ਕਿਸਾਨਾਂ ਦੀਆਂ ਨੁਕਸਾਨੀਆਂ ਫਸਲਾਂ ਦੇ ਮੁਆਵਜੇ ਲਈ ਏਡੀਸੀ ਨੂੰ ਦਿੱਤਾ ਮੰਗ ਪੱਤਰ
ਫਾਜ਼ਿਲਕਾ (ਪਰਮਜੀਤ ਢਾਬਾਂ)
ਅੱਜ ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਸੁਰਿੰਦਰ ਢੰਡੀਆਂ ਅਤੇ ਭਾਰਤੀ ਕਮਿਊਨਿਸਟ ਪਾਰਟੀ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਹੰਸ ਰਾਜ ਗੋਲਡਨ ਦੀ ਅਗਵਾਈ ਵਿੱਚ ਏਡੀਸੀ ਡਾਕਟਰ ਮਨਜੀਤ ਕੌਰ ਨੂੰ ਮੰਗ ਪੱਤਰ ਦਿੱਤਾ।
ਕਾਮਰੇਡ ਢੰਡੀਆਂ ਅਤੇ ਕਾਮਰੇਡ ਗੋਲਡਨ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਫ਼ਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਕਰੀਬ 40-50 ਪਿੰਡਾਂ ਵਿੱਚ ਮੀਂਹ ਦੇ ਪਾਣੀ ਨਾਲ ਹੜ੍ਹ ਆਉਣ ਕਾਰਨ ਫਸਲਾਂ ਦਾ ਵੱਡਾ ਨੁਕਸਾਨ ਹੋਇਆ ਹੈ।
ਉਹਨਾਂ ਕਿਹਾ ਕਿ ਕਿਸਾਨਾਂ ਦੀਆਂ ਨੁਕਸਾਨੀਆਂ ਫਸਲਾਂ ਦਾ ਪ੍ਰਤੀ ਏਕੜ ਮੁਆਵਜਾ 1 ਲੱਖ ਰੁਪਏ ਦਿੱਤਾ ਜਾਵੇ,ਢਹਿ ਢੇਰੀ ਹੋਏ ਘਰਾਂ ਦਾ 2 ਲੱਖ ਰੁਪਏ ਦਾ ਤੂਰੰਤ ਮੁਆਵਜਾ ਦਿੱਤਾ ਜਾਵੇ।
ਉਹਨਾਂ ਕਿਹਾ ਕਿ ਮੀਂਹ ਦੇ ਪਾਣੀ ਨਾਲ ਤਕਰੀਬਨ ਹਰ ਸਾਲ ਇਹਨਾਂ ਪਿੰਡਾਂ ਦੇ ਵਿੱਚ ਨੁਕਸਾਨ ਹੁੰਦਾ ਰਹਿੰਦਾ ਹੈ। ਇਹਨਾਂ ਪਿੰਡਾਂ ਦੇ ਪੱਕੇ ਹੱਲ ਲਈ ਵੱਡੇ ਸੇਮ ਨਾਲੇ ਬਣਾ ਕੇ ਮੀਂਹ ਦਾ ਪਾਣੀ ਦਰਿਆ ਵੱਲ ਕੱਢਿਆ ਜਾਵੇ,ਤਾਂ ਜੋ ਇਸ ਤਰ੍ਹਾਂ ਦੀਆਂ ਆਫ਼ਤਾਂ ਤੋਂ ਬਚਿਆ ਜਾ ਸਕੇ।
ਇਸ ਮੌਕੇ ਪਹੁੰਚੇ ਛੋਟੇ ਕਿਸਾਨਾਂ ਨੇ ਮੰਗ ਕੀਤੀ ਕਿ ਅਜੇ ਵੀ ਕਈ ਥਾਵਾਂ ਤੇ ਕਈ ਧਨਾੜ ਕਿਸਾਨਾਂ ਵੱਲੋਂ ਪਾਣੀ ਰੋਕ ਕੇ ਰੱਖਿਆ ਹੋਇਆ ਹੈ, ਜਿਸ ਨਾਲ ਉਹਨਾਂ ਦੀ ਫਸਲ ਦਾ ਨੁਕਸਾਨ ਹੋ ਰਿਹਾ। ਰੁਕੇ ਹੋਏ ਪਾਣੀ ਨੂੰ ਅੱਗੇ ਚਲਦਾ ਕੀਤਾ ਜਾਵੇ।
ਇਸ ਮੌਕੇ ਸੀਪੀਆਈ ਦੇ ਬਲਾਕ ਸੰਮਤੀ ਮੈਂਬਰ ਕਾਮਰੇਡ ਸ਼ੁਬੇਗ ਝੰਗੜ ਭੈਣੀ, ਕਾਮਰੇਡ ਭਜਨ ਲਾਲ ਫ਼ਾਜ਼ਿਲਕਾ, ਕਾਮਰੇਡ ਗੁਰਦਿਆਲ ਢਾਬਾਂ, ਕਾਮਰੇਡ ਕ੍ਰਿਸ਼ਨ ਧਰਮ ਵਾਲਾ, ਕਾਮਰੇਡ ਹਰਭਜਨ ਛੱਪੜੀ ਵਾਲਾ, ਕੁਲਦੀਪ ਬਖੁਸ਼ਹ,ਕ੍ਰਿਸ਼ਨ ਲਾਲ ਰਿਣਵਾ ਬਾਰੇ ਕਾ, ਪ੍ਰੇਮ ਗੁਲਾਮ ਰਸੂਲ, ਅਸ਼ੋਕ ਸੈਦੋ ਕਾ ਹਿਠਾੜ, ਹੁਸ਼ਿਆਰ ਕਾਵਾਂ ਵਾਲੀ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਿਰ ਸਨ।

