Punjab News: ਸਰਵ ਆਂਗਣਵਾੜੀ ਵਰਕਰ ਅਤੇ ਹੈਲਪਰ ਯੂਨੀਅਨ ਦੀ ਹੋਈ ਅਹਿਮ ਮੀਟਿੰਗ, ਧਰਨੇ ਦੇਣ ਬਾਰੇ ਕੀਤਾ ਐਲਾਨ
Punjab News- ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਬਿਨਾ ਤਨਖਾਹ ਆਪਣੀਆਂ ਸੇਵਾਵਾਂ ਜਾਰੀ ਰੱਖਣ ਲਈ ਮਜ਼ਬੂਰ
Punjab News: ਸਰਵ ਆਂਗਣਵਾੜੀ ਵਰਕਰ ਅਤੇ ਹੈਲਪਰ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਦੀ ਮੀਟਿੰਗ ਵੀਡੀਓ ਕਾਨਫਰੰਸਿੰਗ ਰਾਹੀਂ ਸੂਬਾ ਪ੍ਰਧਾਨ ਬਰਿੰਦਰਜੀਤ ਕੌਰ ਛੀਨਾ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿੱਚ ਕਈ ਅਹਿਮ ਮੁਦਿਆਂ ਤੇ ਗਲਬਾਤ ਕੀਤੀ ਗਈ।
ਸਭ ਤੋਂ ਅਹਿਮ ਮੁੱਦਾ ਆਂਗਣਵਾੜੀ ਵਰਕਰਾਂ ਨੂੰ ਸੈਂਟਰ ਦਾ ਮਾਣ ਭੱਤਾ ਜੋ ਕਿ ਪਿਛਲੇ ਛੇ ਮਹੀਨਿਆਂ ਤੋਂ ਪੈਂਡਿੰਗ ਚੱਲ ਰਿਹਾ ਹੈ ਉਸ ਬਾਰੇ ਗੱਲਬਾਤ ਕੀਤੀ ਗਈ।
ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਆਪਣੀਆਂ ਲੋੜ੍ਹਾਂ ਪੂਰੀਆਂ ਕਰਨ ਲਈ ਬਿਨਾ ਤਨਖਾਹ ਤੋਂ ਗੁਜ਼ਾਰਾ ਕਰਨ ਲਈ ਕਈ ਮੁਸ਼ਕਿਲ ਹਾਲਾਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਹ ਮੁਸ਼ਕਿਲ ਪੰਜਾਬ ਵਿੱਚ ਹੜ੍ਹ ਆਉਣ ਕਾਰਨ ਸੋ ਗੁਣਾ ਹੋਰ ਵਧ ਗਈ ਹੈ ਕਿਉਂਕਿ ਪੰਜਾਬ ਵਿੱਚ ਬਹੁਤ ਸਾਰੇ ਪਿੰਡ ਇਸ ਮਾਰ ਹੇਠ ਆਏ ਹੋਣ ਕਾਰਨ ਇਸ ਤ੍ਰਾਸਦੀ ਨਾਲ ਜੂਝ ਰਹੇ ਹਨ।
ਜ਼ਿਕਰਯੋਗ ਹੈ ਕਿ ਪੂਰੇ ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਪੈਦਾ ਹੋਣ ਕਾਰਨ ਕਈ ਪਿੰਡਾਂ ਵਿੱਚ ਘਰ,ਪਰਿਵਾਰ ਦੇ ਜੀਅ ,ਮਾਲ ਡੰਗਰ ਤੱਕ ਇਸ ਸੰਕਟ ਕਾਰਨ ਤਬਾਹ ਹੋ ਗਏ ,ਲੋਕਾਂ ਕੋਲ ਰਹਿਣ ਲਈ ਸਿਰ ਤੇ ਛਤ ਤੱਕ ਨਹੀਂ ਬਚੀ ਉਹਨਾਂ ਵਿਚੋਂ ਆਂਗਣਵਾੜੀ ਵਰਕਰਾਂ ਵੀ ਇਕ ਹਨ ਜੋ ਕਿ ਉਸ ਪਿੰਡ ਵਿੱਚ ਰਹਿਦਿਆਂ ਹੋਇਆਂ ਇਸ ਤ੍ਰਾਸਦੀ ਨੂੰ ਹੰਢਾਉਂਦੇ ਹੋਏ,ਆਪਣੀ ਡਿਊਟੀ ਪ੍ਰਤੀ ਸੰਵੰਦਨਸ਼ੀਲ ਹੈ।
ਪਰ ਪੰਜਾਬ ਸਰਕਾਰ ਉਸ ਦੀ ਮਿਹਨਤ ਨੂੰ ਅੱਖੋਂ ਪਰੋਖੇ ਕਰ ਰਹੀ ਹੈ ਅਤੇ ਸੈਂਟਰ ਸਰਕਾਰ ਵੱਲੋਂ ਮਿਲਣ ਵਾਲੀ ਰਾਸ਼ੀ ਨੂੰ ਪਿਛਲੇ 6 ਮਹੀਨਿਆਂ ਤੋਂ ਰੋਕ ਕੇ ਬੈਠੀ ਹੈ ਅਤੇ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਬਿਨਾ ਤਨਖਾਹ ਆਪਣੀਆਂ ਸੇਵਾਵਾਂ ਜਾਰੀ ਰੱਖਣ ਲਈ ਮਜ਼ਬੂਰ ਹਨ ਅਤੇ ਇਸ ਮੁਸ਼ਕਿਲ ਦੀ ਘੜੀ ਵਿੱਚ ਉਹ ਇੱਕ ਰੁਪਈਏ ਲਈ ਵੀ ਤਰਸ ਰਹੀਆਂ ਹਨ ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ।
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਹੋਇਆਂ ਪੰਜਾਬ ਪ੍ਰਧਾਨ ਮੈਡਮ ਛੀਨਾ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਹੋਇਆਂ ਆਖਿਆ ਕਿ ਜੇਕਰ ਸਰਕਾਰ ਅਤੇ ਵਿਭਾਗ ਨੇ 30 ਸਤੰਬਰ ਤੱਕ ਸੈਂਟਰ ਸ਼ੇਅਰ ਜਾਰੀ ਨਾ ਕੀਤਾ ਤਾਂ 1 ਅਕਤੂਬਰ ਨੂੰ ਪੂਰੇ ਪੰਜਾਬ ਵਿੱਚ ਜ਼ਿਲਾ ਪ੍ਰੋਗਰਾਮ ਦਫ਼ਤਰ ਅੱਗੇ ਵਿਸ਼ਾਲ ਰੂਪ ਵਿੱਚ ਉੱਚ ਪੱਧਰ ਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਇਸ ਦੀ ਜਿੰਮੇਵਾਰ ਸੂਬਾ ਸਰਕਾਰ ਹੋਵੇਗੀ।

