CPI ਦੇ ਮਹਾਂ ਸੰਮੇਲਨ ਦੀਆਂ ਤਿਆਰੀਆਂ ਵਜੋਂ ਕਾਮਰੇਡਾਂ ਵੱਲੋਂ ਸ਼ਹੀਦੀ ਸਮਾਰਕ ਹੁਸੈਨੀਵਾਲਾ ਤੋਂ ਜਥਾ ਮਾਰਚ ਰਵਾਨਾ

All Latest NewsNews FlashPunjab News

 

ਸੀ ਪੀ ਆਈ ਦਾ ਇਤਿਹਾਸ ਸ਼ਾਨਾਮੱਤਾ ਅਤੇ ਪ੍ਰਾਪਤੀਆਂ ਭਰਿਆ ਹੈ :- ਜਗਰੂਪ, ਸੋਹਲ

ਹੁਸੈਨੀਵਾਲਾ/ਫਿਰੋਜ਼ਪੁਰ ( ਪਰਮਜੀਤ ਢਾਬਾਂ )

21 ਸਤੰਬਰ ਤੋਂ 25 ਸਤੰਬਰ 2025 ਵਿੱਚ ਚੰਡੀਗੜ੍ਹ ਵਿਖ਼ੇ ਭਾਰਤੀ ਕਮਿਊਨਿਸਟ ਪਾਰਟੀ ਦੇ ਹੋ ਰਹੇ 25ਵੇਂ ਮਹਾਂ ਸੰਮੇਲਨ ਦੀਆਂ ਤਿਆਰੀਆਂ ਵਜੋਂ ਇਥੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਸਮਾਰਕ ਹੁਸੈਨੀਵਾਲਾ ਤੋਂ ਸੈਂਕੜੇ ਪਾਰਟੀ ਵਰਕਰਾਂ ਅਤੇ ਆਮ ਲੋਕਾਂ ਵੱਲੋਂ ਸ਼ਹੀਦਾਂ ਨੂੰ ਨਤਮਸਤਕ ਹੋ ਕੇ ਇਕ ਵਿਸ਼ੇਸ਼ ਜਥਾ ਮਾਰਚ ਰਵਾਨਾ ਕੀਤਾ ਗਿਆ, ਜੋ 7 ਦਿਨ 6 ਜ਼ਿਲ੍ਹਿਆਂ ਫਿਰੋਜ਼ਪੁਰ, ਫਾਜ਼ਿਲਕਾ, ਸ਼੍ਰੀ ਮੁਕਤਸਰ ਸਾਹਿਬ, ਫਰੀਦਕੋਟ, ਮੋਗਾ ਅਤੇ ਲੁਧਿਆਣਾ ਦੇ ਵੱਖ ਵੱਖ ਪਿੰਡਾਂ, ਸ਼ਹਿਰਾਂ, ਕਸਬਿਆਂ ਅਤੇ ਗਲੀ ਮੁਹਲਿਆਂ ਵਿੱਚ ਮਹਾਂ ਸੰਮੇਲਨ ਦਾ ਸੁਨੇਹਾ ਲੈ ਕੇ, ਆਮ ਲੋਕਾਂ ਅਤੇ ਪਾਰਟੀ ਵਰਕਰਾਂ ਨੂੰ ਜਾਗਰੂਕ ਕਰੇਗਾ।

ਇਸ ਜਥੇ ਮਾਰਚ ਦੀ ਅਗਵਾਈ ਸੀ ਪੀ ਆਈ ਦੇ ਜਿਲ੍ਹਾ ਫਿਰੋਜ਼ਪੁਰ ਦੇ ਸਕੱਤਰ ਕਾਮਰੇਡ ਕਸ਼ਮੀਰ ਸਿੰਘ, ਫਾਜ਼ਿਲਕਾ ਦੇ ਸਕੱਤਰ ਕਾਮਰੇਡ ਹੰਸ ਰਾਜ ਗੋਲਡਨ, ਮੁਕਤਸਰ ਦੇ ਜਿਲ੍ਹਾ ਸਕੱਤਰ ਕਾਮਰੇਡ ਹਰਲਾਭ ਦੁਹੇਵਾਲ ਅਤੇ ਮੋਗਾ ਦੇ ਜਿਲ੍ਹਾ ਸਕੱਤਰ ਕਾਮਰੇਡ ਕੁਲਦੀਪ ਭੋਲਾ ਨੇ ਕੀਤੀ। ਇਸ ਜਥਾ ਮਾਰਚ ਵਿੱਚ ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਕਾਮਰੇਡ ਜਗਰੂਪ ਸਿੰਘ,ਕਾਮਰੇਡ ਨਰਿੰਦਰ ਕੌਰ ਸੋਹਲ ਅਤੇ ਕਾਮਰੇਡ ਸੁਖਜਿੰਦਰ ਮਹੇਸ਼ਰੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਇਸ ਮੌਕੇ ਜਥੇ ਮਾਰਚ ਨੂੰ ਰਵਾਨਾ ਕਰਨ ਸਮੇਂ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕੌਮੀ ਆਗੂਆਂ ਕਾਮਰੇਡ ਜਗਰੂਪ ਅਤੇ ਨਰਿੰਦਰ ਕੌਰ ਨੇ ਕਿਹਾ ਕਿ ਭਾਰਤੀ ਕਮਿਊਨਿਸਟ ਪਾਰਟੀ ਦਾ 100 ਸਾਲਾਂ ਦਾ ਇਤਿਹਾਸ ਬਹੁਤ ਹੀ ਸ਼ਾਨਾ ਮੱਤਾ ਅਤੇ ਪ੍ਰਾਪਤੀਆਂ ਭਰਿਆ ਹੈ। ਉਹਨਾਂ ਜਿਕਰ ਕਰਦਿਆਂ ਕਿਹਾ ਕਿ ਦੇਸ਼ ਵਿੱਚ ਗਰੀਬਾਂ ਅਤੇ ਆਮ ਲੋਕਾਂ ਨੂੰ ਮਿਲੀਆਂ ਸਹੂਲਤਾਂ ਅਤੇ ਲੋਕ ਪੱਖੀ ਕਾਨੂੰਨ ਭਾਰਤੀ ਕਮਿਊਨਿਸਟ ਪਾਰਟੀ ਦੀ ਹੀ ਦੇਣ ਹੈ।

ਸੀ ਪੀ ਆਈ ਦੀ ਅਗਵਾਈ ਵਿਚ ਹੁਣ ਤੱਕ ਸੈਂਕੜੇ ਸੰਘਰਸ਼ ਲੜੇ ਗਏ ਹਨ ਅਤੇ ਸ਼ਾਨਦਾਰ ਜਿੱਤਾਂ ਪ੍ਰਾਪਤ ਕੀਤੀਆਂ ਗਈਆਂ ਹਨ, ਜਿਸ ਵਿਚ ਤੇਲੰਗਾਨਾ ਕਿਸਾਨ ਸੰਘਰਸ਼, ਨੇਵੀਂ ਦੀ ਬਗਾਵਤ, ਵਿਦਿਆਰਥੀਆਂ ਦਾ ਸੰਘਰਸ਼ ਆਦਿ ਗਿਣਨਯੋਗ ਹਨ। ਕਾਮਰੇਡ ਆਗੂਆਂ ਨੇ ਅੱਗੇ ਕਿਹਾ ਕਿ ਭਾਰਤੀ ਕਮਿਊਨਿਸਟ ਪਾਰਟੀ ਦਾ ਚੰਡੀਗੜ੍ਹ ਵਿੱਚ ਹੋ ਰਿਹਾ 25ਵਾਂ ਮਹਾਂ ਸੰਮੇਲਨ ਦੇਸ਼ ਵਿੱਚ ਲਾਲ ਝੰਡੇ ਦੀ ਸ਼ਾਖ ਨੂੰ ਹੋਰ ਉੱਚਾ ਚੁੱਕੇਗਾ।

ਕਾਮਰੇਡ ਆਗੂਆਂ ਨੇ ਅਪੀਲ ਕਰਦਿਆਂ ਕਿਹਾ ਕਿ ਮਹਾਂ ਸੰਮੇਲਨ ਦੇ ਪਹਿਲੇ ਦਿਨ ਮੋਹਾਲੀ ਵਿੱਚ ਕੀਤੀ ਜਾ ਰਹੀ ਮਹਾਂ ਰੈਲੀ ਵਿੱਚ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਹਰ ਇਕ ਨੂੰ ਸ਼ਾਮਲ ਹੋਣਾ ਚਾਹੀਦਾ ਹੈ। ਇਸ ਮੌਕੇ ਸਰਬ ਭਾਰਤ ਨੌਜਵਾਨ ਸਭਾ ਦੇ ਕੌਮੀ ਜਨਰਲ ਸਕੱਤਰ ਸਾਥੀ ਸੁਖਜਿੰਦਰ ਮੇਹਸ਼ਰੀ ਨੇ ਕਿਹਾ ਕਿ ਸੀ ਪੀ ਆਈ ਦਾ ਮਹਾਂ ਸੰਮੇਲਨ ਪੰਜਾਬ ਵਿੱਚ ਉਦੋਂ ਹੋ ਰਿਹਾ ਹੈ,ਜਦੋਂ ਪੰਜਾਬ ਸਮੇਤ ਦੇਸ਼ ਵਿੱਚ ਬੇਰੁਜ਼ਗਾਰੀ ਸਾਰੀਆਂ ਹੱਦਾਂ ਬੰਨੇ ਟੱਪ ਚੁੱਕੀ ਹੈ ਅਤੇ ਦੇਸ਼ ਦੇ ਹਾਕਮ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਵਿੱਚ ਪੂਰੀ ਤਰ੍ਹਾਂ ਨਾਕਾਮ ਹਨ ਅਤੇ ਜਾਣਬੁੱਝ ਕੇ ਨੌਜਵਾਨਾਂ ਨੂੰ ਗੁਮਰਾਹ ਕਰ ਰਹੇ ਹਨ, ਉਦੋਂ ਇਹ ਮਹਾਂ ਸੰਮੇਲਨ ਦੇਸ਼ ਵਿੱਚੋਂ ਬੇਰੁਜ਼ਗਾਰੀ ਨੂੰ ਖ਼ਤਮ ਕਰਨ ਵਾਲੇ ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ (ਬਨੇਗਾ) ਨੂੰ ਦੇਸ਼ ਦੀ ਪਾਰਲੀਮੈਂਟ ਵਿੱਚੋਂ ਪਾਸ ਕਰਵਾਉਣ ਦਾ ਸੱਦਾ ਦੇਵੇਗਾ।

ਇਹ ਮਹਾਂ ਸੰਮੇਲਨ ਸਿੱਖਿਆ, ਸਿਹਤ, ਪਾਣੀ ਅਤੇ ਵਾਤਾਵਰਨ ਸੰਭਾਲ ਦੀ ਪ੍ਰਾਪਤੀ ਖੇਡਾਂ ਨੂੰ ਉਤਸ਼ਾਹ ਕਰਨ ਅਤੇ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਵੀ ਆਵਾਜ਼ ਬੁਲੰਦ ਕਰੇਗਾ। ਇਸ ਮੌਕੇ ਵੱਖ ਵੱਖ ਜ਼ਿਲ੍ਹਿਆਂ ਦੇ ਸਕੱਤਰ ਕਾਮਰੇਡ ਕਸ਼ਮੀਰ ਸਿੰਘ ਫਿਰੋਜ਼ਪੁਰ, ਕਾਮਰੇਡ ਹੰਸ ਰਾਜ ਗੋਲਡਨ ਫਾਜ਼ਿਲਕਾ, ਕਾਮਰੇਡ ਕੁਲਦੀਪ ਭੋਲਾ ਮੋਗਾ ਅਤੇ ਕਾਮਰੇਡ ਹਰਲਾਭ ਦੁਹੇਵਾਲ ਮੁਕਤਸਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਵਿੱਚ ਅਤੇ ਪੰਜਾਬ ਵਿੱਚ ਲੋਕਾਂ ਦੀਆਂ ਰੋਜ਼ਮਰਾ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ ਅਤੇ ਸਮੇਂ ਦੀਆਂ ਸਰਕਾਰਾਂ ਨੇ ਸਰਮਾਏਦਾਰੀ ਧਿਰ ਦੇ ਹਿੱਤ ਦੇ ਕਾਨੂੰਨ ਬਣਾ ਕੇ ਲੋਕ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ।

ਉਹਨਾਂ ਅੱਗੇ ਕਿਹਾ ਕਿ ਇਹਨਾਂ ਹਾਲਾਤਾਂ ਵਿੱਚ ਸਿਰਫ ਤੇ ਸਿਰਫ ਭਾਰਤੀ ਕਮਿਊਨਿਸਟ ਪਾਰਟੀ ਨੇ ਹੀ ਲੋਕ ਪੱਖੀ ਸੰਘਰਸ਼ ਲੜੇ, ਜਿੱਤੇ ਅਤੇ ਲੜ ਰਹੀ ਹੈ। ਉਹਨਾਂ ਇਹ ਵੀ ਕਿਹਾ ਅੱਜ ਦੇਸ਼ ਅਤੇ ਪੰਜਾਬ ਦੇ ਲੋਕ ਹੁਣ ਜਾਗ ਚੁੱਕੇ ਹਨ ਅਤੇ ਇਹਨਾਂ ਸਰਮਾਏ ਦਾਰੀ ਪਾਰਟੀਆਂ ਦੀਆਂ ਨੀਤੀਆਂ ਬਾਰੇ ਜਾਣ ਚੁੱਕੇ ਹਨ ਅਤੇ ਹੁਣ ਲਾਲ ਝੰਡੇ ਤੋਂ ਉਮੀਦ ਲਾ ਲਾਲ ਝੰਡਾ ਚੁੱਕ ਰਹੇ ਅਤੇ ਹੁਣ ਉਹ ਦਿਨ ਦੂਰ ਨਹੀਂ ਜਦੋਂ ਲਾਲ ਝੰਡਾ ਆਮ ਲੋਕਾਂ ਲਈ ਲੋਕਾਂ ਦਾ ਰਾਜ ਸਥਾਪਿਤ ਕਰੇਗਾ।

ਇਸ ਜਥਾ ਮਾਰਚ ਮੌਕੇ ਹੋਰਨਾਂ ਤੋਂ ਇਲਾਵਾ ਜੀਤ ਕੁਮਾਰ ਚੌਹਾਣਾ, ਪਰਮਜੀਤ ਢਾਬਾਂ, ਬਲਵੰਤ ਚੌਹਾਣਾ, ਕਾਮਰੇਡ ਰਸ਼ਪਾਲ ਸਿੰਘ, ਕਾਮਰੇਡ ਗੁਰਦਿੱਤ ਸਿੰਘ, ਕਾਮਰੇਡ ਸੁਖਦੇਵ ਭੋਲਾ, ਕਾਮਰੇਡ ਸਿਕੰਦਰ ਸਿੰਘ, ਸਰਬ ਭਾਰਤ ਨੌਜਵਾਨ ਸਭਾ ਦੀ ਸੂਬਾ ਪ੍ਰਧਾਨ ਕਰਮਵੀਰ ਕੌਰ ਬੱਧਣੀ, ਸੂਬਾ ਸਕੱਤਰ ਚਰਨਜੀਤ ਸਿੰਘ ਛਾਂਗਾ ਰਾਏ, ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਸੂਬਾ ਸਕੱਤਰ ਜਗਸੀਰ ਖੋਸਾ, ਗੁਰਨਾਮ ਸਿੰਘ ਰਾਓ ਕੇ,ਰਾਜ ਕੁਮਾਰ ਬਹਾਦਰ ਕੇ,ਭਾਰਤੀ ਕਮਿਊਨਿਸਟ ਪਾਰਟੀ ਦੇ ਕੰਟਰੋਲ ਕਮਿਸ਼ਨ ਮੈਂਬਰ ਅਤੇ ਬਲਾਕ ਨਿਹਾਲ ਸਿੰਘ ਵਾਲਾ ਦੇ ਸਕੱਤਰ, ਕਾਮਰੇਡ ਜਗਜੀਤ ਸਿੰਘ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਦੇ ਸਕੱਤਰ ਕੁਲਦੀਪ ਸਿੰਘ ਭੋਲਾ, ਬਲਾਕ ਮੋਗਾ-2 ਦੇ ਸਕੱਤਰ ਕਾਮਰੇਡ ਸ਼ੇਰ ਸਿੰਘ ਸਰਪੰਚ,ਸੂਰਤ ਸਿੰਘ ਧਰਮਕੋਟ,ਗੁਰਮੇਲ ਸਿੰਘ ਦੋਦਾ,ਚੰਬਾ ਸਿੰਘ,ਬੋਹੜ ਸਿੰਘ, ਕਾ ਮਹਿੰਦਰ ਸਿੰਘ ਧੂੜਕੋਟ, ਕਾ ਸੁਖਦੇਵ ਸਿੰਘ ਭੋਲਾ,ਕਾ ਜਗਸੀਰ ਸਿੰਘ ਖੋਸਾ,ਕਾ ਗੁਰਦਿੱਤ ਸਿੰਘ ਦੀਨਾ,ਕਾ ਕਰਮਵੀਰ ਕੌਰ ਬੱਧਨੀ,ਕਾ ਸਿਕੰਦਰ ਸਿੰਘ ਮਧੇਕੇ,ਕਾ ਸਤਵੰਤ ਸਿੰਘ ਖੋਟੇ ਅਤੇ ਡਾ ਇੰਦਰਵੀਰ ਗਿੱਲ,ਸਵਰਾਜ ਖੋਸਾ ਵੀ ਹਾਜ਼ਰ ਸਨ।

 

Media PBN Staff

Media PBN Staff

Leave a Reply

Your email address will not be published. Required fields are marked *