ਸਿੱਖਿਆ ਮੰਤਰੀ ਦਾ ‘ਸਿੱਖਿਆ ਵਿਭਾਗ ਪੰਜਾਬ’ ਤੋਂ ਧਿਆਨ ਹਟਿਆ- ਜੀ.ਟੀ.ਯੂ
ਨਬਾਰਡ ਤਹਿਤ ਸਕੂਲਾਂ ਨੂੰ ਮਿਲਦੀਆਂ ਗਰਾਂਟਾਂ ਲੰਬੇ ਸਮੇਂ ਤੋਂ ਰੁਕੀਆਂ- ਜਸਵਿੰਦਰ ਸਿੰਘ ਸਮਾਣਾ
ਸਰਕਾਰ ਦੇ ਮਾੜੇ ਪ੍ਰਬੰਧਾਂ ਕਰਕੇ ਮਾਸਟਰ ਹੋਏ ਕਰਜਾਈ -ਪਰਮਜੀਤ ਸਿੰਘ ਪਟਿਆਲਾ
ਪਟਿਆਲਾ
ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਜ਼ਿਲਾ ਪਟਿਆਲਾ ਦੇ ਪ੍ਰਧਾਨ ਜਸਵਿੰਦਰ ਸਿੰਘ ਸਮਾਣਾ ਤੇ ਪਰਮਜੀਤ ਸਿੰਘ ਪਟਿਆਲਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਿੱਖਿਆ ਕ੍ਰਾਂਤੀ ਦੇ ਨਾਮ ਤੇ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਕੀਤੇ ਜਾ ਰਹੇ ਬਦਲਾਅ ਦੀ ਫੂਕ ਨਿਕਲ ਗਈ ਹੈ।
ਉਹਨਾਂ ਕਿਹਾ ਕਿ ਪਹਿਲੇ ਦਿਨ ਤੋਂ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਸਕੂਲਾਂ ਤੇ ਸਿੱਖਿਆ ਨੂੰ ਲੈ ਕੇ ਬਹੁਤੀ ਗੰਭੀਰ ਨਹੀਂ । ਸਿੱਖਿਆ ਮੰਤਰੀ ਦਾ ਸਿੱਖਿਆ ਵਿਭਾਗ ਤੋਂ ਧਿਆਨ ਹਟ ਕੇ ਆਪਣੇ ਹਲਕੇ ਵੱਲ ਹੋ ਗਿਆ ਹੈ। ਵੱਡੇ ਪੱਧਰ ਤੇ ਬਦਲੀਆਂ ਪ੍ਰਮੋਸ਼ਨਾਂ ਭਰਤੀਆਂ ਅੱਧ ਵੱਟੇ ਹੀ ਰੁਕ ਗਈਆਂ ਹਨ। ਵੱਡੇ ਵੱਡੇ ਦਾਅਵੇ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਸਿੱਖਿਆ ਕ੍ਰਾਂਤੀ ਦੀ ਹੁਣ ਪੂਰੀ ਫੂਕ ਨਿਕਲ ਚੁੱਕੀ ਹੈ।
ਉਹਨਾਂ ਕਿਹਾ ਕਿ ਸਕੂਲਾਂ ਦੇ ਹਾਲਾਤ ਮਾੜੇ ਹੁੰਦੇ ਜਾ ਰਹੇ ਹਨ। ਸਕੂਲਾਂ ਦੀਆਂ ਇਮਾਰਤਾਂ ਨੂੰ ਵਧੀਆ ਤੇ ਮਜਬੂਤ ਬਣਾਉਣ ਦੇ ਲਈ ਜੋ ਗਰਾਂਟਾਂ ਦੇਣੀਆਂ ਸਨ ਉਹ ਅੱਧ ਵੱਟੇ ਹੀ ਰੁਕ ਗਈਆਂ ਹਨ। ਸਕੂਲਾਂ ਅੰਦਰ ਸਿਵਿਲ ਵਰਕਸ ਦੇ ਕੰਮ ਪੂਰੀ ਤਰ੍ਹਾਂ ਬੰਦ ਹੋ ਚੁੱਕੇ ਹਨ ਨਬਾਰਡ 29, ਨਬਾਰਡ 30 ਤੇ ਹੋਰ ਸਿਵਲ ਵਰਕਸ ਅਧੀਨ ਜੋ ਕਿਸ਼ਤਾਂ ਸਕੂਲ ਨੂੰ ਦੇਣੀਆਂ ਸਨ ਉਹ ਪੂਰੀ ਤਰ੍ਹਾਂ ਠੱਪ ਹੋ ਕੇ ਰਹਿ ਗਈਆਂ ਹਨ।
ਜਿੰਨਾ ਸਕੂਲਾਂ ਵਿੱਚ ਵੀ ਸਿਵਲ ਦੇ ਕੰਮ ਚੱਲ ਰਹੇ ਸਨ ਉਨਾਂ ਸਕੂਲਾਂ ਦੇ ਅਧਿਆਪਕ ਮਾਨਸਿਕ ਪਰੇਸ਼ਾਨੀ ਦਾ ਸ਼ਿਕਾਰ ਹਨ। ਅੱਧ ਵੱਟੇ ਕੰਮ ਰਹਿ ਜਾਣ ਕਾਰਨ ਉਨਾਂ ਅਧਿਆਪਕਾਂ ਨੂੰ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਵੱਡੀ ਚਿੰਤਾ ਹੋਣ ਲੱਗੀ ਹੈ। ਬਿਲਡਿੰਗਾਂ, ਕਮਰੇ ਪੂਰੇ ਨਾ ਹੋਣ ਕਰਕੇ ਅਧਿਆਪਕ ਹਰ ਪੱਖੋਂ ਪਰੇਸ਼ਾਨ ਹਨ। ਜਿਨਾਂ ਸਕੂਲਾਂ ਵਿੱਚ ਵੀ ਹੜ੍ਹ ਦਾ ਪਾਣੀ ਆਇਆ ਹੈ ਉਹਨਾਂ ਸਕੂਲਾਂ ਵਿੱਚ ਸਾਫ ਸਫਾਈ ਦਾ ਸਰਕਾਰ ਵੱਲੋਂ ਕਿਸੇ ਕਿਸਮ ਦਾ ਕੋਈ ਪ੍ਰਬੰਧ ਨਹੀਂ ਗਿਆ।
ਅਧਿਆਪਕਾਂ ਵੱਲੋਂ ਬੱਚਿਆਂ ਦੀ ਸੁਰੱਖਿਆ ਦੇ ਲਈ ਆਪ ਸਕੂਲਾਂ ਦੀ ਸਾਫ ਸਫਾਈ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਹਜ਼ਾਰਾਂ ਸਕੂਲਾਂ ਵਿੱਚ ਸਫਾਈ ਸੇਵਕ ਨਹੀਂ ਹਨ। ਸਕੂਲ ਨੂੰ ਸਾਂਭਣ ਸੰਭਾਲਣ ਵਾਸਤੇ ਸਰਕਾਰ ਨੇ ਹੁਣ ਤੱਕ ਕਿਸੇ ਵੀ ਕਿਸਮ ਦੀ ਚੌਥਾ ਦਰਜਾ ਮੁਲਾਜ਼ਮਾਂ ਦੀ ਕੋਈ ਭਰਤੀ ਨਹੀਂ ਕੀਤੀ।
ਆਗੂਆਂ ਨੇ ਕਿਹਾ ਕਿ ਪਿਛਲੇ ਮਹੀਨਿਆਂ ਦੇ ਦੌਰਾਨ ਜੋ ਸਿੱਖਿਆ ਕ੍ਰਾਂਤੀ ਦੇ ਤਹਿਤ ਸਕੂਲਾਂ ਵਿੱਚ ਧੱਕੇ ਨਾਲ ਨਾਜਾਇਜ਼ ਪ੍ਰੋਗਰਾਮ ਕਰਵਾਏ ਗਏ ਉਨਾਂ ਸਕੂਲਾਂ ਦੇ ਅਧਿਆਪਕਾਂ ਨੂੰ ਹੁਣ ਤੱਕ ਸਰਕਾਰ ਵਲੋਂ ਕਿਸੇ ਕਿਸਮ ਅਦਾਇਗੀ ਨਹੀਂ ਕੀਤੀ ਗਈ। ਆਗੂਆਂ ਨੇ ਕਿਹਾ ਕਿ ਹੁਣ ਤੱਕ ਇਹ ਸਰਕਾਰ ਸਿੱਖਿਆ ਕ੍ਰਾਂਤੀ ਵਿੱਚ ਹਰ ਫਰੰਟ ਤੇ ਫੇਲ੍ਹ ਸਾਬਤ ਹੋਈ ਹੈ।
ਸਰਕਾਰ ਨੇ ਹੁਣ ਤੱਕ ਆਪਣੀ ਕੋਈ ਸਿੱਖਿਆ ਨੀਤੀ, ਕੋਈ ਵਿਦਿਅਕ ਕੈਲੰਡਰ, ਨਹੀਂ ਬਣਾਇਆ। ਸਰਕਾਰ ਦੇ ਮਾੜੇ ਪ੍ਰਬੰਧਾਂ ਕਰਕੇ ਸਕੂਲਾਂ ਦੇ ਹਾਲਾਤ ਪਹਿਲਾਂ ਨਾਲੋਂ ਵੀ ਮਾੜੇ ਬਣੇ ਹਨ। ਉਹਨਾਂ ਕਿਹਾ ਕਿ ਜੇਕਰ ਸਰਕਾਰ ਸਕੂਲਾਂ ਤੇ ਸਿੱਖਿਆ ਪ੍ਰਤੀ ਗੰਭੀਰ ਨਾ ਹੋਈ ਤਾਂ ਆਉਂਦੇ 2027 ਦੀਆਂ ਚੋਣਾਂ ਵਿੱਚ ਸਿੱਟੇ ਭੁਗਤਣ ਲਈ ਤਿਆਰ ਰਹੇ।
ਇਸ ਸਮੇਂ ਇਸ ਸਮੇਂ ਕਮਲ ਨੈਨ,ਦੀਦਾਰ ਸਿੰਘ ਪਟਿਆਲਾ, ਹਿੰਮਤ ਸਿੰਘ, ਜਗਪ੍ਰੀਤ ਸਿੰਘ ਭਾਟੀਆ, ਮਨਦੀਪ ਕਾਲੇਕੇ,ਹਰਦੀਪ ਸਿੰਘ ਪਟਿਆਲਾ, ਹਰਪ੍ਰੀਤ ਸਿੰਘ ਉੱਪਲ, ਗੁਰਪ੍ਰੀਤ ਸਿੰਘ ਸਿੱਧੂ, ਭੀਮ ਸਮਾਣਾ, ਟਹਿਲਬੀਰ ਸਿੰਘ, ਸ਼ਿਵਪ੍ਰੀਤ ਸਿੰਘ ਪਟਿਆਲਾ, ਸ਼ਪਿੰਦਰਜੀਤ ਸ਼ਰਮਾ ਧਨੇਠਾ, ਨਿਰਭੈ ਸਿੰਘ ਘਨੌਰ,ਵਿਕਾਸ ਸਹਿਗਲ ਜਸਵਿੰਦਰ ਪਾਲ ਸ਼ਰਮਾ, ਅਸ਼ਵਨੀ ਬਾਂਸਲ, ਵਰਿੰਦਰ ਸਿੰਘ ਮਰੋੜੀ,ਡਾ ਬਲਜਿੰਦਰ ਸਿੰਘ ਪਠੋਨੀਆਂ, ਰਾਜਿੰਦਰ ਸਿੰਘ ਜਵੰਧਾ, ਗੁਰਵਿੰਦਰ ਸਿੰਘ ਖੰਗੂੜਾ, ਗੁਰਵਿੰਦਰ ਸਿੰਘ ਜਨਹੇੜੀਆਂ, ਬੱਬਣ ਭਾਦਸੋਂ ,ਸਰਬਜੀਤ ਸਿੰਘ ਰਾਜਪੁਰਾ, ਰਜਿੰਦਰ ਸਿੰਘ ਰਾਜਪੁਰਾ ਸਾਥੀ ਮੌਜੂਦ ਰਹੇ।

