Education News: ਪੰਜਾਬ ਸਰਕਾਰ ਵੱਲੋਂ ਅਣਗੌਲੇ ਅਣਏਡਿਡ ਅਧਿਆਪਕਾਂ ਨੇ ਕੀਤਾ ਵੱਡਾ ਐਲਾਨ
ਰੋਹਿਤ ਗੁਪਤਾ, ਗੁਰਦਾਸਪੁਰ
Education News: ਅਨਏਡਿਡ ਅਧਿਆਪਕ ਫ਼ਰੰਟ ਪੰਜਾਬ ਸਾਰੇ ਜਿਲ੍ਹਾ ਪ੍ਰਧਾਨਾਂ ਦੀ ਮੀਟਿੰਗ ਸਟੇਟ ਪ੍ਰਧਾਨ ਨਿਰਭੈ ਸਿੰਘ ਜਹਾਂਗੀਰ ਅਤੇ ਉਪ ਪ੍ਰਧਾਨ ਸੁਖਚੈਨ ਸਿੰਘ ਜੌਹਲ ਦੀ ਨੁਮਾਇੰਦਗੀ ਹੇਠ ਹੋਈ।
ਜਿਸ ਵਿਚ ਯੂਨੀਅਨ ਨੇ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਨੂੰ ਤੇਜ ਕਰਨ ਅਤੇ ਪਿਛਲੇ ਲੰਬੇ ਸਮੇਂ ਤੋਂ ਸਰਕਾਰ ਵਲੋਂ ਅਣਗੌਲੇ ਜਾਣ ਦੀ ਨੀਤੀ ਤੋਂ ਨਿਰਾਸ਼ ਯੂਨੀਅਨ ਨੇ ਭਵਿੱਖ ਲਈ ਰਣਨੀਤੀ ਘੜਨ ਲਈ ਵਿਚਾਰ ਚਰਚਾ ਕੀਤੀ।
ਵੱਖ ਵੱਖ ਜ਼ਿਲ੍ਹਿਆਂ ਦੇ ਪ੍ਰਧਾਨਾਂ ਨੇ ਇਸ ਗੱਲ ਤੇ ਸਹਿਮਤੀ ਪ੍ਰਗਟ ਕੀਤੀ ਕਿ ਸਰਕਾਰ ਨਾਲ ਕੀਤੀਆਂ ਗਈਆਂ ਵੱਖ ਵੱਖ ਦੌਰ ਦੀ ਮੀਟਿੰਗਾਂ ਜਿਥੇ ਕੋਰੀ ਲਾਰੇਬਾਜੀ ਅਤੇ ਡੰਗ ਟੱਪਾਊ ਸਾਬਿਤ ਹੋਈਆਂ ਓਥੇ ਸਰਕਾਰ ਨੇ ਸਮਾਂ ਵੀ ਬਰਬਾਦ ਕੀਤਾ।
ਇਸ ਲਈ ਇੱਕ ਵਾਰ ਫਿਰ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਹੁਣ ਸਰਕਾਰ ਦੇ ਹਰ ਵਿਧਾਇਕ ਅਤੇ ਮੰਤਰੀ ਦਾ ਪਿੰਡ ਪੱਧਰ ਤੋਂ ਲੈ ਕੇ ਜਿਲ੍ਹਾ ਪੱਧਰ ਤੇ ਹਰ ਥਾਂ ਵਿਰੋਧ ਕੀਤਾ ਜਾਵੇਗਾ।
ਜਿਸ ਦੀ ਸ਼ੁਰੂਆਤ ਅੱਜ ਤੋਂ ਕਰ ਦਿੱਤੀ ਗਈ ਹੈ। ਸਰਕਾਰੀ ਸਮਾਗਮਾਂ ਦੌਰਾਨ ਜਿਲ੍ਹਾ ਪੱਧਰ ਤੇ ਵੱਡੀ ਗਿਣਤੀ ਵਿਚ ਰੋਸ ਪ੍ਰਦਰਸ਼ਨ ਕਰਕੇ ਆਮ ਜਨਤਾ ਤੱਕ ਸਰਕਾਰ ਦੀਆਂ ਨੀਤੀਆਂ ਦੀ ਪੋਲ ਖੋਲੀ ਜਾਵੇਗੀ ਕਿ ਕਿਸ ਤਰਾਂ ਆਪਣੇ ਆਪ ਨੂੰ ਆਮ ਆਦਮੀ ਦੀ ਸਰਕਾਰ ਵਲੋਂ ਹਰ ਆਮ ਆਦਮੀ ਦੀਆਂ ਮੰਗਾਂ ਅਤੇ ਹੱਕਾਂ ਨੂੰ ਕੁਚਲਿਆ ਜਾ ਰਿਹਾ ਹੈ।
ਆਗੂਆਂ ਨੇ ਦੱਸਿਆ ਕਿ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੋ ਆਪਣੇ ਆਪ ਨੂੰ ਜਨਤਾ ਦਾ ਸੇਵਕ ਦੱਸਦੇ ਹਨ ਉਹਨਾਂ ਕੋਲ ਸਾਡੀਆਂ ਮੰਗਾਂ ਨੂੰ ਇੱਕ ਮੀਟਿੰਗ ਦੇ ਕੇ ਸੁਨਣ ਦਾ ਵੀ ਸਮਾਂ ਨਹੀਂ ਮਿਲ ਰਿਹਾ।

