ਸਿੱਖਿਆ ਵਿਭਾਗ ਦਾ ਵਿਦਿਆਕ ਕੈਲੰਡਰ ਗੜਬੜਾਇਆ! ਖੇਡਾਂ, ਪੇਪਰ ਅਤੇ ਵੋਟਾਂ ਦੀ ਸੁਧਾਈ ਦੀ ਭਰਮਾਰ
ਸਿੱਖਿਆ ਵਿਭਾਗ ਅਤੇ ਪ੍ਰਸ਼ਾਸਨ ਵਿੱਚ ਕੋਈ ਤਾਲਮੇਲ ਨਹੀਂ, ਜਾਣਬੁੱਝ ਕੇ ਵਿਦਿਅਰਥੀਆਂ ਅਤੇ ਅਧਿਆਪਕਾਂ ਨੂੰ ਕਰ ਰਿਹਾ ਮਾਨਸਿਕ ਪ੍ਰੇਸ਼ਾਨ: ਡੀ ਟੀ ਐੱਫ ਬਠਿੰਡਾ
ਬਠਿੰਡਾ
ਸਕੂਲਾਂ ਅੰਦਰ ਇੱਕੋ ਸਮੇਂ ਸਕੂਲੀ ਖੇਡਾਂ ਅਤੇ ਸਤੰਬਰ ਟੈਸਟ ਹੋਣ ਕਾਰਨ ਜਿੱਥੇ ਬੱਚੇ ਅਤੇ ਅਧਿਆਪਕ ਪਰੇਸ਼ਾਨ ਹਨ ਉੱਥੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਸੈਂਕੜੇ ਅਧਿਆਪਕਾਂ ਨੂੰ ਬੀ ਐਲ ਓ ਦੀਆਂ ਡਿਊਟੀਆਂ ਦੇ ਕੇ ਤੁਰੰਤ ਐਸ ਆਰ ਆਈ ਵੋਟਰ ਵੈਰੀਫਾਈ ਕਰਨ ਦੇ ਹੁਕਮ ਚਾੜ੍ਹੇ ਹੋਏ ਹਨ। ਜਿਸ ਨੇ ਜਿੱਥੇ ਸਕੂਲਾਂ ਅੰਦਰ ਵਿਦਿਅਕ ਅਸੰਤੁਲਨ ਪੈਦਾ ਕੀਤਾ ਹੋਇਆ ਹੈ ਉੱਥੇ ਬੱਚੇ ਅਤੇ ਅਧਿਆਪਕ ਇੱਕੋ ਸਮੇਂ ਵੱਖ-ਵੱਖ ਕੰਮਾਂ ਅਤੇ ਗਤੀਵਿਧੀਆਂ ਦੇ ਬੋਝ ਕਾਰਨ ਮਾਨਸਿਕ ਤਨਾਅ ਅਤੇ ਪਰੇਸ਼ਾਨੀ ਵਿੱਚੋਂ ਗੁਜਰ ਰਹੇ ਹਨ।
ਇਸ ਸਮੇਂ ਡੈਮੋਕਰੇਟਿਕ ਟੀਚਰ ਫਰੰਟ ਜਿਲਾ ਬਠਿੰਡਾ ਦੇ ਪ੍ਰਧਾਨ ਅਤੇ ਸੂਬਾ ਜਨਰਲ ਸਕੱਤਰ ਰੇਸ਼ਮ ਸਿੰਘ ਖੇਮੋਆਣਾ, ਜਿਲਾ ਸਕੱਤਰ ਜਸਵਿੰਦਰ ਸਿੰਘ, ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਸਿੰਘ ਅਤੇ ਮੀਤ ਪ੍ਰਧਾਨ ਵਿਕਾਸ ਗਰਗ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪ੍ਰਾਇਮਰੀ ਸਕੂਲਾਂ ਵਿੱਚ ਸੈਂਟਰ ਪੱਧਰੀ ਖੇਡਾਂ ਚੱਲ ਰਹੀਆਂ ਹਨ ,ਸਕੰਡਰੀ ਸਕੂਲਾਂ ਵਿੱਚ ਜੋਨ ਦੇ ਮੁਕਾਬਲੇ ਚੱਲ ਰਹੇ ਹਨ ਦੂਜੇ ਪਾਸੇ ਵਿਭਾਗ ਵੱਲੋਂ ਨਾਲ ਹੀ ਸਤੰਬਰ ਟੈਸਟ ਸ਼ੁਰੂ ਕਰ ਦਿੱਤੇ ਹਨ ਜਿਸ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਵਿੱਚ ਭੰਬਲਭੂਸਾ ਪੈਦਾ ਕਰ ਦਿੱਤਾ ਹੈ। ਵਿਦਿਆਰਥੀ ਪਰੇਸ਼ਾਨ ਹਨ ਕਿ ਉਹ ਖੇਡਾਂ ਦੀ ਤਿਆਰੀ ਕਰਨ ਜਾਂ ਪੇਪਰਾਂ ਦੀ।
ਹੋਰ ਤਾਂ ਹੋਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੈਂਕੜੇ ਦੇ ਅਧਿਆਪਕਾਂ ਨੂੰ ਨਾਲ ਹੀ ਬੀਐਲਓ ਦੀਆਂ ਡਿਊਟੀਆਂ ਦੇ ਕੇ ਤੁਰੰਤ ਕੰਮ ਕਰਨ ਦੇ ਹੁਕਮ ਦਿੱਤੇ ਗਏ ਹਨ ਜਿਸ ਨਾਲ ਅਧਿਆਪਕ ਬੇਹੱਦ ਮਾਨਸਿਕ ਤਨਾਅ ਅਤੇ ਪਰੇਸ਼ਾਨੀ ਵਿੱਚੋਂ ਗੁਜਰ ਰਹੇ ਹਨ। ਆਗੂਆਂ ਨੇ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਕਿਸੇ ਵੀ ਤਾਲਮੇਲ ਵਿੱਚ ਨਹੀਂ ਚੱਲ ਰਹੇ ਜਿਸ ਦਾ ਖਮਿਆਜਾ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਭੁਗਤਣਾ ਪੈ ਰਿਹਾ ਹੈ ਇਕੋ ਸਮੇਂ ਖੇਡਾਂ, ਸਤੰਬਰ ਪੇਪਰਾਂ ਅਤੇ ਬੀ ਐਲ ਓ ਡਿਊਟੀਆਂ ਅਧਿਆਪਕਾਂ ਉੱਪਰ ਥੋਪ ਕੇ ਸਰਕਾਰ ਅਤੇ ਪ੍ਰਸ਼ਾਸਨ ਜਾਣ ਬੁੱਝ ਕੇ ਅਧਿਆਪਕਾਂ ਅਤੇ ਬੱਚਿਆਂ ਨੂੰ ਪਰੇਸ਼ਾਨ ਕਰਨ ਤੇ ਲੱਗਿਆ ਹੋਇਆ ਹੈ।
ਇਸ ਸਮੇਂ ਵਿੱਤ ਸਕੱਤਰ ਅਨਿਲ ਭੱਟ, ਪ੍ਰੈੱਸ ਸਕੱਤਰ ਗੁਰਪ੍ਰੀਤ ਸਿੰਘ ਖੇਮੂਆਣਾ ਅਤੇ ਸਹਾਇਕ ਸਕੱਤਰ ਕੁਲਵਿੰਦਰ ਸਿੰਘ ਵਿਰਕ ਨੇ ਕਿਹਾ ਕਿ ਪਹਿਲਾਂ ਬਾਰਿਸ਼ ਅਤੇ ਹੜਾਂ ਕਾਰਨ ਸਕੂਲਾਂ ਵਿੱਚ ਛੁੱਟੀਆਂ ਹੋਣ ਤੇ ਪੜ੍ਹਾਈ ਦਾ ਕੰਮ ਕਾਫੀ ਪਛੜ ਗਿਆ ਸੀ ਜਿਸ ਦੇ ਲਈ ਵਿਦਿਅਰਥੀਆਂ ਦੀ ਪੜ੍ਹਾਈ ਲੀਹ ਤੇ ਲਿਆਉਣ ਲਈ ਲਗਾਤਾਰ ਪੜ੍ਹਨ ਦਾ ਮਾਹੌਲ ਬਣਾਉਣ ਦੀ ਲੋੜ ਸੀ ਪਰ ਸਿੱਖਿਆ ਵਿਭਾਗ ਦੀ ਇਸ ਪ੍ਰਤੀ ਕੋਈ ਫ਼ਿਕਰਮੰਦੀ ਨਜ਼ਰ ਨਹੀਂ ਆਉਂਦੀ।
ਜੇਕਰ ਵਿਭਾਗ ਬੱਚਿਆਂ ਪ੍ਰਤੀ ਸੰਜੀਦਾ ਹੁੰਦਾ ਤਾਂ ਉਹ ਖੇਡਾਂ ਦੇ ਸਮੇਂ ਦੌਰਾਨ ਪੇਪਰਾਂ ਅਤੇ ਬੀ ਐਲ ਓ ਜਿਹੀਆਂ ਡਿਊਟੀਆਂ ਦਾ ਸਮਾਂ ਅੱਗੇ ਪਿੱਛੇ ਰੱਖ ਸਕਦਾ ਸੀ ਪ੍ਰੰਤੂ ਨਾ ਵਿਭਾਗ ਇਸ ਪ੍ਰਤੀ ਚਿੰਤਤ ਹੈ ਅਤੇ ਨਾ ਹੀ ਜਿਲਾ ਪ੍ਰਸ਼ਾਸਨ। ਇੱਕ ਤੋਂ ਬਾਅਦ ਦੂਜੇ ਅਤੇ ਫਿਰ ਤੀਜੇ ਕੰਮ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੀਆਂ ਪਰੇਸ਼ਾਨੀਆਂ ਵਿੱਚ ਵਾਧਾ ਕੀਤਾ ਹੈ ਇਸ ਨਾਲ ਜਿੱਥੇ ਸਕੂਲੀ ਸਿੱਖਿਆ ਦਾ ਮਾਹੌਲ ਵਿਗੜ ਗਿਆ ਹੈ।
ਉੱਥੇ ਵਿਭਾਗ ਅਤੇ ਪ੍ਰਸ਼ਾਸਨ ਵੱਲੋਂ ਦਿੱਤੇ ਕੰਮਾਂ ਦੇ ਬੋਝ ਕਾਰਨ ਅਧਿਆਪਕ ਵੀ ਡਾਢੇ ਪਰੇਸ਼ਾਨ ਹਨ ਕਿ ਕਿਹੜੇ ਕੰਮਾਂ ਨੂੰ ਪਹਿਲ ਦੇ ਅਧਾਰ ਤੇ ਕੀਤਾ ਜਾਵੇ ।ਉਹਨਾਂ ਸਰਕਾਰ ਅਤੇ ਵਿਭਾਗ ਤੋਂ ਮੰਗ ਕੀਤੀ ਕਿ ਜਦੋਂ ਸਕੂਲਾਂ ਅੰਦਰ ਪੂਰਾ ਸਾਲ ਖੇਡਾਂ ਦੀ ਤਿਆਰੀ ਕਰ ਰਹੇ ਪ੍ਰਾਈਮਰੀ ਤੋਂ ਲੈ ਕੇ ਸਕੈਂਡਰੀ ਤੱਕ ਸਮੁੱਚੇ ਵਿਦਿਆਰਥੀ ਅਤੇ ਅਧਿਆਪਕ ਖੇਡਾਂ ਵਿੱਚ ਰੁਝੇ ਹੋਏ ਹਨ ਤਾਂ ਵਿਭਾਗ ਵੱਲ਼ੋਂ ਬਿਨਾਂ ਕਿਸੇ ਤਾਲਮੇਲ ਦੇ ਸਤੰਬਰ ਪੇਪਰਾਂ ਦਾ ਸਮਾਂ ਖੇਡਾਂ ਤੋਂ ਬਾਅਦ ਕੀਤਾ ਜਾਵੇ ਅਤੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਸੈਂਕੜੇ ਬੀ ਐਲ ਓ ਅਧਿਆਪਕਾਂ ਨੂੰ ਐਸ ਆਰ ਆਈ ਵੋਟਰਾਂ ਦੀ ਵੈਰੀਫਿਕੇਸ਼ਨ ਸਬੰਧੀ ਦਿੱਤੇ ਹੁਕਮ ਵੀ ਵਾਪਸ ਲਏ ਜਾਣ ਅਤੇ ਇਸ ਕੰਮ ਦਾ ਸਮਾਂ ਪੇਪਰਾਂ ਅਤੇ ਖੇਡਾਂ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਜਾਵੇ।
ਜੇਕਰ ਅਜਿਹਾ ਨਹੀਂ ਕੀਤਾ ਗਿਆ ਤਾਂ ਜਥੇਬੰਦੀ ਵੱਲੋਂ ਇਨਾ ਹੁਕਮਾਂ ਦਾ ਡਟਵਾਂ ਵਿਰੋਧ ਕੀਤਾ ਜਾਵੇਗਾ। ਇਸ ਸਮੇਂ ਜ਼ਿਲਾ ਆਗੂ ਬਲਜਿੰਦਰ ਕੌਰ, ਰਣਦੀਪ ਕੌਰ, ਖਾਲਸਾ ਬਲਾਕ ਪ੍ਰਧਾਨ ਰਾਜਵਿੰਦਰ ਸਿੰਘ ਜਲਾਲ, ਭੋਲਾ ਤਲਵੰਡੀ, ਬਲਕਰਨ ਸਿੰਘ ਕੋਟਸ਼ਮੀਰ, ਭੁਪਿੰਦਰ ਸਿੰਘ ਮਾਈਸਰਖਾਨਾ ਅਤੇ ਅਸ਼ਵਨੀ ਡੱਬਵਾਲੀ ਨੇ ਸਮੁੱਚੇ ਅਧਿਆਪਕਾਂ ਨੂੰ ਵਿਭਾਗ ਅਤੇ ਪ੍ਰਸ਼ਾਸਨ ਦੇ ਇਹਨਾਂ ਤੁਗਲਕੀ ਫੁਰਮਾਨਾਂ ਦਾ ਡਟਵਾਂ ਵਿਰੋਧ ਕਰਨ ਦਾ ਸੱਦਾ ਦਿੱਤਾ।

