Punjab News- ਹੜ੍ਹਾਂ ਦੇ ਮੁਕੰਮਲ ਹੱਲ ਲਈ DC ਦਫ਼ਤਰ ਦੇ ਘਿਰਾਓ ਦਾ ਐਲਾਨ

All Latest NewsNews FlashPunjab News

 

Punjab News- ਲੋਕਾਂ ਨੂੰ ਲਾਮਬੰਦ ਕਰਨ ਲਈ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਮੋਟਸਾਈਕਲ ਮਾਰਚ 28 ਸਤੰਬਰ ਨੂੰ

Punjab News- ਹੜ੍ਹਾਂ ਦੀ ਮਾਰ ਝੱਲ ਰਹੇ ਪਿੰਡਾਂ ਦੇ ਨੌਜਵਾਨਾਂ, ਕਿਸਾਨਾਂ, ਮਜ਼ਦੂਰਾਂ ਅਤੇ ਵਿਦਿਆਰਥੀਆਂ ਦੀ ਇੱਕ ਸਾਂਝੀ ਮੀਟਿੰਗ ਫਾਜ਼ਿਲਕਾ ਦੇ ਪਰਤਾਪ ਬਾਗ਼ ਵਿਖੇ ਕੀਤੀ ਗਈ। ਇਸ ਮੀਟਿੰਗ ਵਿੱਚ ਹੜ੍ਹਾਂ ਦਾ ਮੁਕੰਮਲ ਹੱਲ ਕਰਨ, ਪਾਣੀਆਂ ਦੀ ਵੰਡ ਰਿਪੇਰੀਅਨ ਕਾਨੂੰਨ ਨਾਲ ਕਰਵਾਉਣ, ਨਹਿਰੀ ਢਾਂਚਾ ਵਿਕਸਿਤ ਕਰਨ, ਸਹੀ ਮੁਆਵਜ਼ਾ ਨੀਤੀ ਬਣਵਾਉਣ ਅਤੇ ਫ਼ਸਲੀ ਬੀਮਾ ਸਹੀ ਢੰਗ ਨਾਲ ਲਾਗੂ ਕਰਵਾਉਣ ਲਈ 3 ਅਕਤੂਬਰ ਨੂੰ ਡੀ ਸੀ ਦਫ਼ਤਰ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਗਿਆ। ਇਸ ਮੀਟਿੰਗ ਦੀ ਅਗਵਾਈ ਪੰਜਾਬ ਸਟੂਡੈਂਟਸ ਯੂਨੀਅਨ, ਕਿਰਤੀ ਕਿਸਾਨ ਯੂਨੀਅਨ, ਨੌਜਵਾਨ ਭਾਰਤ ਸਭਾ, ਡੇਮੋਕ੍ਰੇਟਿਕ ਟੀਚਰਜ਼ ਫਰੰਟ ਵੱਲੋਂ ਕੀਤੀ ਗਈ।

ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਧੀਰਜ ਫਾਜ਼ਿਲਕਾ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਸੁਖਚੈਨ ਸਿੰਘ ਚੱਕ ਸੈਦੋ ਕੇ, ਨੌਜਵਾਨ ਭਾਰਤ ਸਭਾ ਦੇ ਆਗੂ ਰਾਜਨ ਮੁਹਾਰਸੋਨਾ ਨੇ ਜਾਣਕਾਰੀ ਦਿੰਦੇ ਹੋਏ ਹੋਏ ਕਿਹਾ ਕਿ ਅੱਜ ਫਾਜ਼ਿਲਕਾ ਦਾ ਇੱਕ ਵੱਡਾ ਹਿੱਸਾ ਸਰਕਾਰਾਂ ਦੀ ਨਾਕਾਮੀ ਕਰਕੇ ਹੜ੍ਹਾਂ ਦੀ ਮਾਰ ਝੱਲ ਰਿਹਾ ਹੈ ਤੇ ਲੋਕਾਂ ਦੀਆਂ ਫਸਲਾਂ, ਘਰਾਂ, ਪਸ਼ੂਆਂ, ਇਮਾਰਤਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ। ਪਰ ਪੰਜਾਬ ਸਰਕਾਰ ਇਸ ਉਪੱਰ ਸਿਰਫ਼ ਮਗਰਮੱਛ ਦੇ ਹੰਝੂ ਵਹਾਉਣ ਦਾ ਕੰਮ ਕਰ ਰਹੀ ਹੈ।

ਸਾਡੀਆਂ ਸਰਕਾਰਾਂ ਦੇ ਏਜੰਡੇ ਤੋਂ ਲੋਕ ਪੱਖੀ ਤੇ ਕੁਦਰਤੀ ਵਿਕਾਸ ਹਮੇਸ਼ਾ ਤੋਂ ਹੀ ਗਾਇਬ ਰਿਹਾ ਹੈ ਤੇ ਇਹ ਸਰਕਾਰਾਂ ਸਿਰਫ਼ ਕਾਰਪੋਰੇਟ ਪੱਖੀ ਸਾਮਰਾਜੀ ਵਿਕਾਸ ਮਾਡਲ ਨੂੰ ਲਾਗੂ ਕਰਨ ਦੇ ਰਾਹ ਤੇ ਹੈ। ਇਸ ਮਾਡਲ ਨੂੰ ਲਾਗੂ ਕਰਨ ਲਈ ਅੱਜ ਹਰ ਪਾਸੇ ਚੁਹ ਮਾਰਗੀ ਸੜਕਾਂ ਅਤੇ ਵੱਡੀਆਂ ਵੱਡੀਆਂ ਇਮਾਰਤਾਂ ਦੀਆਂ ਅੰਧਾਧੁੰਦ ਉਸਾਰੀਆਂ ਹੋ ਰਹੀਆਂ ਹਨ ਤੇ ਪਹਾੜਾਂ ਦੀ ਕਟਾਈ ਕੀਤੀ ਜਾ ਰਹੀ ਹੈ। ਜਿਸ ਦੇ ਨਤੀਜੇ ਸਾਡੇ ਵਾਤਾਵਰਨ ਦੇ ਸੰਤੁਲਨ ਵਿੱਚ ਕਾਫ਼ੀ ਵਿਗਾੜ ਆ ਗਿਆ ਹੈ, ਜਿਸ ਕਾਰਨ ਅੱਜ ਕੁਦਰਤੀ ਆਫ਼ਤਾਂ ਅਤੇ ਬਦਲਾਂ ਦੇ ਫਟਣ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ।

ਇਸ ਦੇ ਨਾਲ ਹੀ ਆਗੂਆਂ ਨੇ ਇਹ ਵੀ ਕਿਹਾ ਕਿ ਸਰਕਾਰਾਂ ਵੱਲੋਂ ਨਾ ਤਾਂ ਹੜ੍ਹਾਂ ਦੇ ਆਉਣ ਤੋਂ ਪਹਿਲਾਂ ਕੋਈ ਢੁਕਵੇਂ ਪ੍ਰਬੰਧ ਕੀਤੇ ਗਏ ਤੇ ਨਾ ਹੀ ਇਹ ਢੁਕਵੇਂ ਪ੍ਰਬੰਧ ਹੜ੍ਹਾਂ ਦੇ ਆਉਣ ਸਮੇਂ ਕੀਤੇ ਗਏ। ਵਾਧੂ ਪਾਣੀ ਦੀ ਵੰਡ ਕਰਨ ਲਈ ਬਣਾਏ ਸੇਮ ਨਾਲਿਆਂ ਦੀ ਲੰਮੇ ਸਮੇਂ ਤੋਂ ਸਫ਼ਾਈ ਨਹੀਂ ਕਰਵਾਈ ਗਈ ਤੇ ਨਾ ਹੀ ਕਮਜ਼ੋਰ ਬਨ ਨੂੰ ਮਜ਼ਬੂਤ ਕੀਤਾ ਗਿਆ।

ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕਮਲਜੀਤ ਮੁਹਾਰਖੀਵਾ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਮਨਦੀਪ ਚੱਕ ਸੈਦੋ ਕੇ, ਕਿਰਤੀ ਕਿਸਾਨ ਯੂਨੀਅਨ ਔਰਤ ਵਿੰਗ ਦੇ ਆਗੂ ਰਾਜ ਕੌਰ ਚੱਕ ਸੈਦੋ ਕੇ ਤੇ ਨੌਜਵਾਨ ਭਾਰਤ ਸਭਾ ਦੇ ਆਗੂ ਕੁਲਵੰਤ ਸਿੰਘ ਨੇ ਕਿਹਾ ਕਿ ਹੜ੍ਹਾਂ ਨੇ ਜਿੱਥੇ ਸਰਕਾਰਾਂ ਦੀ ਨਾਕਾਮੀ ਜੱਗ ਜਾਹਰ ਹੋਈ ਹੈ ਉਥੇ ਅੱਜ ਸਰਕਾਰਾਂ ਵੱਲੋਂ ਵੱਖ ਵੱਖ ਧਰਮਾਂ ਅਤੇ ਜਾਤਾ ਦੇ ਨਾਮ ਤੇ ਫੈਲਾਈ ਫਿਰਕਾਪ੍ਰਸਤੀ ਦਾ ਵੀ ਪਰਦਾਫਾਸ਼ ਹੋਇਆ ਹੈ। ਅੱਜ ਪੂਰੇ ਪੰਜਾਬ ਭਰ ਤੋਂ ਵੱਖ ਵੱਖ ਲੋਕ ਭਰਾਤਰੀਭਾਵ ਨਾਲ ਲੋਕਾਂ ਦੀ ਸਹਾਇਤਾ ਕਰ ਰਹੇ ਹਨ।

ਅੰਤ ਆਗੂਆਂ ਨੇ ਕਿਹਾ ਕਿ ਦਰਿਆਵਾਂ ਦੇ ਬਨ ਪੱਕੇ ਕਰਨ, ਹੜ੍ਹਾਂ ਦਾ ਮੁਕੰਮਲ ਹੱਲ ਕਰਨ, ਪਾਣੀ ਦੀ ਵੰਡ ਰਿਪੇਰੀਅਨ ਸਿਧਾਂਤ ਨਾਲ ਕਰਨ, ਸਹੀ ਫ਼ਸਲੀ ਬੀਮਾ ਲਾਗੂ ਕਰਵਾਉਣ ਅਤੇ ਸਹੀ ਮੁਆਵਜ਼ਾ ਨੀਤੀ ਬਣਵਾਉਣ ਦੀ ਮੰਗ ਨੂੰ ਲੈ ਕੇ ਇਹਨਾਂ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੂੰ ਲਾਮਬੰਦ ਕਰਨ ਲਈ 28 ਸਤੰਬਰ ਨੂੰ ਇਹਨਾਂ ਪਿੰਡਾਂ ਵਿੱਚ ਮੋਟਸਾਈਕਲ ਮਾਰਚ ਕੀਤਾ ਜਾਵੇਗਾ ਅਤੇ ਇਸ ਤੋਂ ਬਾਅਦ ਵੱਡੀ ਗਿਣਤੀ ਨੌਜਵਾਨਾਂ, ਕਿਸਾਨਾਂ, ਮਜ਼ਦੂਰਾਂ ਅਤੇ ਵਿਦਿਆਰਥੀਆਂ ਵੱਲੋਂ 3 ਅਕਤੂਬਰ ਨੂੰ ਡੀ ਸੀ ਫਾਜ਼ਿਲਕਾ ਦਾ ਘਿਰਾਓ ਕੀਤਾ ਜਾਵੇਗਾ।

 

Media PBN Staff

Media PBN Staff

Leave a Reply

Your email address will not be published. Required fields are marked *