Punjab News: ਪਹਿਲਾਂ ਜੰਗ ਅਤੇ ਹੁਣ ਹੜ੍ਹਾਂ ਨੇ ਸਰਹੱਦੀ ਲੋਕਾਂ ਦੀ ਜ਼ਿੰਦਗੀ ਸੂਲੀ ‘ਤੇ ਟੰਗੀ!
ਲਗਾਤਾਰ ਵੱਧ ਰਹੇ ਸਤਲੁਜ ਦਰਿਆ ‘ਚ ਪਾਣੀ ਨੇ ਸਰਹੱਦੀ ਖੇਤਰ ਦੇ ਲੋਕਾਂ ਦੀ ਜ਼ਿੰਦਗੀ ਸੂਲੀ ਤੇ ਟੰਗੀ!
ਸਰਹੱਦੀ ਲੋਕਾਂ ਨੂੰ ਜਿੱਦ ਛੱਡ ਕੇ ਕੈਂਪਾਂ ਵਿੱਚ ਆਉਣ ਦੀ ਲਗਾਤਾਰ ਕੀਤੀ ਜਾ ਰਹੀ ਅਪੀਲ
ਫਾਜ਼ਿਲਕਾ( ਪਰਮਜੀਤ ਢਾਬਾਂ)
ਸਤਲੁਜ ਦਰਿਆ ਦੇ ਪਾਣੀ ਵਧਣ ਨਾਲ ਹੜਾਂ ਦੀ ਮਾਰ ਦੀ ਵਧ ਰਹੀ ਸਥਿਤੀ ਨੇ ਹੁਣ ਸਰਹੱਦੀ ਲੋਕਾਂ ਦੀ ਜ਼ਿੰਦਗੀ ਜਿਉਣ ਲਈ ਵਜੂਦ ਦਾ ਸਵਾਲ ਖੜਾ ਕਰ ਦਿੱਤਾ ਹੈ। ਪਹਿਲਾ ਸਵਾਲ ਉਨਾਂ ਲਈ ਇਹ ਮੂੰਹ ਅੱਡੀ ਖੜਾ ਹੈ ਕਿ ਕੀ ਉਹ ਆਪਣੇ ਘਰਾਂ ਵਿੱਚ ਬੈਠੇ ਸੁਰੱਖਤ ਬਾਹਰ ਨਿਕਲ ਸਕਣਗੇ ਜਾਂ ਫਿਰ ਇਸੇ ਤਰ੍ਹਾਂ ਹੜਾਂ ਦੇ ਪਾਣੀ ਚ ਰੁੜ ਜਾਣਗੇ ਕਿਉਂਕਿ ਕੁਝ ਲੋਕ ਸਰਕਾਰਾਂ ਤੋਂ ਅੱਕੇ ਕੈਂਪਾਂ ਵਿੱਚ ਆਉਣ ਲਈ ਤਿਆਰ ਨਹੀਂ।
ਉਹਨਾਂ ਦਾ ਕਹਿਣਾ ਹੈ ਕਿ ਉਹ ਲਗਾਤਾਰ ਹੜਾਂ ਅਤੇ ਜੰਗਾਂ ਦੇ ਮਾਹੌਲ ਦਾ ਸੰਤਾਪ ਕੱਟਦੇ ਆ ਰਹੇ ਹਨ ਅਤੇ ਉਹਨਾਂ ਨੂੰ ਜਦੋਂ ਮੁਸੀਬਤ ਆਉਂਦੀ ਹੈ ਤਾਂ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਅਪੀਲਾਂ ਕੀਤੀਆਂ ਜਾਂਦੀਆਂ ਹਨ ਕਿ ਉਹ ਸੁਰੱਖਿਤ ਥਾਵਾਂ ਤੇ ਪਹੁੰਚ ਕੇ ਕੈਂਪਾਂ ਵਿੱਚ ਬੈਠ ਜਾਣ ਅਤੇ ਉਹਨਾਂ ਨੂੰ ਰਹਿਣ ਸਹਿਣ ਅਤੇ ਖਾਣ ਪੀਣ ਦੀ ਸਮਗਰੀ ਮੁਹਈਆ ਕਰਵਾਈ ਜਾਵੇਗੀ।
ਉਹ ਸਰਕਾਰਾਂ ਅਤੇ ਪ੍ਰਸ਼ਾਸਨ ਦੀ ਮਨ ਬੈਠਦੇ ਹਨ ਅਤੇ ਉਹਨਾਂ ਦੀ ਹਾਲਤ ਬਹੁਤ ਬੁਰੀ ਹੁੰਦੀ ਹੈ ਅਤੇ ਉਹਨਾਂ ਲਈ ਜ਼ਿੰਦਗੀ ਪਲ ਪਲ ਕੱਟਣੀ ਵੀ ਨਰਕ ਬਣ ਜਾਂਦੀ ਹੈ। ਉਹ ਇਹਨਾਂ ਕੈਂਪਾਂ ਵਿੱਚ ਮੰਗਤਿਆਂ ਦੀ ਤਰ੍ਹਾਂ ਮੰਗਦੇ ਖਾਂਦੇ ਅਤੇ ਖਾਣ ਪੀਣ ਦੀਆਂ ਵਸਤੂਆਂ ਦੀ ਉਡੀਕ ਕਰਦੇ ਰਹਿ ਜਾਂਦੇ ਹਨ। ਨਾ ਇਹਨਾਂ ਕੈਂਪਾਂ ਵਿੱਚ ਇੱਜ਼ਤ ਨਾਲ ਸੌਂਣ ਨੂੰ ਮਿਲਦਾ ਨਾ ਖਾਣ ਨੂੰ ਨਾ ਪਹਿਨਣ ਨੂੰ ਨਾ ਹੀ ਜ਼ਿੰਦਗੀ ਜਿਉਣ ਨੂੰ।
ਸਰਦੀ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਪ੍ਰਸ਼ਾਸਨ ਲੱਖ ਦਾਅਵੇ ਕਰੇ ਕਿ ਉਹ ਉਹਨਾਂ ਦੀ ਸੁਰੱਖਿਆ ਦਾ ਪੂਰੀ ਤਰ੍ਹਾਂ ਪ੍ਰਬੰਧ ਕਰ ਰਹੇ ਹਨ ਪ੍ਰੰਤੂ ਆਪਣੇ ਘਰਾਂ ਵਿੱਚੋਂ ਨਿਕਲ ਕੇ ਬਾਹਰ ਇੱਕ ਰਾਤ ਵੀ ਕੱਟਣੀ ਕਿਵੇਂ ਲੱਗਦੀ ਹੈ ਕੋਈ ਆਪਣੇ ਪਿੰਡੇ ਤੇ ਹੰਡਾ ਕੇ ਤਾਂ ਵੇਖੇ, ਬੰਦ ਜਵਾਨ ਪਸ਼ੂ ਨਾ ਚਾਰਾ ਮੰਗ ਸਕਦੇ ਹਨ ਨਾ ਰੋ ਸਕਦੇ ਹਨ ਉਹਨਾਂ ਦੀ ਹਾਲਤ ਵੀ ਸਰਦੀ ਲੋਕਾਂ ਤੋਂ ਦੇਖੀ ਨਹੀਂ ਜਾਂਦੀ।
ਪਿੰਡ ਗੇਲੇ ਵਾਲੇ ਦੇ ਲੋਕ ਤਾਂ ਇੱਥੋਂ ਤੱਕ ਕਹਿਣ ਲਈ ਮਜਬੂਰ ਹਨ ਕਿ ਉਹਨਾਂ ਨੂੰ ਭਾਵੇਂ ਕੁਝ ਨਾ ਮਿਲੇ ਪਰ ਭੁੱਖੇ ਮਰ ਰਹੇ ਉਹਨਾਂ ਦੇ ਪਸ਼ੂਆਂ ਲਈ ਚਾਰਾ ਤਾਂ ਭੇਜ ਦਿਓ। ਦੂਸਰਾ ਸਵਾਲ ਆਪਣੇ ਘਰਾਂ ਵਿੱਚ ਹੜਾਂ ਦੀ ਮਾਰ ਵਿੱਚ ਘਿਰ ਕੇ ਬੈਠੇ ਲੋਕਾਂ ਲਈ ਬਣਿਆ ਬੈਠਾ ਹੈ ਕਿ ਉਹ ਜਾਣ ਜਾਂ ਫਿਰ ਨਾ ਜਾਣ ਪ੍ਰਸਤੂ ਇਸ ਦੇ ਵਿਚਕਾਰ ਪਿੰਡ ਰੇਤੇ ਵਾਲੀ ਭੈਣੀ ਦੇ ਗ੍ਰੰਥੀ ਸਿੰਘ ਨੇ ਇੱਕ ਅਨਾਉਂਸਮੈਂਟ ਕਰਕੇ ਪੂਰੇ ਸਰਹੱਦੀ ਖੇਤਰ ਨੂੰ ਸੁਰੱਖਿਤ ਥਾਵਾਂ ਤੇ ਜਾਣ ਦੀ ਅਪੀਲ ਕੀਤੀ ਹੈ ਜੋ ਕਿ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਅਨਾਊਂਸਮੈਂਟ ਕਰਦਾ ਹੋਇਆ ਗ੍ਰੰਥੀ ਸਿੰਘ ਅਪੀਲ ਕਰ ਰਿਹਾ ਹੈ ਕਿ ਤੁਸੀਂ ਆਪਣੀ ਜਿੱਦ ਛੱਡ ਕੇ ਸੁਰੱਖਿਤ ਛਾਵਾਂ ਤੇ ਕੈਂਪਾਂ ਵਿੱਚ ਆ ਜਾਓ ਉਹ ਬਜ਼ੁਰਗਾਂ ਦਾ ਨਾਂ ਲੈਂਦਿਆਂ ਕਹਿ ਰਿਹਾ ਹੈ ਕਿ ਤੁਸੀਂ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਜਿੱਦ ਨਾ ਕਰੋ ਤੁਹਾਡੀ ਜਿੱਦ ਬੱਚਿਆਂ ਜਵਾਨਾਂ ਅਤੇ ਔਰਤਾਂ ਦੀ ਜਾਨ ਲੈ ਬੈਠੇਗੀ।
ਉਨਾਂ ਪਰਿਵਾਰਿਕ ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ ਜਿਹੜਾ ਬਜ਼ੁਰਗ ਜਿੱਦ ਕਰਦਾ ਹੈ ਉਹਨੂੰ ਉੱਥੇ ਹੀ ਛੱਡ ਆਓ ਆਪੇ ਰੁੜ ਪੁੜ ਜਾਵੇਗਾ ਪ੍ਰੰਤੂ ਤੁਸੀਂ ਆਪਣੇ ਬੱਚਿਆਂ ਨੂੰ ਬਚਾ ਲਓ। ਆਪਣੀ ਅਨਾਉਂਸਮੈਂਟ ਵਿੱਚ ਸਿੱਧੇ ਤੌਰ ਤੇ ਗ੍ਰੰਥੀ ਸਿੰਘ ਕਹਿੰਦਾ ਹੈ ਕਿ ਇਸ ਗੱਲ ਦਾ ਯਕੀਨ ਹੈ ਕਿ ਸਰਕਾਰਾਂ ਨੇ ਉਹਨਾਂ ਦੀ ਸਾਰ ਨਹੀਂ ਲੈਣੀ ਪ੍ਰੰਤੂ ਆਪਾਂ ਨੂੰ ਆਪਣੇ ਆਪ ਜਰੂਰ ਹੁਣ ਬਚਾਉਣ ਲਈ ਬਾਹਰ ਕੈਂਪਾਂ ਵਿੱਚ ਮਜ਼ਬੂਰੀ ਵਸ ਆਉਣਾ ਹੀ ਪੈਣਾ ਹੈ।
ਫਾਜ਼ਿਲਕਾ ਦੇ ਸਤਲੁਜ ਦਰਿਆ ਤੋਂ ਕਈ ਕਿਲੋਮੀਟਰ ਦੂਰ ਬੇਰੀ ਵਾਲਾ ਖੂਹ ਤੇ ਟੁੱਟੀ ਨਹਿਰ ਨੇ ਆਸ ਪਾਸ ਦੇ ਅੱਧੀ ਦਰਜਨ ਦੇ ਵੱਧ ਪਿੰਡਾਂ ਲਈ ਨਵੀਂ ਮੁਸੀਬਤ ਖੜੀ ਕਰ ਦਿੱਤੀ। ਲੋਕ ਆਪਣੇ ਸਾਧਨ ਲੈ ਕੇ ਅਤੇ ਮੁੱਲ ਵਾਲੇ ਸਾਧਨ ਕਰਕੇ ਬਣ ਨੂੰ ਬੰਨਣ ਲਈ ਮਜਬੂਰ ਹਨ। ਫਾਜ਼ਿਲਕਾ ਦੇ ਨਾਲ ਲੱਗਦੇ ਪਿੰਡ ਪੱਕਾ ਚਿਸਤੀ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਆਪਣੀ ਸੁਰੱਖਿਆ ਕਰਨ ਲਈ ਆਪ ਹੀ ਮਜ਼ਬੂਰ ਹਨ ਪ੍ਰਸ਼ਾਸਨ ਉਹਨਾਂ ਦਾ ਹਾਲ ਤੱਕ ਜਾਣਨ ਨਹੀਂ ਆਇਆ।
ਸਰਹੱਦੀ ਵਾਸੀ ਨਾਨਕ ਚੰਦ ਕਹਿੰਦਾ ਹੈ ਕਿ ਉਹਨਾਂ ਨੇ ਝਾੜੂ ਨੂੰ ਵੋਟਾਂ ਤੇ ਇਸ ਕਰਕੇ ਪਾਈਆਂ ਸੀ ਕਿ ਉਹਨਾਂ ਦੇ ਬੇਰੁਜ਼ਗਾਰ ਨੌਜਵਾਨਾਂ ਰੁਜ਼ਗਾਰ ਮਿਲੇਗਾ ਉਹਨਾਂ ਨੂੰ ਮੁਸੀਬਤਾਂ ਤੋਂ ਛੁਟਕਾਰਾ ਮਿਲੇਗਾ, ਪ੍ਰੰਤੂ ਸਮੇਂ ਸਿਰ ਸੇਮ ਨਾਾਲਿਆਂ ਦੀ ਖੁਦਾਈ ਨਾ ਹੋਣਾ ਸਤਲੁਈ ਦਰਿਆ ਨੂੰ ਸਾਫ ਨਾ ਕਰਨਾ ਪੂਰੇ ਜ਼ਿਲ੍ਹੇ ਲਈ ਵੱਡੀ ਮੁਸੀਬਤ ਨਹੀਂ ਤਬਾਹੀ ਬਣ ਗਈ ਹੈ ਜਿਸ ਦੀ ਸਿੱਧਾ ਜਿੰਮੇਵਾਰ ਪ੍ਰਸ਼ਾਸਨ ਅਤੇ ਸਰਕਾਰ ਹੈ।
ਸਰਹੱਦੀ ਪਿੰਡ ਲਾਧੂਕਾ ਦਾ ਰਹਿਣ ਵਾਲਾ ਕਿਸਾਨ ਸੁਖਦੀਪ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਦੀ ਲੱਖਾਂ ਰੁਪਏ ਦੀ ਇਹ ਫਸਲ ਦਾ ਤਬਾਹ ਹੋ ਗਈ ਹੁਣ ਕਣਕ ਬੀਜੇ ਜਾਣ ਦੀ ਵੀ ਕੋਈ ਉਮੀਦ ਨਹੀਂ ਬਚੀ। ਉਜੜ ਪੁੱਜੜ ਗਈਆਂ ਸਰਹੱਦੀ ਖੇਤਰ ਦੀਆਂ ਔਰਤਾਂ ਕਹਿ ਰਹੀਆਂ ਹਨ ਕਿ ਕਰਜ਼ੇ ਚੱਕ ਕੇ ਬਣਾਏ ਮਕਾਨ ਬੀਜੀ ਫਸਲ ਹੁਣ ਉਹਨਾਂ ਦੀ ਜਿੰਦਗੀ ਲਈ ਵੱਡਾ ਬੋਝ ਬਣ ਜਾਏਗੀ, ਜਿਹੜੀ ਰਹਿੰਦੀ ਜਿੰਦਗੀ ਤੱਕ ਕਰਜਾ ਨਹੀਂ ਉਤਾਰ ਸਕੇਗੀ। ਢਾਣੀ ਬਚਨ ਸਿੰਘ ਦਾ ਲਖਵਿੰਦਰ ਸਿੰਘ ਕਹਿੰਦਾ ਹੈ ਕਿ ਸੱਤਾ ਧਿਰ ਦੇ ਰਾਜਸੀ ਆਗੂ ਆਉਂਦੇ ਅਤੇ ਫੋਟੋਆਂ ਕਰਵਾ ਕੇ ਚਲੇ ਜਾਂਦੇ, ਅਸਲੀ ਹੱਲ ਕੱਢਣ ਲਈ ਉਹਨਾਂ ਨੇ ਕਦੇ ਮੂੰਹ ਤੱਕ ਨਹੀਂ ਖੋਲ੍ਹਿਆ।
ਵੋਟਾਂ ਲੈਣ ਵੇਲੇ ਹੋਰ ਤੇ ਜਿੱਤਣ ਤੋਂ ਬਾਅਦ ਹੋਰ ਹੁਣ ਅਸੀਂ ਇਸ ਦਾ ਵੀ ਹਿਸਾਬ ਲਵਾਂਗੇ। ਸਰਹੱਦੀ ਖੇਤਰ ਦੇ ਲੋਕਾਂ ਦਾ ਹਾਲ ਹੁਣ ਬਿਆਨ ਕਰਨਾ ਵੀ ਔਖਾ ਹੋ ਗਿਆ ਹੈ ਕਿਉਂਕਿ ਲੋਕ ਤੜਫ ਤੜਫ ਕੇ ਜਿਉਣ ਲਈ ਮਜਬੂਰ ਹਨ। ਸਿਰਫ ਰਾਸ਼ਨ, ਹਰਾ ਚਾਰਾ ਜਾਂ ਫਿਰ ਰਾਹਤ ਕੈਂਪਾਂ ਵਿੱਚ ਪਹੁੰਚਾਉਣ ਦੀ ਗੱਲ ਕਹਿ ਦੇਣਾ, ਉਹਨਾਂ ਨੂੰ ਹੁਣ ਹਜ਼ਮ ਨਹੀਂ ਹੋ ਰਿਹਾ।
ਹਰ ਪਹਿਲੇ ਦੂਜੇ ਸਾਲ ਦਾ ਉਜਾੜਾ ਉਹਨਾਂ ਨੂੰ ਕੋਹ ਕੋਹ ਕੇ ਖਾ ਰਿਹਾ ਹੈ। ਹੁਸੈਨੀ ਵਾਲਾ ਹੈਡਵਰਕਸ ਤੋਂ ਸਤਲੁਜ ਦਰਿਆ ਲਈ ਛੱਡਿਆ ਪਾਣੀ ਨੇ ਹੋਰ ਵੱਡੀ ਖਤਰੇ ਦੀ ਘੰਟੀ ਵਜਾ ਦਿੱਤੀ ਹੈ। ਜਿਸ ਨਾਲ ਸਿਰਫ ਸਰਹੱਦੀ ਖੇਤਰ ਦੇ ਲੋਕ ਹੀ ਨਹੀਂ ਸਹਿਮੇ ਪੂਰਾ ਜ਼ਿਲ੍ਹਾ ਇਸ ਬਾਰੇ ਚਿੰਤਾ ਕਰਨ ਲਈ ਮਜਬੂਰ ਹੈ।

