਹੀਦ ਭਗਤ ਸਿੰਘ ਮਾਰਕੀਟ, ਮੋਗਾ ਵਿਖੇ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਉੱਘੇ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਵੱਲੋਂ ਕੀਤੀ ਗਈ ਅਤੇ ਪ੍ਰਧਾਨਗੀ ਮੰਡਲ ਵਿੱਚ ਡਾ. ਮੇਹਰ ਮਾਣਕ, ਡਾ.ਅਮਰਜੀਤ ਕੌਂਕੇ, ਡਾ. ਸੁਰਜੀਤ ਬਰਾੜ ਘੋਲੀਆ, ਡਾ. ਗੁਰਵਿੰਦਰ ਅਮਨ ਰਾਜਪੁਰਾ ਅਤੇ ਪ੍ਰਧਾਨ ਅਸ਼ੋਕ ਚੱਟਾਨੀ ਬਿਰਾਜਮਾਨ ਹੋਏ। ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਨੇ ਪ੍ਰਧਾਨਗੀ ਭਾਸ਼ਣ ਵਿਚ ਕਿਹਾ ਕਿ ਕੌਂਕੇ ਦੀ ਕਿਤਾਬ ‘ਤੇ ਨਿੱਠ ਕੇ ਹੋਈ ਚਰਚਾ ਦੱਸਦੀ ਹੈ ਕਿ ਕੌਂਕੇ ਕੋਲ ਕਵਿਤਾ ਹੈ।

ਉਹਨਾਂ ਕੌਂਕੇ ਤੇ ਕਿਤਾਬ ‘ਤੇ ਲਿਖਿਆ ਸ਼ਬਦ ਚਿੱਤਰ ਵੀ ਪੜ੍ਹਿਆ। ਪੁਸਤਕ ‘ਤੇ ਪਰਚਾ ਪੜ੍ਹਦਿਆਂ ਪ੍ਰਸਿੱਧ ਆਲੋਚਕ ਡਾ.ਸੁਰਜੀਤ ਬਰਾੜ ਘੋਲੀਆ ਨੇ ਕਿਹਾ ਕਿ ਅਮਰਜੀਤ ਕੌਂਕੇ ਕੋਲੇ ਵਿਸ਼ਵ ਪੱਧਰੀ ਕਵਿਤਾ ਦਾ ਗਿਆਨ ਹੈ ਜਿਸ ਕਰ ਕੇ ਉਹ ਖੁੱਲ੍ਹੀ ਕਵਿਤਾ ਵਿਚ ਜਾਨ ਪਾ ਦਿੰਦਾ ਹੈ ਤੇ ਉਸ ਦੀ ਇੱਕਬਚਨੀ ਕਵਿਤਾ ਬਹੁਬਚਨੀ ਹੋ ਨਿੱਬੜਦੀ ਹੈ। ਨਵ ਪੂੰਜੀਵਾਦੀ ਵਿਸ਼ਵੀਕਰਨ ਨੂੰ ਕੌਂਕੇ ਦੀ ਕਵਿਤਾ ਤੋਂ ਵੱਖ ਨਹੀਂ ਕੀਤਾ ਜਾ ਸਕਦਾ।

ਡਾ. ਮੇਹਰ ਮਾਣਕ ਨੇ ਬਹਿਸ ਦਾ ਆਗਾਜ਼ ਕਰਦੇ ਕੌਂਕੇ ਦੀ ਕਵਿਤਾ ਨੂੰ ਖੇਤਰੀ, ਕੌਮੀ ਅਤੇ ਕੌਮਾਂਤਰੀ ਸੰਕਟਾਂ ਨਾਲ਼ ਗ੍ਰਸਤ ਕਿਹਾ ਹੈ। ਜਸਵੀਰ ਕਲਸੀ ਧਰਮਕੋਟ, ਰਣਜੀਤ ਸਰਾਂਵਾਲੀ, ਅਲਫ਼ਾਜ਼, ਧਾਮੀ ਗਿੱਲ, ਗੁਰਪ੍ਰੀਤ ਧਰਮਕੋਟ, ਅਮਰ ਘੋਲੀਆ ਅਤੇ ਗੁਰਚਰਨ ਸਿੰਘ ਸੰਘਾ ਨੇ ਚਰਚਾ ਨੂੰ ਅੱਗੇ ਵਧਾਉਂਦੇ ਹੋਏ ਕੌਂਕੇ ਦੀ ਕਵਿਤਾ ਦੇ ਵੱਖ-ਵੱਖ ਪਹਿਲੂਆਂ ‘ਤੇ ਗੱਲ ਕੀਤੀ।

ਡਾ. ਗੁਰਵਿੰਦਰ ਅਮਨ ਪ੍ਰਧਾਨ ਲੋਕ ਸਾਹਿਤ ਸੰਗਮ, ਰਾਜਪੁਰਾ ਨੇ ਵਧਾਈ ਦਿੰਦੇ ਹੋਏ ਕਿਹਾ ਕਿ ਕੌਂਕੇ ਪ੍ਰੋੜ ਕਵੀ ਤੇ ਪ੍ਰਗਤੀਸ਼ੀਲ ਵਿਚਾਰਧਾਰਾ ਨੂੰ ਪ੍ਰਣਾਏ ਹੋਏ ਹਨ ਉਨ੍ਹਾਂ ਲੋਕ ਸਾਹਿਤ ਅਕਾਦਮੀ (ਰਜਿ.) ਮੋਗਾ ਨੂੰ ਵਧੀਆ ਸਮਾਗਮ ਕਰਵਾਉਣ ਦੀ ਵਧਾਈ ਦਿੱਤੀ। ਅਮਰਜੀਤ ਕੌਂਕੇ ਨੇ ਆਪਣੀ ਸਿਰਜਣ ਪ੍ਰਕਿਰਿਆ ਬਾਰੇ ਗੱਲ ਕਰਦਿਆਂ ਆਪਣੀਆਂ ਤਿੰਨ ਚਾਰ ਕਵਿਤਾਵਾਂ ਸੁਣਾ ਕੇ ਸਰੋਤਿਆਂ ਤੋਂ ਕਾਫ਼ੀ ‘ਵਾਹ-ਵਾਹ’ ਖੱਟੀ। ਸਟੇਜ ਦੀ ਕਾਰਵਾਈ ਨੌਜਵਾਨ ਸ਼ਾਇਰ ਚਰਨਜੀਤ ਸਮਾਲਸਰ ਨੇ ਬਾਖ਼ੂਬੀ ਚਲਾਈ। ਪ੍ਰਧਾਨ ਅਸ਼ੋਕ ਚੱਟਾਨੀ ਨੇ ਆਏ ਹੋਏ ਸਾਹਿਤਕਾਰਾਂ ਦਾ ਧੰਨਵਾਦ ਕੀਤਾ। ਲੋਕ ਸਾਹਿਤ ਅਕਾਦਮੀ (ਰਜਿ.) ਮੋਗਾ ਵੱਲੋਂ ਕਵੀ ਅਮਰਜੀਤ ਕੋਂਕੇ ਦਾ ਲੋਈ ਅਤੇ ਮੈਮੇਂਟੋ ਨਾਲ਼ ਸਨਮਾਨ ਵੀ ਕੀਤਾ ਗਿਆ।

ਦੂਜੇ ਸੈਸ਼ਨ ਸ਼ੁਰੂਆਤ ਕਾਮਰੇਡ ਜੀਤ ਦੇ ਗੀਤ ਨਾਲ ਹੋਈ। ਜਿਸ ਵਿੱਚ ਡਾ. ਸੁਰਜੀਤ ਬਰਾੜ ਘੋਲੀਆ ਦਾ ਚੌਥਾ ਨਾਵਲ ‘ ਕਾਲੀ ਕੰਬਲੀ’, ਗੁਰਸ਼ਰਨ ਕੌਰ ਮੋਗਾ ਦੀ ਕਿਤਾਬ ‘ਅਸੀਂ ਹਾਂ ਰੁੱਖ ਪੰਜਾਬ ਦੇ’, ਏਕਮ ਦੀ ਕਹਾਣੀਆਂ ਦੀ ਪਲੇਠੀ ਪੁਸਤਕ ‘ਨੀਨਿਆ’, ਪ੍ਰਤਿਮਾਨ ਦਾ 85 ਵਾਂ ਅਤੇ ਲੋਹਮਣੀ ਦਾ 70 ਵਾਂ ਅੰਕ ਲੋਕ ਅਰਪਣ ਕੀਤਾ ਗਿਆ।

ਕਵੀ ਦਰਬਾਰ ਵਿਚ ਨਰਿੰਦਰ ਰੋਹੀ, ਸੋਨੀ ਮੋਗਾ,ਤਰਸੇਮ ਲੰਡੇ, ਪ੍ਰੇਮ ਕੁਮਾਰ, ਪ੍ਰਸ਼ੋਤਮ ਪੱਤੋ, ਡਾਕਟਰ ਸਰਬਜੀਤ ਕੌਰ ਬਰਾੜ, ਕਰਮਜੀਤ ਕੌਰ ਲੰਡੇਕੇ, ਜੰਗੀਰ ਸਿੰਘ ਖੋਖਰ,ਹੈਪੀ ਸ਼ਾਇਰ,ਹਰਵਿੰਦਰ ਸਿੰਘ ਬਿਲਾਸਪੁਰ, ਜਸਵੰਤ ਰਾਊਕੇ, ਜਸਵੰਤ ਗਿੱਲ ਸਮਾਲਸਰ, ਕੁਲਵਿੰਦਰ ਸਿੰਘ ‌ਦਿਲਗੀਰ, ਅਮਰੀਕ ਸਿੰਘ ਸੈਦੋਕੇ, ਨਛੱਤਰ ਸਿੰਘ ਪ੍ਰੇਮੀ, ਕੁਲਵਿੰਦਰ ਵਿਰਕ, ਕਵੀ ਜੀਤ ਜਗਪਾਲ ਗਾਜੀਆਣਾ,ਯਸ਼ ਪੱਤੋ, ਪ੍ਰਿਤਪਾਲ ਜ਼ੀਰਾ, ਮੇਜਰ ਸਿੰਘ ਕਾਲੇਕੇ ਅਤੇ ਬਲਵਿੰਦਰ ਕੈਂਥ ਨੇ ਆਪੋ ਆਪਣੀਆਂ ਕਵਿਤਾਵਾਂ ਸੁਣਾਈਆਂ। ਇਸ ਤੋਂ ਇਲਾਵਾ ਸਮਾਗਮ ਵਿੱਚ ਹਰਨੇਕ ਸਿੰਘ ਰੋਡੇ, ਨਵਨੀਤ ਸੇਖਾ,ਪ੍ਰਿੰਸੀਪਲ ਰਣਧੀਰ ਸਿੰਘ ਗਿੱਲ,ਗਿਆਨ ਸਿੰਘ ਡੀਪੀਆਰਓ,ਨਾਟਕਕਾਰ ਮੋਹੀ ਅਮਰਜੀਤ, ਵਿਵੇਕ ਕੋਟ ਈਸੇ ਖਾਂ, ਪਰਮਜੀਤ ਚੂੜਚੱਕ, ਕਵੀ ਬਲਦੇਵ ਸਿੰਘ ਢਿੱਲੋ, ਕੁਲਦੀਪ ਸਿੰਘ ਮੋਗਾ, ਹਰਭਜਨ ਸਿੰਘ ਨਾਗਰਾ,ਗੁਰਮੀਤ ਰੱਖਰਾ ਕੜਿਆਲ ਅਤੇ ਬਲਵੀਰ ਸਿੰਘ ਪਰਦੇਸੀ ਹਾਜ਼ਰ ਸਨ।

 

Media PBN Staff

Media PBN Staff

Leave a Reply

Your email address will not be published. Required fields are marked *