ਹੜ੍ਹ ਪੀੜਤਾਂ ਦੀ ਮਦਦ ਲਈ ਨਿਵੇਕਲੀ ਪਹਿਲ ਕਰ ਜੱਜ ਉੱਤਰੇ ਪਾਣੀ ’ਚ!
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਵੱਲੋਂ ਪਹੁੰਚਾਈ ਜਾ ਰਹੀ ਹੈ ਰਾਹਤ ਸਮਗਰੀ
ਫ਼ਿਰੋਜ਼ਪੁਰ (ਚਾਵਲਾ)
ਕੁਦਰਤੀ ਆਫ਼ਤ ਸਮੇਂ ਪੀੜਤ ਵਿਅਕਤੀਆਂ ਦੀ ਸਹਾਇਤਾ ਲਈ ਸਰਕਾਰ , ਜ਼ਿਲ੍ਹਾ ਪ੍ਰਸ਼ਾਸਨ , ਸਿਆਸੀ ਪਾਰਟੀਆਂ ਅਤੇ ਸਮਾਜ ਸੇਵੀ ਆਪਣੇ ਆਪਣੇ ਉਦੇਸ਼ ਤਹਿਤ ਕੰਮ ਕਰਦੀਆਂ ਹਨ ਪਰ ਅਦਾਲਤਾਂ ’ਚ ਬੈਠ ਕੇ ਇਨਸਾਫ਼ ਕਰਨ ਵਾਲੇ ਫ਼ਿਰੋਜ਼ਪੁਰ ਦੇ ਜੱਜ ਇਨਸਾਨੀ ਜਜ਼ਬੇ ਨੂੰ ਮੁੱਖ ਰੱਖਦੇ ਹੋਏ ਹੜ੍ਹ ਪੀੜਤਾਂ ਵਾਸਤੇ ਅੱਗੇ ਆਏ ਹਨ ਅਤੇ ਦਿਨ ਰਾਤ ਲੋੜਵੰਦਾਂ ਨੂੰ ਰਾਹਤ ਸਮਗਰੀ ਭੇਜੀ ਜਾ ਰਹੀ ਹੈ |
ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਅਤੇ ਸੈਸ਼ਨ ਜੱਜ ਫ਼ਿਰੋਜ਼ਪੁਰ ਸੁਮੀਤ ਮਲਹੋਤਰਾ ਦੇ ਨਿਰਦੇਸ਼ਾਂ ਅਧੀਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਫ਼ਿਰੋਜ਼ਪੁਰ ਨੇ ਇਹ ਜ਼ਿੰਮੇਵਾਰੀ ਸੰਭਾਲੀ ਹੋਈ ਹੈ| ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਫ਼ਿਰੋਜ਼ਪੁਰ ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਫ਼ਿਰੋਜ਼ਪੁਰ ਮੈਡਮ ਅਨੁਰਾਧਾ ਵੱਲੋਂ ਜਾਰੀ ਪੱਤਰ ’ਚ ਦੱਸਿਆ ਗਿਆ ਕਿ ਮੈਂਬਰ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਿਟੀ ਮੋਹਾਲੀ ਦੇ ਹੁਕਮ ਅਨੁਸਾਰ 30 ਅਗਸਤ ਤੋਂ ਜ਼ਿਲ੍ਹਾ ਅਤੇ ਸੈਸ਼ਨ ਜੱਜ ਫ਼ਿਰੋਜ਼ਪੁਰ ਸੁਮੀਤ ਮਲਹੋਤਰਾ ਦੀ ਪ੍ਰਵਾਨਗੀ ਨਾਲ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਦੇ ਹੋਏ ਮੁੱਢਲੀਆਂ ਜ਼ਰੂਰਤ ਵਾਲੀਆਂ ਵਸਤੂਆਂ ਦਾ ਵੇਰਵਾ ਲਿਆ ਜਾਵੇਗਾ |
ਜਿਸ ਉਪਰੰਤ ਲੋੜੀਂਦੀਆਂ ਵਸਤੂਆਂ ਹੜ੍ਹ ਪੀੜਤਾਂ ਤੱਕ ਤੁਰੰਤ ਭੇਜੀਆਂ ਜਾਣਗੀਆਂ| ਇਸ ਲਈ ਗਠਿਤ ਟੀਮ ਵਿਚ ਸਮੂਹ ਜੁਡੀਸ਼ੀਅਲ ਅਫ਼ਸਰ, ਪੈਨਲ ਵਕੀਲ, ਬਾਰ ਦੇ ਵਕੀਲ, ਕੋਰਟ ਦਾ ਦਫ਼ਤਰੀ ਅਮਲਾ, ਪੈਰਾ ਲੀਗਲ ਵਲੰਟੀਅਰ , ਡਿਫੈਂਸ ਕੌਂਸਲ ਆਦਿ ਤੇ ਅਧਾਰਿਤ ਇਕ ਜੱਜ ਸਮੇਤ ਸੱਤ ਮੈਂਬਰਾਂ ਦੀ ਟੀਮ ਨਿਯੁਕਤ ਕੀਤੀ ਗਈ ਹੈ| ਜੁਡੀਸ਼ੀਅਲ ਅਫ਼ਸਰਾਂ ਦੀ ਅਗਵਾਈ ਅਧੀਨ ਟੀਮਾਂ ਬਣਾਈਆਂ ਗਈਆਂ ਹਨ|
ਇਨ੍ਹਾਂ ਟੀਮਾਂ ਨੂੰ ਹੜ੍ਹ ਪ੍ਰਭਾਵਿਤ ਵੱਖ ਵੱਖ ਪਿੰਡ ਦਿੱਤੇ ਗਏ ਹਨ | ਜਿਸ ਦੇ ਚਲਦੇ ਫ਼ਿਰੋਜ਼ਪੁਰ ਸੈਸ਼ਨ ਡਵੀਜ਼ਨ ਦੇ ਸਮੂਹ ਜੱਜ ਹਰ ਰੋਜ਼ ਹੜ੍ਹ ਵਾਲੇ ਪਿੰਡਾਂ ਦਾ ਦੌਰਾ ਕਰ ਰਹੇ ਹਨ, ਇੱਥੋਂ ਤੱਕ ਕਿ ਲੋੜ ਪੈਣ ਤੇ ਖ਼ੁਦ ਬੇੜੀ ਰਾਹੀਂ ਵੀ ਪ੍ਰਭਾਵਿਤ ਵਿਅਕਤੀ ਕੋਲ ਸਮਾਨ ਪਹੁੰਚਾ ਰਹੇ ਹਨ| ਜੱਜਾਂ ਵੱਲੋਂ ਕੀਤੀ ਜਾ ਰਹੀ ਇਸ ਤਰਾਂ ਦੀ ਨਿਵੇਕਲੀ ਪਹਿਲ ਨਾਲ ਜਿੱਥੇ ਲੋਕਾਂ ’ਚ ਚਰਚਾ ਛਿੜੀ ਹੈ ਉੱਥੇ ਹੀ ਲੋਕ ਇਸ ਗੱਲ ਤੋਂ ਬਹੁਤ ਖ਼ੁਸ਼ ਹਨ ਕਿ ਜੱਜਾਂ ਰਾਹੀਂ ਵੰਡੀ ਜਾ ਰਹੀ ਰਾਹਤ ਸਮਗਰੀ ਵਿਚ ਕਾਨੀ ਵੰਡ ਨਹੀਂ ਹੋ ਰਹੀ ਹੈ| ਦੱਸਣਯੋਗ ਹੈ ਕਿ ਜੱਜਾਂ ਵੱਲੋਂ ਹੜ੍ਹ ਪੀੜਤਾਂ ਲਈ ਸਹਾਇਤਾ ਪਹੁੰਚਾਉਣ ਦਾ ਉੱਦਮ ਨਿਰੰਤਰ ਜਾਰੀ ਹੈ|

