Punjab News: ਹੜ੍ਹਾਂ ਦੇ ਮਾਰੇ ਲੋਕਾਂ ਨੇ ਕੱਚੀਆਂ ਜ਼ਮੀਨਾਂ ਪੱਕੀਆਂ ਕਰਵਾਉਣ ਦਾ ਮੁੱਦਾ ਉਠਾਇਆ
ਕੱਚੀਆ ਜ਼ਮੀਨਾਂ ਪੱਕਿਆ ਕਰਵਾਉਣ ਅਤੇ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਭਰਪਾਈ ਲਈ ਤਿੱਖਾ ਸੰਘਰਸ਼ ਵਿਢਿਆ ਜਾਵੇਗਾ: ਧੀਰਜ ਫਾਜ਼ਿਲਕਾ
ਫਾਜ਼ਿਲਕਾ
ਫਾਜ਼ਿਲਕਾ ਦੇ ਹੜ੍ਹ ਪ੍ਰਭਾਵਿਤ ਪਿੰਡ ਮੁਹਾਰ ਸੋਨਾ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ, ਡੈਮੋਕ੍ਰੇਟਿਕ ਟੀਚਰਜ਼ ਫਰੰਟ, ਕਿਰਤੀ ਕਿਸਾਨ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਵੱਲੋਂ ਸਮੁੱਚੇ ਪਿੰਡ ਵਾਸੀਆਂ ਨੂੰ ਇਕੱਠਾ ਕਰਕੇ ਹੜ੍ਹਾਂ ਦੇ ਕਾਰਨਾਂ ਬਾਰੇ ਅਤੇ ਫੇਲ ਹੋਏ ਸਰਕਾਰੀ ਪ੍ਰਬੰਧਾਂ ਬਾਰੇ ਗੱਲਬਾਤ ਕੀਤੀ ਗਈ।ਹੜ੍ਹਾਂ ਦੀ ਸਥਿਤੀ ਕੰਟਰੋਲ ਵਿੱਚ ਆਉਣ ਤੋਂ ਬਾਅਦ ਇਹਨਾਂ ਪਿੰਡਾਂ ਦੇ ਲੋਕਾਂ ਨੂੰ ਨਾਲ ਲੈ ਕੇ ਨੁਕਸਾਨ ਦੀ ਭਰਪਾਈ ਕਰਵਾਉਣ ਲਈ ਅਤੇ ਹੜ੍ਹਾਂ ਦਾ ਮੁਕੰਮਲ ਹੱਲ ਕਰਵਾਉਣ, ਕੱਚੀਆ ਜ਼ਮੀਨਾਂ ਪੱਕਿਆ ਕਰਵਾਉਣ, ਦਰਿਆਵਾਂ ਦੇ ਬਨ ਪੱਕੇ ਕਰਵਾਉਣ ਲਈ ਵੱਡੇ ਪੱਧਰ ‘ਤੇ ਸੰਘਰਸ਼ ਵਿੱਢਿਆ ਜਾਵੇਗਾ।
ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਧੀਰਜ ਫਾਜ਼ਿਲਕਾ, ਡੇਮੋਕ੍ਰੇਟਿਕ ਟੀਚਰਜ਼ ਫਰੰਟ ਦੇ ਜਨਰਲ ਸਕੱਤਰ ਮਹਿੰਦਰ ਕੌੜੀਆ ਵਾਲੀ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਖਚੈਨ ਸਿੰਘ ਚੱਕ ਸੈਦੋ ਕੇ ਨੇ ਕਿਹਾ ਕਿ ਅੱਜ ਪੰਜਾਬ ਦਾ ਵੱਡਾ ਹਿੱਸਾ ਹੜ੍ਹਾਂ ਦੀ ਮਾਰ ਝੱਲ ਰਿਹਾ ਹੈ ਤੇ ਇਸ ਘਟਿਆ ਪ੍ਰਬੰਧ ਵੱਲੋਂ ਇਹਨਾਂ ਹੜ੍ਹਾਂ ਨੂੰ ਕੁਦਰਤੀ ਆਫ਼ਤ ਕਹਿ ਕੇ ਪਰਚਾਰਿਆ ਜਾ ਰਿਹਾ ਹੈ। ਜਦਕਿ ਇਹ ਹੜ੍ਹ ਕੋਈ ਕੁਦਰਤੀ ਆਫ਼ਤ ਨਹੀਂ ਇਹ ਪ੍ਰਬੰਧ ਵੱਲੋਂ ਸੋਚੀ ਸਮਝੀ ਸਾਜ਼ਿਸ਼ ਤਹਿਤ ਦਰਿਆਵਾਂ ਦਾ ਠੀਕ ਪ੍ਰਬੰਧਨ ਨਾ ਕਰਨ ਕਰਕੇ, ਦਰਿਆਵਾਂ ਦੇ ਬਨ ਮਜ਼ਬੂਤ ਨਾ ਕਰਨ ਕਰਕੇ ਇਹ ਹੜ੍ਹ ਪੰਜਾਬ ਵਿੱਚ ਪੈਦਾ ਕੀਤੇ ਗਏ ਹਨ।
ਜਿਨ੍ਹਾਂ ਦੀ ਮਾਰ ਅੱਜ ਪੰਜਾਬ ਦਾ ਵੱਡਾ ਹਿੱਸਾ ਝੱਲ ਰਿਹਾ ਹੈ। ਜਿਸ ਕਰਕੇ ਆਉਣ ਵਾਲੇ ਸਮੇਂ ਵਿੱਚ ਇਹਨਾਂ ਪਿੰਡਾਂ ਦਾ ਹਾਲ ਬਹੁਤ ਮਾੜਾ ਹੋਣਾ ਹੈ ਅਤੇ ਇਹਨਾਂ ਪਿੰਡਾਂ ਦੇ ਲੋਕ ਆਰਥਿਕ ਪੱਖੋਂ ਬਹੁਤ ਕਮਜ਼ੋਰ ਹੋ ਜਾਣੇ ਹਨ। ਪੰਜਾਬ ਸਰਕਾਰ ਇਸ ਤੇ ਚੁੱਪ ਧਾਰੀ ਬੈਠੀ ਹੈ। ਇਸ ਦੇ ਨਾਲ ਆਗੂਆਂ ਨੇ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਰਾਜਾਂ ਦੇ ਅਧਿਕਾਰਾਂ ਤੇ ਲਗਾਤਾਰ ਡਾਕੇ ਮਾਰ ਮਾਰਦੀ ਆ ਰਹੀ ਹੈ। ਜਿੱਥੇ ਪੰਜਾਬ ਦੇ ਡੈਮਾਂ ਤੇ ਵੱਧ ਅਧਿਕਾਰ ਪੰਜਾਬ ਦਾ ਹੋਣਾ ਚਾਹੀਦਾ ਸੀ ਓਥੇ ਕੇਂਦਰ ਸਰਕਾਰ ਵੱਲੋਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਸਥਾਪਨਾ ਕਰਕੇ ਪੰਜਾਬ ਦੇ ਡੈਮਾਂ ਤੇ ਆਪਣਾ ਅਧਿਕਾਰ ਕਾਇਮ ਕਰ ਲਿਆ ਹੈ। ਜਿਸ ਕਰਕੇ ਪੰਜਾਬ ਨੂੰ ਡੋਬਣ ਅਤੇ ਸੁੱਕਾ ਮਾਰਨ ਦਾ ਅਧਿਕਾਰ ਕੇਂਦਰ ਸਰਕਾਰ ਕੋਲ ਚਲਾ ਗਿਆ ਹੈ।
ਮੌਸਮ ਵਿਭਾਗ ਵੱਲੋਂ ਪਹਿਲਾ ਹੀ ਵੱਧ ਬਾਰਿਸ਼ ਹੋਣ ਦੀ ਗੱਲ ਦੱਸ ਦਿੱਤੀ ਗਈ ਸੀ ਪਰ ਇਸ ਦੇ ਬਾਵਜੂਦ ਵੀ ਜਿਹੜੇ ਡੈਮ ਇਹ ਤੋਂ ਪਹਿਲਾ ਹੀ ਖਾਲੀ ਕਰ ਦੇਣੇ ਚਾਹੀਦੇ ਸੀ ਪਰ ਬੀ ਬੀ ਐਮ ਬੀ ਨੇ ਅਜਿਹਾ ਨਹੀਂ ਕੀਤਾ ਜੋਂ ਅੱਜ ਪੰਜਾਬ ਦੇ ਹੜ੍ਹਾ ਦਾ ਇੱਕ ਕਾਰਨ ਇਹ ਵੀ ਬਣ ਜਾਂਦਾ ਹੈ। ਪੰਜਾਬ ਅੰਦਰ ਨਹਿਰੀ ਸਿਸਟਮ ਨੂੰ ਵੀ ਮਜ਼ਬੂਤ ਨਹੀਂ ਕੀਤਾ ਗਿਆ ਤਾਂ ਜੋਂ ਵੱਧ ਪਾਣੀ ਦੀ ਹਾਲਤ ਵਿੱਚ ਇਸ ਪਾਣੀ ਨੂੰ ਮਨੇਜ ਕਰਕੇ ਬਾਕੀ ਥਾਵਾਂ ਤੇ ਭੇਜਿਆ ਜਾ ਸਕਦਾ ਸੀ। ਅੱਜ ਇੱਕ ਪਾਸੇ ਪੰਜਾਬ ਸੁੱਕਾ ਮਰ ਰਿਹਾ ਹੈ ਤੇ ਦੂਜੇ ਪਾਸੇ ਪੰਜਾਬ ਹੜ੍ਹਾਂ ਦੀ ਮਾਰ ਝੱਲ ਰਿਹਾ ਹੈ।
ਇਸ ਦੇ ਨਾਲ ਹੀ ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕਮਲਜੀਤ ਮੁਹਾਰਖੀਵਾ, ਨੌਜਵਾਨ ਭਾਰਤ ਸਭਾ ਦੇ ਆਗੂ ਰਾਜਨ ਮੁਹਾਰਸੋਨਾ, ਡੇਮੋਕ੍ਰੇਟਿਕ ਟੀਚਰਜ਼ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਫਾਜ਼ਿਲਕਾ ਨੇ ਕਿਹਾ ਕਿ ਪੰਜਾਬ ਦੇ ਇਹ ਬਾਰਡਰ ਪੱਟੀ ਦੇ ਲੋਕ ਆਏ ਸਾਲ ਕਿਸੇ ਨਾ ਕਿਸੇ ਆਫ਼ਤ ਅਤੇ ਉਜਾੜੇ ਦਾ ਸ਼ਿਕਾਰ ਹੁੰਦੇ ਹਨ।
ਇਸ ਤੋਂ ਪਹਿਲਾ ਹੀ ਪਿਛਲੇ ਕੁਝ ਮਹੀਨੇ ਪਹਿਲਾਂ ਜੰਗ ਕਰਨ ਇਹਨਾਂ ਲੋਕਾਂ ਨੂੰ ਬੇਘਰ ਹੋਣਾ ਪਿਆ ਤੇ ਹੁਣ ਹੜ੍ਹਾਂ ਕਾਰਨ ਇਹ ਲੋਕ ਬੇਘਰ ਹੋ ਗਏ ਹਨ ਤੇ ਇੱਕ ਵੱਡੇ ਨੁਕਸਾਨ ਦਾ ਸਾਹਮਣਾ ਕਰ ਰਹੇ ਹਨ। ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਇਹਨਾਂ ਲੋਕਾਂ ਨੂੰ ਸਿਰਫ਼ ਵੋਟਾਂ ਲਈ ਹੀ ਵਰਤਦੀ ਆ ਰਹੀ ਹੈ ਤੇ ਇਹਨਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਦਾ ਕੋਈ ਕੰਮ ਨਹੀਂ ਕਰ ਰਹੀ ਤੇ ਹੁਣ ਵੀ ਇਸ ਆਫ਼ਤ ਦੀ ਘੜੀ ਵਿੱਚ ਸਿਰਫ ਗੋਂਗਲੂਆਂ ਤੋਂ ਮਿੱਟੀ ਝਾੜਨ ਦਾ ਕੰਮ ਹੀ ਕਰ ਰਹੀ ਹੈ। ਸਰਕਾਰ ਵੱਲੋਂ ਇਹਨਾਂ ਲੋਕਾਂ ਲਈ ਕੋਈ ਢੁਕਵੇਂ ਪ੍ਰਬੰਧ ਨਹੀਂ ਕੀਤੇ ਗਏ।
ਅੰਤ ਆਗੂਆਂ ਵੱਲੋਂ ਦਰਿਆਵਾਂ ਦੇ ਬਨ ਮਜ਼ਬੂਤ ਕਰਨ, ਜਿੰਨਾ ਨੁਕਸਾਨ ਓਨਾ ਮੁਆਵਜਾ ਦੀ ਨੀਤੀ ਅਪਣਾਉਣ, ਨਹਿਰੀ ਢਾਂਚਾ ਵਿਕਸਿਤ ਕਰਨ, ਇਹਨਾਂ ਵਿਦਿਆਰਥੀਆਂ ਦੀਆਂ ਫ਼ੀਸਾਂ ਮਾਫ਼ ਕਰਨ ਦੀ ਮੰਗ ਕੀਤੀ ਗਈ ਅਤੇ ਹੜ੍ਹਾਂ ਤੋਂ ਬਾਅਦ ਇਸ ਸਬੰਧੀ ਵੱਡੀ ਲਾਮਬੰਦੀ ਕਰਕੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵਿਰੁੱਧ ਸੰਘਰਸ਼ ਵਿੱਢਣ ਦਾ ਐਲਾਨ ਕੀਤਾ ਗਿਆ।ਇਸ ਮੌਕੇ ਕੁਲਜੀਤ ਡੰਗਰ ਖੇੜਾ, ਨੌਰੰਗ ਲਾਲ, ਮਮਤਾ ਲਾਧੂਕਾ, ਆਦਿਤਿਆ ਫਾਜ਼ਿਲਕਾ, ਮਨਦੀਪ ਚੱਕ ਸੈਦੋ ਕੇ, ਰਾਜ ਕੌਰ ਚੱਕ ਸੈਦੋ ਕੇ, ਕੁਲਵੰਤ ਸਿੰਘ, ਸੁਖਦੇਵ ਸਿੰਘ ਅਤੇ ਹੋਰ ਵੀ ਹਾਜ਼ਰ ਸਨ।

