Teacher News: ਅਧਿਆਪਕਾਂ ਦੀ ਬਦਲੀ ਲਾਗੂ ਕਰਵਾਉਣ ਲਈ DEO (ਐ) ਦਾ ਘਿਰਾਓ: ਮੌਕੇ ‘ਤੇ ਆਰਡਰ ਹੋਏ ਜਾਰੀ
Teacher News: ਡੀਟੀਐੱਫ ਅਤੇ 6635 ਈਟੀਟੀ ਯੂਨੀਅਨ ਦੀ ਅਗਵਾਈ ਵਿੱਚ ਸੈਕੜੇ ਅਧਿਆਪਕਾਂ ਵੱਲੋਂ ਮੋਗਾ ਵਿਖੇ ਧਰਨਾ ਰਿਹਾ ਜੇਤੂ
Teacher News- (ਮੋਗਾ)- ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦੀਆਂ ਬਦਲੀਆਂ ਕਰਨ ਦੇ ਬਾਵਜੂਦ ਮੋਗਾ ਜਿਲ੍ਹੇ ਵਿੱਚ ਈਟੀਟੀ ਅਧਿਆਪਕਾਂ ਦੀ ਬਦਲੀ ਲਾਗੂ ਨਾ ਹੋਣ ਦੇ ਰੋਸ ਵਜੋਂ ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ (ਡੀ.ਟੀ.ਐੱਫ.) ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਅਤੇ 6635 ਈਟੀਟੀ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਦੀਪਕ ਕੰਬੋਜ਼ ਦੀ ਸਾਂਝੀ ਅਗਵਾਈ ਵਿੱਚ ਸੈਕੜੇ ਅਧਿਆਪਕਾਂ ਵੱਲੋਂ ਜਿਲ੍ਹਾ ਸਿੱਖਿਆ ਅਫ਼ਸਰ (ਐਲੀ:) ਮੋਗਾ ਦੇ ਦਫ਼ਤਰ ਦਾ ਤਿੰਨ ਘੰਟੇ ਜਬਰਦਸਤ ਘਿਰਾਓ ਕੀਤਾ ਗਿਆ।
ਅਧਿਆਪਕਾਂ ਦੇ ਸੰਘਰਸ਼ ਸਦਕਾ ਮੋਗਾ ਜਿਲ੍ਹੇ ਦੇ ਈਟੀਟੀ ਅਧਿਆਪਕਾਂ ਦੀ ਬਦਲੀ ਦੇ ਆਰਡਰ ਲਾਗੂ ਕਰਨ ਦਾ ਪਿੱਠ ਅੰਕਣ ਪੱਤਰ ਮੌਕੇ ‘ਤੇ ਜਾਰੀ ਕਰਵਾਕੇ ਸੰਬੰਧਿਤ ਜਿਲ੍ਹਿਆਂ ਤੱਕ ਈਮੇਲ ਕਰ ਦਿੱਤਾ ਗਿਆ, ਜਿਥੋਂ ਭਾਰਮੁਕਤ ਹੋ ਕੇ ਇਹ ਅਧਿਆਪਕ ਹੁਣ ਮੋਗੇ ਜਿਲ੍ਹੇ ਦੇ ਪ੍ਰਾਇਮਰੀ ਸਕੂਲਾਂ ਵਿੱਚ ਹਾਜ਼ਰ ਹੋ ਸਕਣਗੇ।
ਇਸ ਮੌਕੇ ਸੰਬੋਧਨ ਕਰਦੇ ਹੋਏ ਡੀ.ਟੀ.ਐੱਫ. ਦੇ ਸੂਬਾ ਸਕੱਤਰ ਮਹਿੰਦਰ ਕੌੜਿਆਂਵਾਲੀ ਅਤੇ 6635 ਈਟੀਟੀ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਦੀਪਕ ਕੰਬੋਜ ਅਤੇ ਸੂਬਾ ਸਕੱਤਰ ਸ਼ਲਿੰਦਰ ਕੰਬੋਜ਼ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਦੇ ਬਾਕੀ ਜਿਲ੍ਹਿਆਂ ਵਿੱਚ ਹੋਈਆਂ ਅੰਤਰ ਜਿਲ੍ਹਾ ਬਦਲੀਆਂ ਲਾਗੂ ਹੋਣ ਤੋਂ ਬਾਅਦ ਈਟੀਟੀ ਅਧਿਆਪਕ ਹਾਜਰ ਹੋ ਚੁੱਕੇ ਸਨ। ਪ੍ਰੰਤੂ ਮੋਗਾ ਜਿਲ੍ਹੇ ਦੇ ਜਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਵੱਲੋਂ ਇਹਨਾਂ ਬਦਲੀਆਂ ਨੂੰ ਜਿਲ੍ਹੇ ਵਿੱਚ ਲਾਗੂ ਕਰਨ ਤੋਂ ਪੋਸਟਾਂ ਦੀ ਪ੍ਰਵਾਨਗੀ ਨਾ ਹੋਣ ਦੇ ਹਵਾਲੇ ਨਾਲ ਲਗਾਤਾਰ ਟਾਲਾ ਵੱਟਿਆ ਜਾ ਰਿਹਾ ਸੀ।
ਜਦਕਿ ਡਾਇਰੈਕਟਰ ਸਕੂਲ ਸਿੱਖਿਆ ਐਲੀਮੈਂਟਰੀ ਦੇ ਮੋਹਾਲੀ ਦਫਤਰ ਵੱਲੋਂ ਬਾਰ-ਬਾਰ ਜਿਲ੍ਹਾ ਸਿੱਖਿਆ ਅਫਸਰ ਮੋਗਾ ਨੂੰ ਸਾਰੇ ਈਟੀਟੀ ਅਧਿਆਪਕਾਂ ਨੂੰ ਜੁਆਇਨ ਕਰਨ ਦੀਆਂ ਹਦਾਇਤਾਂ ਦਿੱਤੀਆਂ ਜਾ ਰਹੀਆਂ ਸਨ ਅਤੇ ਬਾਅਦ ਵਿੱਚ ਪੋਸਟਾਂ ਦੀ ਐਲੋਕੇਸ਼ਨ ਕਰਨ ਦੀ ਗੱਲ ਆਖੀ ਜਾ ਰਹੀ ਸੀ।
ਜਿਲ੍ਹਾ ਸਿੱਖਿਆ ਅਫ਼ਸਰ ਦੇ ਇਸ ਅੜੀਅਲ ਰਵੱਈਏ ਦੇ ਰੋਸ ਵਜੋਂ ਅੱਜ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਅਤੇ 6635 ਈਟੀਟੀ ਅਧਿਆਪਕ ਯੂਨੀਅਨ ਦੇ ਸੱਦੇ ‘ਤੇ ਮੋਗੇ ਜਿਲ੍ਹੇ ਦੇ ਨਾਲ ਨਾਲ ਗੁਆਂਢੀ ਜਿਲ੍ਹਿਆਂ ਤੋਂ ਵੀ ਵੱਡੀ ਗਿਣਤੀ ਅਧਿਆਪਕਾਂ ਵੱਲੋਂ ਜਿਲ੍ਹਾ ਸਿੱਖਿਆ ਅਫ਼ਸਰ ਦੇ ਦਫ਼ਤਰ ਦਾ ਘਿਰਾਓ ਕਰਦੇ ਹੋਏ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਆਖਿਰ ਅਧਿਆਪਕਾਂ ਦੇ ਸੰਘਰਸ਼ ਦੀ ਜਿੱਤ ਹੋਈ ਅਤੇ ਦੇਰ ਸ਼ਾਮ ਨੂੰ ਦਫ਼ਤਰ ਵੱਲੋਂ ਲੋੜੀਂਦੇ ਆਰਡਰ ਜਾਰੀ ਕਰ ਦਿੱਤੇ ਗਏ।
ਭਰਾਤਰੀ ਜਥੇਬੰਦੀਆਂ ਪੇਂਡੂ ਮਜ਼ਦੂਰ ਯੂਨੀਅਨ ਤੋਂ ਮੰਗਾਂ ਸਿੰਘ ਵੈਰੋਕੇ, ਕਿਰਤੀ ਕਿਸਾਨ ਯੂਨੀਅਨ ਤੋਂ ਯੂਥ ਵਿੰਗ ਦੇ ਕਨਵੀਨਰ ਤਿਰਥਵਿੰਦਰ ਸਿੰਘ ਘਲ ਕਲਾਂ, ਮਾਸਟਰ ਕਾਡਰ ਯੂਨੀਅਨ ਤੋਂ ਬਲਜਿੰਦਰ ਸਿੰਘ ਧਾਲੀਵਾਲ ਅਤੇ ਡੈਮੋਕਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਦੇ ਗੁਰਪ੍ਰੀਤ ਮੋਗਾ ਸਮੁੱਚੇ ਸੰਘਰਸ਼ ਦੌਰਾਨ ਆਪਣੇ ਸਾਥੀਆਂ ਸਮੇਤ ਹਾਜ਼ਰ ਰਹੇ।
ਇਸ ਮੌਕੇ 6635 ਈਟੀਟੀ ਟੀਚਰ ਯੂਨੀਅਨ ਤੋਂ ਸੁਮਿਤ ਕੰਬੋਜ਼, ਮੋਗਾ ਦੇ ਜਿਲ੍ਹਾ ਪ੍ਰਧਾਨ ਗੁਰਸੇਵਕ ਸਿੰਘ, ਅਮਿਤ ਕੁਮਾਰ, ਬੇਅੰਤ ਸਿੰਘ,ਪਰਦੀਪ ਕੁਮਾਰ,ਰਾਕੇਸ਼ ਕੁਮਾਰ, ਅਮਨਦੀਪ ਸਿੰਘ, ਹਰਦੀਪ ਸਿੰਘ, ਡੀਟੀਐਫ ਫਿਰੋਜ਼ਪੁਰ ਦੇ ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ ਹਰਾਜ, ਸੂਬਾ ਕਮੇਟੀ ਮੈਂਬਰ ਸਰਬਜੀਤ ਸਿੰਘ ਭਾਵੜਾ, ਸੰਦੀਪ ਸਿੰਘ ਮਖੂ, ਨਵਗੀਤ ਸਿੰਘ ਜਗਰਾਉਂ, ਗੁਰਵਿੰਦਰ ਸਿੰਘ ਖੋਸਾ ਅਤੇ ਭਾਰਤ ਭੁਸਣ ਵੀ ਹਾਜਰ ਰਹੇ।

