Flood News: ਪੰਜਾਬ ਦੇ ਹੜ੍ਹਾਂ ਨੇ ਭਗਵੰਤ ਮਾਨ ਸਰਕਾਰ ਦੀ ਪੂਰੀ ਨਾਕਾਮੀ ਕੀਤੀ ਬੇਨਕਾਬ
ਲੁਧਿਆਣਾ
ਰਾਸ਼ਟਰੀ ਭਾਜਪਾ ਨੇਤਾ ਸੁੱਖਮਿੰਦਰਪਾਲ ਸਿੰਘ ਗਰੇਵਾਲ ਭੂਖੜੀ ਕਲਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਾਲ ਹੀ ਦੇ ਹੜ੍ਹਾਂ ਦੌਰਾਨ ਪੂਰੀ ਤਰ੍ਹਾਂ ਬੇਨਕਾਬ ਹੋ ਗਈ ਹੈ ਅਤੇ ਇਹ ਸਰਕਾਰ ਲੋਕਾਂ ਲਈ ਇਕ ਵੱਡੀ ਤਰਾਸਦੀ ਸਾਬਤ ਹੋਈ ਹੈ।
ਗਰੇਵਾਲ ਨੇ ਕਿਹਾ ਕਿ ਜਦੋਂ ਪੰਜਾਬ ਪਾਣੀ ਵਿਚ ਡੁੱਬ ਰਿਹਾ ਸੀ ਅਤੇ ਲੋਕ ਮਦਦ ਲਈ ਪੁਕਾਰ ਰਹੇ ਸਨ, ਉਸ ਵੇਲੇ ਮੁੱਖ ਮੰਤਰੀ ਤਾਮਿਲਨਾਡੂ ਵਿਚ ਸੈਰ-ਸਪਾਟੇ ਕਰ ਰਿਹਾ ਸੀ ਅਤੇ ਸਾਰੇ ਪੰਜਾਬ ਨੂੰ ਬੇਸਹਾਰਾ, ਲਾਚਾਰ ਤੇ ਬਿਨਾ ਨੇਤ੍ਰਤਵ ਦੇ ਛੱਡ ਗਿਆ ਸੀ।
ਉਨ੍ਹਾਂ ਕਿਹਾ ਕਿ ਨਾ ਕੋਈ ਵਾਰ ਰੂਮ ਬਣਾਇਆ ਗਿਆ, ਨਾ ਕੋਈ ਡਿਜ਼ਾਸਟਰ ਮੈਨੇਜਮੈਂਟ ਸੈਲ ਸਰਗਰਮ ਕੀਤਾ ਗਿਆ, ਨਾ ਕੋਈ ਰੋਜ਼ਾਨਾ ਕੈਬਨਿਟ ਮੀਟਿੰਗ ਹੋਈ, ਨਾ ਕੋਈ ਜ਼ਿੰਮੇਵਾਰ ਮੰਤਰੀ ਨਿਯੁਕਤ ਕੀਤਾ ਗਿਆ ਅਤੇ ਨਾ ਹੀ ਲੋਕਾਂ ਦੀ ਜਾਨ, ਪਸ਼ੂ-ਧਨ ਜਾਂ ਜਾਇਦਾਦ ਬਚਾਉਣ ਲਈ ਕੋਈ ਪਾਲਿਸੀ ਬਣਾਈ ਗਈ। ਗਰੇਵਾਲ ਨੇ ਦੱਸਿਆ ਕਿ ਜਦੋਂ ਗਾਵਾਂ-ਮੱਝਾਂ, ਬੱਕਰੀਆਂ ਅਤੇ ਲੋਕਾਂ ਦੀ ਖੂਨ-ਪਸੀਨੇ ਦੀ ਕਮਾਈ ਹੜ੍ਹ ਦੇ ਪਾਣੀ ਵਿਚ ਵਹਿ ਰਹੀ ਸੀ, ਉਸ ਵੇਲੇ ਸਰਕਾਰ ਪੂਰੀ ਤਰ੍ਹਾਂ ਗਾਇਬ ਸੀ।
ਉਨ੍ਹਾਂ ਕਿਹਾ ਕਿ ਆਮ ਲੋਕਾਂ, ਐਨਜੀਓਆਂ ਅਤੇ ਸਵੈਸੇਵਕਾਂ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਪੰਜਾਬ ਨੂੰ ਬਚਾਉਣ ਲਈ ਮੈਦਾਨ ਵਿਚ ਉਤਰ ਕੇ ਕੰਮ ਕੀਤਾ, ਪਰ ਸਰਕਾਰ ਨੇ ਸ਼ਰਮਨਾਕ ਢੰਗ ਨਾਲ ਆਪਣੀ ਜ਼ਿੰਮੇਵਾਰੀ ਛੱਡ ਦਿੱਤੀ।
ਗਰੇਵਾਲ ਨੇ ਕਿਹਾ ਕਿ ਪਾਣੀ ਛੱਡਣ ਤੋਂ ਪਹਿਲਾਂ ਲੋਕਾਂ ਨੂੰ ਇਕ ਵੀ ਢੰਗ ਦੀ ਚੇਤਾਵਨੀ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਾ ਤਾਂ ਰਾਹਤ ਕੈਂਪ ਲਗਾ ਸਕੀ, ਨਾ ਡਿਪਟੀ ਕਮਿਸ਼ਨਰਾਂ ਨੂੰ ਕੋਆਰਡੀਨੇਟ ਕਰ ਸਕੀ, ਨਾ ਮੈਡੀਕਲ ਟੀਮਾਂ ਭੇਜ ਸਕੀ, ਨਾ ਐਂਬੂਲੈਂਸਾਂ ਦੀ ਵਿਵਸਥਾ ਕਰ ਸਕੀ ਅਤੇ ਨਾ ਹੀ ਲੋਕਾਂ ਨੂੰ ਬੁਨਿਆਦੀ ਜਾਣਕਾਰੀ ਦੇ ਸਕੀ। ਉਨ੍ਹਾਂ ਦੱਸਿਆ ਕਿ ਇਸ ਵੱਡੀ ਤਰਾਸਦੀ ਦੌਰਾਨ ਇਕ ਵੀ ਗੰਭੀਰ ਕੈਬਨਿਟ ਮੀਟਿੰਗ ਨਹੀਂ ਹੋਈ।
ਗਰੇਵਾਲ ਨੇ ਕਿਹਾ ਕਿ ਸੱਚ ਬਿਲਕੁਲ ਸਾਫ਼ ਹੈ – ਇਹ ਸਰਕਾਰ ਤਾਸ਼ ਦੇ ਪੱਤਿਆਂ ਵਾਂਗ ਢਹਿ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਐਸੇ ਮਸਖਰਿਆਂ ਜਾਂ ਪਾਰਟ-ਟਾਈਮ ਸ਼ਾਸਕਾਂ ਦੀ ਲੋੜ ਨਹੀਂ ਜੋ ਸੰਕਟ ਦੇ ਸਮੇਂ ਭੱਜ ਜਾਂਦੇ ਹਨ, ਸਗੋਂ ਅਸਲੀ ਨੇਤਾਵਾਂ ਦੀ ਲੋੜ ਹੈ ਜੋ ਲੋਕਾਂ ਨਾਲ ਮੈਦਾਨ ਵਿਚ ਖੜ੍ਹੇ ਰਹਿਣ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਇਹ ਗੰਭੀਰ ਲਾਪਰਵਾਹੀ, ਗੈਰ-ਜ਼ਿੰਮੇਵਾਰੀ ਅਤੇ ਕਾਇਰਤਾ ਲੋਕਾਂ ਨਾਲ ਕੀਤਾ ਗਿਆ ਇਕ ਅਪਰਾਧਕ ਧੋਖਾ ਹੈ। ਗਰੇਵਾਲ ਨੇ ਕਿਹਾ ਕਿ ਪੰਜਾਬ ਨਾ ਇਸ ਨਾਕਾਮੀ ਨੂੰ ਮਾਫ਼ ਕਰੇਗਾ ਤੇ ਨਾ ਹੀ ਕਦੇ ਭੁੱਲੇਗਾ।

