Punjab News- ਬਦਲੀਆਂ ਸ਼ਪੈਸਲ ਮੌਕਾ ਅਤੇ ਪੇ-ਸਕੇਲ ਸਬੰਧੀ 4161 ਮਾਸਟਰ ਕਾਡਰ ਅਧਿਆਪਕ ਯੂਨੀਅਨ ਦੀ ਹੋਈ ਮੀਟਿੰਗ

All Latest NewsNews FlashPunjab News

 

ਮਾਨਸਾ

4161 ਮਾਸਟਰ ਕਾਡਰ ਅਧਿਆਪਕ ਯੂਨੀਅਨ ਪੰਜਾਬ ਇਕਾਈ ਮਾਨਸਾ ਵੱਲੋਂ ਸਥਾਨਕ ਬਾਲ ਭਵਨ ਵਿਖੇ ਬਦਲੀਆਂ ਦੇ ਸ਼ਪੈਸਲ ਮੌਕੇ ਦੀ ਮੰਗ ਅਤੇ ਪੰਜਾਬ ਪੇਅ ਸਕੇਲ ਬਹਾਲੀ ਦੀ ਮੰਗ ਨੂੰ ਲੈ ਕੇ 28 ਸਤੰਬਰ ਨੂੰ ਦਿੜਬਾ ‘ਚ ਹੋਣ ਵਾਲੇ ਰੋਸ ਮੁਜ਼ਾਹਰੇ ਨੂੰ ਸਫਲ ਬਣਾਉਣ ਲਈ ਅੱਜ ਇੱਕ ਮਹੱਤਵਪੂਰਨ ਮੀਟਿੰਗ ਕੀਤੀ ਗਈ।

ਮੀਟਿੰਗ ਦਾ ਮੁੱਖ ਉਦੇਸ਼ ਚੱਲ ਰਹੀਆਂ ਬਦਲੀਆਂ ਵਿੱਚ 4161 ਨੂੰ ਸਪੈਸ਼ਲ ਮੌਕਾ ਦੇਣ ਸਬੰਧੀ ਅਤੇ ਪੰਜਾਬ ਪੇਅ ਸਕੇਲ ਬਹਾਲੀ ਸਾਂਝੇ ਫਰੰਟ ਵੱਲੋਂ 28 ਸਤੰਬਰ ਧਰਨੇ ਦੀ ਯੋਜਨਾ ਸਬੰਧੀ ਵਿਆਪਕ ਰੂਪ ਵਿੱਚ ਵਿਚਾਰ ਚਰਚਾ ਕੀਤੀ ਗਈ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਅਧਿਆਪਕ ਯੂਨੀਅਨ ਦੇ ਸੂਬਾ ਪ੍ਰੈਸ ਸਕੱਤਰ ਗੁਰਦਾਸ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਗੁਰਪਾਲ ਸਿੰਘ ਤਾਮਕੋਟ ਨੇ ਕਿਹਾ ਕਿ 4161 ਅਧਿਆਪਕ ਆਪਣੇ ਘਰਾਂ ਤੋ 200 -250 ਕਿਲੋਮੀਟਰ ਆਪਣੀਆਂ ਸੇਵਾਵਾਂ ਦੇ ਰਹੇ ਹਨ, ਜਿਹਨਾਂ ਵਿੱਚ ਜਿਆਦਾਤਰ ਮਹਿਲਾ ਅਧਿਆਪਕਾਵਾਂ ਹਨ। ਜਿਸ ਕਾਰਨ ਅਧਿਆਪਕਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇੱਥੇ ਇਹ ਗੱਲ ਵੀ ਵਰਨਣਯੋਗ ਹੈ ਕਿ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਉਦੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਹ ਵਾਅਦਾ ਕੀਤਾ ਸੀ ਕਿ ਕਿਸੇ ਵੀ ਅਧਿਆਪਕ ਨੂੰ ਆਪਣੇ ਘਰ ਤੋਂ ਦੂਰ ਨਹੀਂ ਭੇਜਿਆ ਜਾਵੇਗਾ।

ਜਦਕਿ ਪਿਛਲੇ ਸਮਿਆਂ ਦੌਰਾਨ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਵੀ ਮੀਟਿੰਗ ਵਿੱਚ ਇਹ ਵਾਅਦਾ ਕੀਤਾ ਸੀ ਕਿ ਅਗਾਮੀ ਬਦਲੀਆਂ ਵਿੱਚ 4161 ਅਧਿਆਪਕਾਂ ਨੂੰ ਬਦਲੀਆਂ ਵਿੱਚ ਵਿਸ਼ੇਸ਼ ਮੌਕਾ ਦਿੱਤਾ ਜਾਵੇਗਾ। ਪਰ ਇਹ ਵਾਅਦਾ ਵਫ਼ਾ ਹੁੰਦਾ ਨਹੀਂ ਜਾਪ ਰਿਹਾ।

ਆਗੂਆਂ ਨੇ ਐਲਾਨ ਕੀਤਾ ਕਿ ਜੇਕਰ 4161 ਅਧਿਆਪਕਾਂ ਨੂੰ ਬਦਲੀਆਂ ਦਾ ਵਿਸ਼ੇਸ਼ ਮੌਕਾ ਨਹੀ ਦਿੱਤਾ ਗਿਆ ਅਤੇ ਪੇਅ ਸਕੇਲ ਬਹਾਲੀ ਦਾ ਮਸਲਾ ਹੱਲ ਨਾਂ ਕੀਤਾ ਗਿਆ ਤਾਂ ਉਹ ਜਲਦੀ ਹੀ ਵੱਡੀ ਪੱਧਰ ਤੇ ਰੋਸ ਪ੍ਰਦਰਸ਼ਨ ਕਰਨਗੇ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਯੁਨੀਅਨ ਮੈਂਬਰ ਜੋਤੀ ਵਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਲਗਾਤਾਰ ਪੰਜਾਬ ਪੇਅ ਸਕੇਲ ਲਾਗੂ ਕਰਨ ਤੋਂ ਟਾਲਮਟੋਲ ਕਰ ਰਹੀ ਹੈ।

ਜਦ ਕਿ ਸਰਕਾਰ ਸੁਪਰੀਮ ਕੋਰਟ ਤੱਕ ਵੀ ਕੇਸ ਹਾਰ ਚੁੱਕੀ ਹੈ। ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਬਣੀ ਸੀ ਤਾਂ ਉਸ ਸਮੇਂ ਪਾਰਟੀ ਆਗੂ ਜਿਹਨਾਂ ਵਿੱਚ ਹਰਪਾਲ ਚੀਮਾ ਅਤੇ ਅਮਨ ਅਰੋੜਾ ਵਿਸ਼ੇਸ਼ ਰੂਪ ਵਿੱਚ ਇਹ ਗੱਲ ਕਹਿੰਦੇ ਰਹੇ ਹਨ ਕਿ ਪੰਜਾਬ ਸਕੇਲ ਮੁਲਾਜ਼ਮਾਂ ਦਾ ਬੁਨਿਆਦੀ ਹੱਕ ਹੈ। ਪਰ ਹੁਣ ਜਦੋਂ ਇਹ ਆਪ ਸੱਤਾ ਵਿੱਚ ਹਨ ਤਾਂ ਸੁਪਰੀਮ ਕੋਰਟ ਵਿੱਚ ਕੇਸ ਹਾਰਨ ਦੇ ਬਾਵਜੂਦ ਵੀ ਸਕੇਲ ਦੇਣ ਤੋਂ ਭੱਜ ਰਹੇ ਹਨ।

ਮੀਟਿੰਗ ਵਿੱਚ ਇੱਕਜੁੱਟ ਹੋ ਕੇ ਸਮੂਹ ਅਧਿਆਪਕਾਂ ਵੱਲੋਂ ਇਹ ਐਲਾਨ ਕੀਤਾ ਗਿਆ ਕਿ 28 ਸਤੰਬਰ ਨੂੰ ਵਿੱਤ ਮੰਤਰੀ ਹਰਪਾਲ ਚੀਮਾ ਦੇ ਹਲਕੇ ਦਿੜ੍ਹਬਾ ਵਿੱਚ ਜਬਰਦਸਤ ਰੋਸ ਪ੍ਰਦਰਸ਼ਨ ਕਰਕੇ ਸਰਕਾਰ ਦੀ ਪੋਲ ਖੋਲੀ ਜਾਵੇਗੀ।

ਇਸ ਮੀਟਿੰਗ ਸਮੇਂ ਕੁਲਦੀਪ ਸਿੰਘ, ਮੁਨੀਸ਼ ਕੁਮਾਰ, ਕੁਲਦੀਪ ਸਿੰਘ ਚੌਹਾਨ, ਵੀਰਪਾਲ ਕੌਰ, ਪਲਵਿੰਦਰ ਸਿੰਘ ਮਨਪ੍ਰੀਤ ਸਿੰਘ ਆਦਿ ਅਧਿਆਪਕ ਸਾਥੀ ਹਾਜ਼ਿਰ ਸਨ।

 

Media PBN Staff

Media PBN Staff

Leave a Reply

Your email address will not be published. Required fields are marked *