“ਅਦਬੀ ਮੇਲਾ 2024 ਸਾਊਥ ਹਾਲ, ਲੰਡਨ” ਦੀ ਰੂਪ-ਰੇਖਾ ਜਾਰੀ
ਪੰਜਾਬ ਨੈੱਟਵਰਕ, ਚੰਡੀਗੜ੍ਹ-
ਏਸ਼ਿਆਈ ਸਾਹਿਤਕ ਅਤੇ ਸੱਭਿਆਚਾਰਕ ਫੋਰਮ ਯੂ. ਕੇ. ਵੱਲੋਂ ਮਰਹੂਮ ਸ਼ਾਇਰ ਸੁਰਜੀਤ ਪਾਤਰ ਨੂੰ ਸਮਰਪਿਤ “ਅਦਬੀ ਮੇਲਾ 2024” ਦੀ ਰੂਪ-ਰੇਖਾ ਜਾਰੀ ਕਰ ਦਿੱਤੀ ਗਈ ਹੈ। ਸੰਸਥਾ ਦੇ ਪ੍ਰਮੁੱਖ ਅਹੁਦੇਦਾਰ ਅਜ਼ੀਮ ਸ਼ੇਖਰ, ਰਾਜਿੰਦਰਜੀਤ, ਅਬੀਰ ਬੁੱਟਰ ਨੇ ਸਾਂਝੇ ਤੌਰ ‘ਤੇ ਦੱਸਿਆ ਕਿ 20 ਜੁਲਾਈ 2024 ਨੂੰ ਉਦਘਾਟਨੀ ਸੈਸ਼ਨ ਸਵੇਰੇ 11 ਵਜੇ ਤੋਂ 1 ਵਜੇ ਤਕ ਹੋਵੇਗਾ।
ਸਭ ਤੋਂ ਪਹਿਲਾਂ ਅਜ਼ੀਮ ਸ਼ੇਖਰ ਵੱਲੋਂ ਸਵਾਗਤੀ ਸ਼ਬਦ ਬੋਲੇ ਜਾਣਗੇ। ਮੇਲੇ ਦਾ ਆਗਾਜ਼, “ਪੰਜਾਬੀ ਲੋਕ ਰੰਗ”(ਲੰਮੀ ਹੇਕ ਦੇ ਗੀਤ) ਨਾਲ਼ ਹੋਵੇਗਾ।ਇਸ ਉਪਰੰਤ ਉੱਘੇ ਵਿਦਵਾਨ ਡਾ.ਜਸਵਿੰਦਰ ਸਿੰਘ ਵੱਲੋਂ ਮੁੱਖ ਭਾਸ਼ਨ ਦਿੱਤਾ ਜਾਵੇਗਾ। ਇਸ ਤੋਂ ਬਾਅਦ,” ਅਸੀਸ” ਦੌਰਾਨ ਬਾਬਾ ਨਜ਼ਮੀ ਤੇ ਸੰਤੋਖ ਧਾਲੀਵਾਲ ਸੰਬੋਧਨ ਕਰਨਗੇ; ਇਸ ਸੈਸ਼ਨ ਦਾ ਸੰਚਾਲਨ ਦਲਵੀਰ ਕੌਰ ਕਰਨਗੇ। 1 ਤੋਂ 2 ਵਜੇ ਤਕ ਚਿੰਤਨੀ ਸੈਸ਼ਨ” ਹੋਵੇਗਾ।ਇਸ ਵਿਚ ਡਾ. ਕੁਲਦੀਪ ਦੀਪ,ਡਾ. ਧਨਵੰਤ ਕੌਰ ਗੱਲਬਾਤ ਕਰਨਗੇ। ਸੰਚਾਲਨ ਗੁਰਨਾਮ ਗਰੇਵਾਲ,ਸੰਯੋਜਨ ਦਰਸ਼ਨ ਬੁਲੰਦਵੀ ਹੋਣਗੇ। ਬਰੇਕ 2 ਤੋਂ 2.30 ਵਜੇ ਰਹੇਗੀ।
ਤੀਜਾ ਸੈਸ਼ਨ 2.30 ਤੋਂ 6 ਵਜੇ ਤਕ ਹੋਵੇਗਾ; ਇਹ ਸੈਸ਼ਨ ਦਾ ਪਹਿਲਾ ਭਾਗ ਸੁਰ-ਸੰਗੀਤ ਦਾ ਹੋਵੇਗਾ, ਜਿਸ ਵਿਚ ਨੇਹਾ ਡੋਗਰਾ ਪ੍ਰਮੁੱਖ ਭੂਮਿਕਾ ਨਿਭਾਉਣਗੇ। “ਤਾਸਮਨ” ਦਾ ਪ੍ਰਵਾਸੀ ਅੰਕ ਵੀ ਇਸੇ ਸੈਸ਼ਨ ਵਿਚ ਲੋਕ ਅਰਪਨ ਕੀਤਾ ਜਾਵੇਗਾ।
ਇਸੇ ਸੈਸ਼ਨ ਵਿਚ 3.30 ਤੋਂ 6 ਵਜੇ ਤਕ ਅੰਤਰਰਾਸ਼ਟਰੀ ਕਵੀ ਦਰਬਾਰ ਕਰਵਾਇਆ ਜਾਵੇਗਾ; ਜਿਸ ਵਿਚ ਭਾਰਤ,ਕੈਨੇਡਾ,ਅਮਰੀਕਾ, ਸਪੇਨ, ਸਵੀਡਨ,ਪਾਕਿਸਤਾਨ ਆਦਿ ਦੇਸ਼ਾਂ ਤੋਂ ਕਵੀ ਕਵਿਤਾ ਪਾਠ ਕਰਨਗੇ; ਇਸ ਦਾ ਸੰਚਾਲਨ ਮਨਜੀਤ ਪੁਰੀ ਤੇ ਪਰਮਜੀਤ ਦਿਓਲ ਕਰਨਗੇ।ਇਸ ਉਪਰੰਤ “ਰੰਗਮੰਚ ਦਾ ਰੰਗ” ਅਧੀਨ 6.15 ਵਜੇ ਅਨੀਤਾ ਸ਼ਬਦੀਸ਼ ਦੁਆਰਾ ਨਾਟਕ “ਗੁਮਸ਼ੁੰਦਾ ਔਰਤ” ਖੇਡਿਆ ਜਾਵੇਗਾ; ਇਸ ਦਾ ਸੰਚਾਲਨ ਰੂਪ ਦਵਿੰਦਰ ਕੌਰ ਵੱਲੋਂ ਕੀਤਾ ਜਾਵੇਗਾ।
ਦੂਸਰੇ ਦਿਨ, 21 ਜੁਲਾਈ 2024 ਨੂੰ “ਸਮਕਾਲ ਅਤੇ ਪੰਜਾਬੀ ਅਦਬ” ਸਿਰਲੇਖ ਅਧੀਨ- ਸਮਕਾਲ ਅਤੇ ਪੰਜਾਬੀ ਕਵਿਤਾ, ਸਮਕਾਲ ਅਤੇ ਪੰਜਾਬੀ ਗਲਪ, ਸਮਕਾਲ ਅਤੇ ਪੰਜਾਬੀ ਨਾਟਕ, ਰੰਗਮੰਚ ਤੇ ਸਿਨੇਮਾ ‘ਤੇ ਸਮਾਗਮ ਰਚਾਏ ਜਾਣਗੇ। “ਵਾਹਗੇ ਦੇ ਆਰ-ਪਾਰ” ਤਹਿਤ ਸੰਵਾਦ ਰਚਾਇਆ ਜਾਵੇਗਾ ਜਿਸ ਦਾ ਸੰਯੋਜਨ ਦਰਸ਼ਨ ਢਿੱਲੋਂ ਵੱਲੋਂ ਕੀਤਾ ਜਾਵੇਗਾ ਤੇ ਆਖ਼ਰੀ ਸੈਸ਼ਨ ਸੁਰ-ਸੰਗੀਤ ਦੌਰਾਨ ਉੱਘੇ ਗਾਇਕ ਮਾਣਕ ਅਲੀ ਆਪਣਾ ਗਾਇਣ ਪੇਸ਼ ਕਰਨਗੇ; ਇਸ ਦਾ ਸੰਯੋਜਨ ਸਿਕੰਦਰ ਬਰਾੜ ਕਰਨਗੇ; ਇਸ ਦਾ ਸਮਾਂ 7.30 ਤੋਂ 8.30 ਵਜੇ ਤਕ ਹੋਵੇਗਾ, ਇਸ ਨਾਲ਼ ਹੀ ਮੇਲੇ ਦਾ ਸਮਾਪਨ ਹੋਵੇਗਾ।