ਵੱਡਾ ਖ਼ੁਲਾਸਾ: ਪੰਜਾਬ ਦੇ 1000 ਸਰਕਾਰੀ ਸਕੂਲਾਂ ‘ਚ ਪ੍ਰਿੰਸੀਪਲਾਂ ਦੀਆਂ ਅਸਾਮੀਆਂ ਖ਼ਾਲੀ, ਪੜ੍ਹੋ ਪੂਰੀ ਲਿਸਟ
ਪ੍ਰਿੰਸੀਪਲਾਂ ਦੀਆਂ ਲਗਭਗ 1000 ਖਾਲੀ ਅਸਾਮੀਆਂ ਸਰਕਾਰ ਤੁਰੰਤ ਭਰੇ-ਡੀ. ਟੀ. ਐਫ਼. ਪੰਜਾਬ
ਮੁਖੀਆਂ ਤੋਂ ਸੱਖਣੇ ਸਕੂਲ ਸਿੱਖਿਆ ਕ੍ਰਾਂਤੀ ਦੀ ਖੋਲ ਰਹੇ ਨੇ ਪੋਲ
ਚੰਡੀਗੜ੍ਹ
ਪੰਜਾਬ ਦੇ ਸੈਂਕੜੇ ਸੈਕੰਡਰੀ ਸਕੂਲਾਂ ਵਿੱਚ ਪ੍ਰਿੰਸੀਪਲਾਂ ਦੀਆਂ ਮੰਨਜ਼ੂਰ ਸ਼ੁਦਾ 2000 ਪੋਸਟਾਂ ਵਿੱਚੋ ਲਗਭਗ 1000 ਪੋਸਟਾਂ ਖਾਲੀ ਪਈਆਂ ਹਨ|ਇੱਕ-ਇੱਕ ਪ੍ਰਿੰਸੀਪਲ ਨੂੰ ਕਈ -ਕਈ ਸਕੂਲਾਂ ਦਾ ਚਾਰਜ ਦੇ ਕੇ ਬੁੱਤਾ ਸਾਰਿਆ ਦਾ ਰਿਹਾ ਹੈ। ਇਸ ਤਰ੍ਹਾਂ ਵਿਦਿਆਰਥੀਆਂ ਦੀ ਪੜ੍ਹਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ।
ਪੰਜਾਬ ਸਰਕਾਰ ਦੇ ਵਿਦਿਆਰਥੀ ਵਿਰੋਧੀ ਵਰਤਾਰੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਪ੍ਰਤੀਨਿਧ ਅਧਿਆਪਕ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਅਤੇ ਸੂਬਾ ਸਕੱਤਰ ਰੇਸ਼ਮ ਸਿੰਘ ਖੇਮੂਆਣਾ, ਤਲਵਿੰਦਰ ਸਿੰਘ ਖਰੌੜ ਨੇ ਸਰਕਾਰ ਤੋ ਮੰਗ ਕੀਤੀ ਕਿ ਸਰਕਾਰ 75% ਪ੍ਰਮੋਸ਼ਨ ਕੋਟੇ ਦੀਆਂ ਤਰੱਕੀਆਂ ਤੁਰੰਤ ਕਰਕੇ ਇਹਨਾਂ ਸਕੂਲਾਂ ਦੀਆਂ ਅਸਾਮੀਆਂ ਤੁਰੰਤ ਭਰੀਆਂ ਜਾਣ ਅਤੇ ਪੀ. ਪੀ. ਐੱਸ. ਸੀ. ਰਾਹੀਂ ਸਿੱਧੀ ਭਰਤੀ ਦੇ 25% ਕੋਟੇ ਦੀ ਭਰਤੀ ਦਾ ਇਸ਼ਤਿਹਾਰ ਵੀ ਤੁਰੰਤ ਜਾਰੀ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਸਕੂਲਾਂ ਵਿੱਚ ਪ੍ਰਿੰਸੀਪਲਾਂ ਦੀਆਂ 50% ਪੋਸਟਾਂ ਖਾਲੀ ਹੋਣ ਦੇ ਬਾਵਜੂਦ ਪੰਜਾਬ ਸਰਕਾਰ ਸਿੱਖਿਆ ਕ੍ਰਾਂਤੀ ਦੇ ਦਮਗਜੇ ਮਾਰ ਰਹੀ ਹੈ| ਤਰਨਤਾਰਨ, ਮੋਗਾ ਅਤੇ ਮਾਨਸਾ ਵਰਗੇ ਜਿਲਿਆ ਵਿੱਚ ਤਾਂ 75% ਤੋ ਵੀ ਵੱਧ ਪ੍ਰਿੰਸੀਪਲਾਂ ਦੀਆਂ ਪੋਸਟਾਂ ਖਾਲੀ ਪਈਆਂ ਹਨ|
2022 ਵਿੱਚ ਸਿੱਖਿਆ ਅਤੇ ਸਿਹਤ ਵਿਭਾਗ ਦੀ ਕਾਇਆ ਪਲਟ ਕਰਨ ਦੇ ਬਿਆਨ ਦੇ ਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਾਢੇ ਤਿੰਨ ਸਾਲ ਬੀਤ ਜਾਣ ਦੇ ਬਾਵਜੂਦ ਪ੍ਰਿੰਸੀਪਲਾਂ, ਹੈਡਮਾਸਟਰਾਂ ਅਤੇ ਬੀ. ਪੀ. ਈ. ਓਜ਼. ਦੀਆਂ ਹਜ਼ਾਰਾਂ ਅਸਾਮੀਆਂ ਖਾਲੀ ਪਈਆਂ ਹਨ|
ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਸਰਵਣ ਸਿੰਘ ਔਜਲਾ, ਮੀਤ ਪ੍ਰਧਾਨ ਸੁੱਖਵਿੰਦਰ ਸੁੱਖੀ, ਸੰਯੁਕਤ ਸਕੱਤਰ ਦਲਜੀਤ ਸਮਰਾਲਾ, ਵਿਤ ਸਕੱਤਰ ਜਸਵਿੰਦਰ ਬਠਿੰਡਾ,ਪ੍ਰੈਸ ਸਕੱਤਰ ਲਖਵੀਰ ਸਿੰਘ ਹਰੀਕੇ ਅਤੇ ਸਹਾਇਕ ਪ੍ਰੈਸ ਸਕੱਤਰ ਰਾਜਵਿੰਦਰ ਸਿੰਘ ਬੈਹਣੀਵਾਲ ਨੇ ਦੱਸਿਆ ਕਿ ਜਥੇਬੰਦੀ ਦੇ ਲਗਾਤਾਰ ਯਤਨਾਂ ਅਤੇ ਸੰਘਰਸ਼ ਕਰਕੇ ਪ੍ਰਿੰਸੀਪਲਾਂ ਦਾ ਪ੍ਰੋਮੋਸ਼ਨ ਕੋਟਾ 75% ਕੀਤਾ ਗਿਆ ਹੈ।
ਜਿਸ ਵਿੱਚੋ 70% ਲੈਕਚਰਾਰਾਂ ਲਈ, 20% ਹੈਡਮਾਸਟਰਾਂ ਲਈ ਅਤੇ 10% ਵੋਕੇਸ਼ਨਲ ਅਧਿਆਪਕਾਂ ਲਈ ਕੋਟਾ ਨਿਰਧਾਰਿਤ ਕੀਤਾ ਗਿਆ| ਜਥੇਬੰਦੀ ਨੇ ਜ਼ੋਰ ਨਾਲ ਮੰਗ ਕਰਦਿਆਂ ਕਿਹਾ ਕਿ ਪ੍ਰੋਮੋਸ਼ਨ ਤੁਰੰਤ ਕਰਦਿਆਂ ਸਿੱਧੀ ਭਰਤੀ ਦਾ ਇਸ਼ਤਿਹਾਰ ਤੁਰੰਤ ਜਾਰੀ ਕੀਤਾ ਜਾਵੇ| ਪ੍ਰਾਇਮਰੀ ਵਿਭਾਗ ਵਿੱਚੋਂ ਮਾਸਟਰ ਕਾਡਰ ਦੀਆਂ ਤਰੱਕੀਆਂ ਨਵੇਂ ਸੇਵਾ ਨਿਯਮਾਂ ਅਨੁਸਾਰ ਕੀਤੀਆਂ ਜਾਣ।


