ਅਹਿਮ ਖ਼ਬਰ: ਮੁੱਖ ਮੰਤਰੀ ਮਾਨ ਦੇ OSD ਨਾਲ ਮੈਰੀਟੋਰੀਅਸ ਟੀਚਰਜ਼ ਯੂਨੀਅਨ ਦੀ ਹੋਈ ਮੀਟਿੰਗ, ਪੜ੍ਹੋ ਕੀ ਮਿਲਿਆ ਭਰੋਸਾ
ਮੁੱਖ ਮੰਤਰੀ ਮਾਨ ਦੇ OSD ਨਾਲ ਮੈਰੀਟੋਰੀਅਸ ਟੀਚਰਜ਼ ਯੂਨੀਅਨ ਦੀ ਹੋਈ ਮੀਟਿੰਗ- ਓ.ਐੱਸ ਡੀ ਨਵਰਾਜ ਬਰਾੜ ਨੇ ਮੁੱਖ ਮੰਤਰੀ ਮਾਨ ਦੀ ਮੀਟਿੰਗ ਜਲਦ ਕਰਾਉਣ ਦਾ ਦਿੱਤਾ ਭਰੋਸਾ
ਨਤੀਜੇ ਵੀ ਬਿਹਤਰ ਫਿਰ ਵੀ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਨ ਤੋਂ ਦੇਰੀ ਕਿਓਂ : ਸੂਬਾ ਪ੍ਰਧਾਨ ਡਾ. ਟੀਨਾ
ਤਨਖਾਹ ਵਾਧੇ ਨਾਮਾਤਰ ਪਿਛਲੇ ਲੰਮੇ ਸਮੇਂ ਦੇ ਬਕਾਏ ਵੀ ਰੋਕੇ ਗਏ : ਸੀਨੀਅਰ ਮੀਤ ਪ੍ਰਧਾਨ ਵਿਪਨੀਤ ਕੌਰ
ਜੇਕਰ ਮੰਗਾਂ ਜਲਦ ਪੂਰੀਆਂ ਨਾ ਹੋਈਆਂ ਤਾਂ ਤਿੱਖੇ ਸੰਘਰਸ਼ ਲਈ ਹੋਵਾਂਗੇ ਮਜ਼ਬੂਰ : ਵਿੱਤ ਸਕੱਤਰ ਰਾਕੇਸ਼ ਕੁਮਾਰ
ਚੰਡੀਗੜ੍ਹ
ਮੁੱਖ ਮੰਤਰੀ ਦੀ ਰਿਹਾਇਸ਼ ਚੰਡੀਗੜ੍ਹ ਵਿਖੇ ਮੈਰੀਟੋਰੀਅਸ ਟੀਚਰਜ਼ ਯੂਨੀਅਨ ਪੰਜਾਬ ਦੀ ਮੀਟਿੰਗ ਮੁੱਖ ਮੰਤਰੀ Bhagwant Mann ਦੇ ਓ. ਐੱਸ.ਡੀ ਨਵਰਾਜ ਬਰਾੜ ਨਾਲ ਹੋਈ।
ਮੈਰੀਟੋਰੀਅਸ ਟੀਚਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਡਾ. ਟੀਨਾ ਨੇ ਜਾਣੂ ਕਰਵਾਇਆ ਕਿ ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕ ਗਰੀਬ ਘਰਾਂ ਦੇ ਬੱਚਿਆਂ ਨੂੰ ਪੜ੍ਹਾ ਲਿਖਾ ਕੇ ਉੱਚ ਕੋਟੀ ਦੇ ਅਫ਼ਸਰ ਬਣਾ ਰਹੇ ਹਨ।
ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਮੈਰੀਟੋਰੀਅਸ ਸਕੂਲਾਂ ਦੇ ਵਿਦਿਆਰਥੀਆਂ ਦੇ ਨਤੀਜੇ ਬਹੁਤ ਅਹਿਮ ਜਿਵੇਂ ਕਿ ਜੇਈਈ ਦੀ ਪ੍ਰੀਖਿਆ ਵਿੱਚ 131 ਵਿਦਿਆਰਥੀ, ਜੇਈਈ ਐਡਵਾਂਸਡ ਵਿੱਚੋਂ 21 ਵਿਦਿਆਰਥੀ, ਨੀਟ ਵਿੱਚੋਂ 211, ਸੀ.ਐੱਮ.ਏ ਵਿੱਚੋਂ 145 ਵਿਦਿਆਰਥੀ ਸਫ਼ਲ ਹੋਏ, ਇਸੇ ਤਰ੍ਹਾਂ ਬਾਰ੍ਹਵੀਂ ਬੋਰਡ ਵਿੱਚੋਂ 37 ਮੈਰਿਟਾਂ , ਦਸਵੀਂ ਬੋਰਡ ਵਿੱਚੋਂ 11 ਮੈਰਿਟਾਂ ਆਈਆਂ । ਸਿੱਖਿਆ ਦੇ ਨਾਮ ਤੇ ਸੱਤਾ ਵਿੱਚ ਆਈ ਮੌਜੂਦਾ ਸਰਕਾਰ ਸਾਡੇ ਨਤੀਜਿਆਂ ਦੀ ਕਦਰ ਨਹੀਂ ਕਰ ਰਹੀ।
ਮੈਰੀਟੋਰੀਅਸ ਅਧਿਆਪਕਾਂ ਦੀਆਂ ਮੰਗਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ, ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਨ ਸੰਬੰਧੀ ਲਾਰੇ ਤੇ ਲਾਰੇ ਲਾਏ ਜਾ ਰਹੇ ਹਨ, ਪਹਿਲਾਂ ਵਾਲੀਆਂ ਸਰਕਾਰਾਂ ਨੇ ਧਿਆਨ ਨਾ ਦਿੱਤਾ ਓਹੀ ਵਿਤਕਰਾ ਹੁਣ ਮੌਜੂਦਾ ਸਰਕਾਰ ਨੇ ਅਪਣਾਇਆ ਹੈ।
ਸੀਨੀਅਰ ਮੀਤ ਪ੍ਰਧਾਨ ਵਿਪਨੀਤ ਕੌਰ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਤਨਖਾਹ ਵਾਧੇ ਵੀ ਨਾਮਾਤਰ ਹੋਏ। ਲੰਮੇ ਸਮੇਂ ਤੋਂ ਰੁਕੇ ਬਕਾਏ ਜਾਰੀ ਨਹੀਂ ਕੀਤੇ ਗਏ। ਮੁੱਖ ਮੰਤਰੀ ਖ਼ੁਦ ਇਹਨਾਂ ਸਕੂਲਾਂ ਦੇ ਪ੍ਰੈਜ਼ੀਡੈਂਟ ਹਨ ਤੇ ਸਿੱਧੇ ਤੌਰ ਤੇ ਇਹ ਸਕੂਲ ਉਹਨਾਂ ਦੇ ਅਧੀਨ ਹਨ।
ਓ.ਐਸ.ਡੀ ਨਵਰਾਜ ਬਰਾੜ ਨੇ ਕਿਹਾ ਕਿ ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕਾਂ ਦੀਆਂ ਮੰਗਾਂ ਜਾਇਜ਼ ਹਨ, ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਮੈਰੀਟੋਰੀਅਸ ਸਕੂਲਾਂ ਦੀ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਨ ਦੀ ਮੰਗ ਤੇ ਹੋਰ ਮੰਗਾਂ ਪ੍ਰਤੀ ਸਾਰਾ ਮਾਮਲਾ ਉਹਨਾਂ ਦੇ ਧਿਆਨ ਵਿੱਚ ਲਿਆਉਣਗੇ ਤੇ ਜਲਦ ਮੰਗਾਂ ਹੱਲ ਕਰਵਾਉਣਗੇ।
ਯੂਨੀਅਨ ਦੀ ਮੰਗ ‘ਤੇ ਇਸ ਸੰਬੰਧੀ ਉਹਨਾਂ ਕਿਹਾ ਕਿ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਉਹਨਾਂ ਦੇ ਬਿਹਤਰ ਨਤੀਜਿਆਂ ਤੇ ਅਹਿਮ ਮੰਗਾਂ ਨੂੰ ਵੇਖਦੇ ਹੋਏ ਜਲਦ ਮੀਟਿੰਗ ਵੀ ਕਰਵਾਈ ਜਾਵੇਗੀ ਤਾਂ ਕਿ ਪਹਿਲ ਆਧਾਰਿਤ ਮੰਗਾਂ ਨੂੰ ਹੱਲ ਕੀਤਾ ਜਾ ਸਕੇ।
ਵਿੱਤ ਸਕੱਤਰ ਰਾਕੇਸ਼ ਕੁਮਾਰ ਨੇ ਜਾਣਕਾਰੀ ਪ੍ਰਦਾਨ ਕਰਦਿਆਂ ਕਿਹਾ ਕਿ ਜੇਕਰ ਅਜੇ ਵੀ ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਨ ਤੋਂ ਦੇਰੀ ਕੀਤੀ ਗਈ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ ਤੇ ਜਿਸਦੇ ਜੋ ਵੀ ਸਿੱਟੇ ਹੋਣਗੇ ਉਸ ਲਈ ਨਿਰੋਲ ਪੰਜਾਬ ਸਰਕਾਰ ਜ਼ੁੰਮੇਵਾਰ ਹੋਵੇਗੀ। ਇਸ ਸਮੇਂ ਸੂਬਾ ਕਮੇਟੀ ਆਗੂ ਬੂਟਾ ਸਿੰਘ ਮਾਨ ਤੇ ਮਨਜੀਤ ਸਿੰਘ ਵੀ ਹਾਜ਼ਰ ਰਹੇ।

