ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਮੀਟਿੰਗ ਕਰਕੇ 30 ਸਤੰਬਰ ਨੂੰ ਇਕੱਠ ਕਰਨ ਦਾ ਕੀਤਾ ਐਲਾਨ
ਬਿਜਲੀ ਅਧਿਕਾਰੀਆਂ ਦੀ ਧੱਕੇਸ਼ਾਹੀ ਦੇ ਵਿਰੋਧ ਵਿੱਚ ਲਾਮਬੰਦੀ ਦਾ ਸੱਦਾ ਦਿੱਤਾ
ਗੁਰੂਹਰਸਹਾਏ
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਬਲਾਕ ਝੋਕ ਮੋਹੜੇ ਦੀ ਮੀਟਿੰਗ ਬਲਾਕ ਪ੍ਰਧਾਨ ਗੁਰਭੇਜ ਸਿੰਘ ਲੋਹੜਾ ਨਵਾਬ ਦੀ ਅਗਵਾਈ ਵਿੱਚ ਗੁਰਦੁਆਰਾ ਸੰਗਤਸਰ ਸਾਹਿਬ ਦਾਣਾ ਮੰਡੀ ਝੋਕ ਮੋਹੜੇ ਵਿਖ਼ੇ ਹੋਈ।
ਜਿਸ ਵਿੱਚ ਜਿਲ੍ਹਾ ਖਜਾਨਚੀ ਰਣਜੀਤ ਝੋਕ ਅਤੇ ਸੂਬਾ ਪ੍ਰੈਸ ਸਕੱਤਰ ਅਵਤਾਰ ਸਿੰਘ ਮਹਿਮਾਂ ਵੀਂ ਸ਼ਾਮਲ ਹੋਏ। ਮੀਟਿੰਗ ਉਪਰੰਤ ਸਰਬਸੰਮਤੀ ਨਾਲ 30 ਸਤੰਬਰ ਨੂੰ ਬਿਜਲੀ ਗਰਿੱਡ ਝੋਕ ਟਹਿਲ ਸਿੰਘ ਵਾਲਾ ਦੇ ਅਧਿਕਾਰੀਆਂ ਡੀ ਗੁੰਡਾਗਰਦੀ ਦੇ ਖਿਲਾਫ ਵੱਡਾ ਇਕੱਠ ਕਰਨ ਦਾ ਸੱਦਾ ਦਿੱਤਾ ਗਿਆ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਬਲਾਕ ਦੇ ਪ੍ਰੈਸ ਸਕੱਤਰ ਗੁਰਨਾਮ ਸਿੰਘ ਚੱਕ ਸੋਮੀਆਂ ਨੇ ਦੱਸਿਆ ਕਿ ਸਬੰਧਤ ਬਿਜਲੀ ਅਧਿਕਾਰੀਆਂ ਵੱਲੋਂ ਇਲਾਕੇ ਅੰਦਰ ਰਿਸ਼ਵਤਖ਼ੋਰੀ ਦੀ ਅੱਤ ਮਚਾ ਰੱਖੀ ਹੈ, ਜੇਕਰ ਕੋਈ ਇਹਨਾਂ ਦੀ ਲੁੱਟ ਖਿਲਾਫ ਬੋਲਦਾ ਹੈ ਤਾਂ ਉਸਨੂੰ ਬਹਾਨੇ ਨਾਲ ਜੁਰਮਾਨੇ ਕਰਦੇ ਹਨ ਅਤੇ ਪਰਚੇ ਕਰਵਾਉਣ ਦਾ ਡਰਾਵਾ ਦਿੰਦੇ ਹਨ।
ਉਨ੍ਹਾਂ ਕਿਹਾ ਕਿ ਜਥੇਬੰਦੀ ਅੱਜ ਤੋਂ ਪਿੰਡਾਂ ਅੰਦਰ ਮੁਹਿੰਮ ਚਲਾ ਕੇ ਲੋਕਾਂ ਨੂੰ ਇਸ ਲੁੱਟ ਦੇ ਖਿਲਾਫ ਲਾਮਬੰਦ ਕਰੇਗੀ ਅਤੇ 30 ਸਤੰਬਰ ਨੂੰ ਵੱਡਾ ਇਕੱਠ ਕੀਤਾ ਜਾਵੇਗਾ। ਇਸਦੇ ਨਾਲ ਹੀ ਉਨ੍ਹਾਂ ਸਰਕਾਰ ਨੂੰ ਮੰਡੀਆ ਵਿੱਚ ਖਰੀਦ ਪ੍ਰਬੰਧ ਮੁਕੰਮਲ ਕਰਕੇ ਤੁਰੰਤ ਸਰਕਾਰੀ ਖਰੀਦ ਸ਼ੁਰੂ ਕਰਨ ਦੀ ਮੰਗ ਕੀਤੀ। ਆਗੂਆਂ ਨੇ ਕਿਹਾ ਕਿ ਕਰਜੇ ਤੋਂ ਪੀੜਤ ਕਿਸਾਨਾਂ ਦੇ ਕੁਰਕੀਆਂ, ਨਿਲਾਮੀ ਅਤੇ ਚੈੱਕ ਕੇਸਾਂ ਤੇ ਤੁਰੰਤ ਰੋਕ ਲਾਈ ਜਾਵੇ।
ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਸੁਪਰੀਮ ਕੋਰਟ ਨੂੰ ਅਪਣਾ ਕਿਸਾਨ ਨੂੰ ਜੇਲ ਭੇਜਣ ਵਾਲਾ ਹੁਕਮ ਤੁਰੰਤ ਵਾਪਸ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਕਿਸਾਨ ਨਾਲ ਧੱਕੇਸ਼ਾਹੀ ਨਹੀਂ ਹੋਣ ਦਿੱਤੀ ਜਾਵੇਗੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਜ ਸਿੰਘ ਜੰਗ ਗੁਰਸੇਵਕ ਸਿੰਘ ਜੰਗ ਸਤਵਿੰਦਰ ਸਿੰਘ ਬੈਰਕਾਂ ਰਵਿੰਦਰ ਸਿੰਘ ਬੁਰਜ ਅਮਰਜੀਤ ਸਿੰਘ ਝੋਕ ਕੁਲਵੀਰ ਸਿੰਘ ਮਿਸ਼ਰੀਵਾਲਾ ਸਤਿਨਾਮ ਸਿੰਘ ਤਰਿਡਾ ਵਰਿੰਦਰ ਸਿੰਘ ਸ਼ਰੀਹ ਵਾਲਾ ਆਦਿ ਸਮੇਤ ਵੱਡੀ ਗਿਣਤੀ ਕਿਸਾਨ ਹਾਜਰ ਸਨ।

