Teacher Protest: ਪੰਜਾਬ ਦੇ ਕੰਪਿਊਟਰ ਅਧਿਆਪਕਾਂ ਦਾ ਭਗਵੰਤ ਮਾਨ ਸਰਕਾਰ ਵਿਰੁੱਧ ਵੱਡਾ ਐਲਾਨ, CM ਦੇ ਸ਼ਹਿਰ ‘ਚ ਕਰਨਗੇ ਸੂਬਾਈ ਰੈਲੀ
Teacher Protest: ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਵੱਲੋਂ ਮੁੱਖ ਮੰਤਰੀ ਪੰਜਾਬ ਦੇ ਸ਼ਹਿਰ ਸੰਗਰੂਰ ਵਿਖੇ 17-08-2025 ਨੂੰ ਕੀਤੀ ਜਾ ਰਹੀ ਹੈ ਸੂਬਾ ਪੱਧਰੀ ਰੈਲੀ
Teacher Protest: ਕੰਪਿਊਟਰ ਅਧਿਆਪਕ ਯੂਨੀਅਨ ਜਿਲ੍ਹਾ ਫਿਰੋਜਪੁਰ, ਦੀ ਇੱਕ ਅਹਿਮ ਮੀਟਿੰਗ ਸੀਨੀਅਰ ਮੀਤ ਪ੍ਰਧਾਨ ਪੰਜਾਬ ਹਰਜੀਤ ਸਿੰਘ ਸੰਧੂ ਅਤੇ ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ ਦਵਿੰਦਰ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਫਿਰੋਜ਼ਪੁਰ ਵਿਖੇ ਹੋਈ।
ਮੀਟਿੰਗ ਵਿੱਚ ਕੰਪਿਊਟਰ ਅਧਿਆਪਕਾਂ ਦੀਆਂ ਲੰਮੇਂ ਸਮੇਂ ਤੋਂ ਲੰਬਿਤ ਮੰਗਾਂ ਨੂੰ ਹੱਲ ਕਰਵਾਉਣ ਲਈ ਵਿਚਾਰ ਚਰਚਾ ਕੀਤੀ ਗਈ ਅਤੇ ਭਵਿੱਖ ਦੀ ਰਣਨੀਤੀ ਉਲੀਕੀ ਗਈ।
ਜਿਸ ਵਿੱਚ ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਵੱਲੋਂ ਪਹਿਲਾਂ ਕੀਤੇ ਗਏ ਫੈਂਸਲੇ ਅਨੁਸਾਰ ਮਿਤੀ 17-08-2025 ਨੂੰ ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਵੱਲੋਂ ਮੁੱਖ ਮੰਤਰੀ ਪੰਜਾਬ ਦੇ ਸ਼ਹਿਰ ਸੰਗਰੂਰ ਵਿਖੇ ਸੂਬਾ ਪੱਧਰੀ ਰੈਲੀ ਕੀਤੀ ਜਾ ਰਹੀ ਹੈ।
ਜਿਸ ਵਿੱਚ ਵੱਧ ਤੋਂ ਵੱਧ ਕੰਪਿਊਟਰ ਅਧਿਆਪਕਾਂ ਦੀ ਸ਼ਮੂਲੀਅਤ ਕਰਵਾਉਣ ਲਈ ਜ਼ਿਲ੍ਹਾ ਕਮੇਟੀ ਦੇ ਆਗੂਆਂ ਦੀ ਡਿਊਟੀ ਲਗਾਈ ਗਈ ਅਤੇ ਸਮੂਹ ਕਾਡਰ ਨੂੰ ਅਪੀਲ ਕੀਤੀ ਗਈ ਕਿ ਜਥੇਬੰਦੀ ਵੱਲੋਂ ਦਿੱਤੇ ਹਰ ਐਕਸ਼ਨ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕੀਤੀ ਜਾਵੇ।
ਕੰਪਿਊਟਰ ਅਧਿਆਪਕਾਂ (Teacher) ਵੱਲੋਂ ਆਪਣੇ ਨਿਯੁਕਤੀ ਆਰਡਰ ਪੂਰਨ ਰੂਪ ਵਿੱਚ ਲਾਗੂ ਕਰਵਾਉਣ ਅਤੇ ਵਿਭਾਗ ਵਿੱਚ ਮਰਜਿੰਗ ਲਈ ਜਥੇਬੰਦੀ ਵੱਲੋਂ ਵੱਡੇ ਪੱਧਰ ਤੇ ਸੰਘਰਸ਼ ਕੀਤਾ ਜਾਵੇਗਾ।
ਇਸ ਮੀਟਿੰਗ ਵਿੱਚ ਕੰਪਿਊਟਰ ਅਧਿਆਪਕਾਂ ਨੂੰ ਸਕੂਲ ਅਤੇ ਵਿਭਾਗ ਪੱਧਰ ਤੇ ਆ ਰਹੀਆਂ ਦਰਪੇਸ਼ ਮੁਸ਼ਕਲਾਂ ਤੇ ਵਿਸਥਾਰ ਸਹਿਤ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਦੇ ਨਾਲ ਹੀ ਕੰਪਿਊਟਰ ਅਧਿਆਪਕਾਂ ਦੀਆਂ ਸਰਕਾਰ ਅਤੇ ਅਫ਼ਸਰਸ਼ਾਹੀ ਪੱਧਰ ਤੇ ਲਟਕਦੀਆਂ ਆ ਰਹੀਆਂ ਮੰਗਾਂ ਤੇ ਵੀ ਵਿਸਥਾਰ ਵਿੱਚ ਚਰਚਾ ਕੀਤੀ ਗਈ।
ਜਨਰਲ ਸਕੱਤਰ ਫਿਰੋਜਪੁਰ ਰਵੀ ਇੰਦਰ ਸਿੰਘ ਗਿੱਲ ਅਤੇ ਸਰਵਜੋਤ ਸਿੰਘ ਮੁੱਤੀ ਸੀਨੀਅਰ ਮੀਤ ਪ੍ਰਧਾਨ ਫਿਰੋਜ਼ਪੁਰ ਨੇ ਦੱਸਿਆ ਕਿ ਕੰਪਿਊਟਰ ਅਧਿਆਪਕਾਂ ਨਾਲ ਸਰਕਾਰਾਂ ਸਦਾ ਤੋਂ ਹੀ ਵਿਤਕਰਾ ਕਰਦੀਆਂ ਰਹੀਆਂ ਹਨ ਅਤੇ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਕੰਪਿਊਟਰ ਅਧਿਆਪਕਾਂ (Teacher) ਨੂੰ ਅਣਗੌਲਿਆ ਕਰ ਰੱਖਿਆ ਹੈ।
ਸਰਕਾਰੀ ਸਕੂਲਾਂ ਦੇ ਵਿੱਚ ਰੀੜ ਦੀ ਹੱਡੀ ਦੇ ਤੌਰ ਤੇ ਕੰਮ ਕਰ ਰਹੇ ਕੰਪਿਊਟਰ ਅਧਿਆਪਕਾਂ ਨੂੰ ਅਜੇ ਤੱਕ ਰੈਗੂਲਰ ਹੋਣ ਦੇ ਬਾਵਜੂਦ ਵੀ ਸੀਐਸਆਰ ਰੂਲ ਨਹੀਂ ਦਿੱਤੇ ਗਏ ਅਤੇ ਨਾ ਹੀ ਛੇਵਾਂ ਪੇ ਕਮਿਸ਼ਨ ਲਾਗੂ ਕੀਤਾ ਗਿਆ ਹੈ।
ਕੰਪਿਊਟਰ ਅਧਿਆਪਕ ਯੂਨੀਅਨ ਲੰਬੇ ਸਮੇਂ ਤੋਂ ਇਹਨਾਂ ਮੰਗਾਂ ਨੂੰ ਪੂਰਾ ਕਰਵਾਉਣ ਲਈ ਸੰਘਰਸ਼ ਕਰਦੀ ਆ ਰਹੀ ਹੈ ਅਤੇ ਜੇਕਰ ਸਰਕਾਰ ਨੇ ਅਜੇ ਵੀ ਡੰਗ-ਟਪਾਊ ਨੀਤੀ ਹੀ ਅਪਣਾਈ ਰੱਖੀ ਤਾਂ ਆਉਣ ਵਾਲੇ ਸਮੇਂ ਵਿੱਚ ਸਰਕਾਰ ਨੂੰ ਤਿੱਖੇ ਸੰਘਰਸ਼ ਦਾ ਸਾਹਮਣਾ ਕਰਨਾ ਪਵੇਗਾ।
ਆਗੂਆਂ ਨੇ ਦੱਸਿਆ ਕਿ ਡਬਲ ਬੈਂਚ ਹਾਈਕੋਰਟ ਤੋਂ ਵੀ ਕੰਪਿਊਟਰ ਅਧਿਆਪਕਾਂ (Teacher) ਦੇ ਹੱਕ ਵਿੱਚ ਜੱਜਮੈਂਟ ਆ ਚੁੱਕੀ ਹੈ ਪਰ ਸਰਕਾਰ ਅਤੇ ਅਫਸਰਸ਼ਾਹੀ ਵੱਲੋਂ ਉਸ ਨੂੰ ਲਾਗੂ ਕਰਨ ਲਈ ਅਜੇ ਤੱਕ ਕੋਈ ਠੋਸ ਕਦਮ ਨਹੀਂ ਚੁੱਕਿਆ। ਸਰਕਾਰ ਨਾਲ ਅਣਗਿਣਤ ਮੀਟਿੰਗਾਂ ਦੇ ਬਾਵਜੂਦ ਵੀ ਅਜੇ ਤੱਕ ਕੋਈ ਠੋਸ ਹੱਲ ਨਹੀਂ ਕੱਢਿਆ ਗਿਆ।
ਯੂਨੀਅਨ ਆਗੂਆਂ ਨੇ ਸਰਕਾਰ ਨੂੰ ਤਿੱਖੇ ਸੰਘਰਸ਼ ਦੀ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਜਲਦ ਕੰਪਿਊਟਰ ਅਧਿਆਪਕਾਂ (Teacher) ਨੂੰ ਪੂਰੇ ਲਾਭਾਂ ਸਮੇਤ ਸਿੱਖਿਆ ਵਿਭਾਗ ਦੇ ਵਿੱਚ ਸ਼ਿਫਟ ਨਹੀਂ ਕੀਤਾ ਜਾਂਦਾ ਤਾਂ ਵੱਡੇ ਪੱਧਰ ਤੇ ਸੰਘਰਸ਼ ਕੀਤਾ ਜਾਵੇਗਾ ਤੇ ਜਿਸ ਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਅਤੇ ਅਫਸਰਸ਼ਾਹੀ ਦੀ ਹੋਵੇਗੀ।
ਇਸ ਮੀਟਿੰਗ ਵਿੱਚ ਰੋਹਿਤ ਸ਼ਰਮਾ, ਮਨੀਸ਼ ਕੁਮਾਰ, ਇੰਦਰਜੀਤ ਸਿੰਘ ਕਲਸੀ, ਗਗਨਦੀਪ ਸਿੰਘ ਗਿੱਲ, ਸ਼ਮਸ਼ੇਰ ਸਿੰਘ, ਅਜੇ ਕੁਮਾਰ, ਸਤਨਾਮ ਸਿੰਘ, ਹਰਪਾਲ ਸਿੰਘ, ਹਰਪ੍ਰੀਤ ਸਿੰਘ, ਜਗਦੀਪ ਸਿੰਘ ਸੰਜੀਵ ਮਨਚੰਦਾ, ਮੁਕੇਸ਼ ਚੌਹਾਨ, ਅਮਨਦੀਪ ਬੱਤਰਾ, ਪ੍ਰਿਤਪਾਲ ਸਿੰਘ, ਮਿਸਾਲ ਧਵਨ, ਸਤੀਸ਼ ਕੁਮਾਰ, ਅਮਿਤ ਬਾਰੀਆ, ਹਰਬੰਸ ਸਰਾਰੀ, ਵੰਦਨਾ ਮੈਡਮ, ਕਮਲਾ ਮੈਡਮ, ਰਿੰਪੀ ਮੈਡਮ, ਕਿਰਨ ਮੈਡਮ, ਪ੍ਰੀਤੀ ਮੈਡਮ, ਅਤੇ ਹੋਰ ਵੱਡੀ ਗਿਣਤੀ ਵਿੱਚ ਕੰਪਿਊਟਰ ਅਧਿਆਪਕ ਸ਼ਾਮਿਲ ਹੋਏ।

