Punjab News: ਇਨਕਲਾਬੀ ਰੰਗ ਮੰਚ ਦਿਹਾੜੇ ‘ਤੇ ਸਾਹਿਤ, ਕਲਾ ਅਤੇ ਲੋਕਾਂ ਦੀ ਜੋਟੀ ਮਜ਼ਬੂਤ ਕਰਨ ਦਾ ਹੋਕਾ

All Latest NewsNews FlashPunjab News

 

ਜੇ ਅਜੇ ਵੀ ਨਾ ਜਾਗੇ ਤਾਂ ਦੇਰ ਹੋ ਜਾਏਗੀ: ਐਡਵੋਕੇਟ ਵਰਿੰਦਾ ਗਰੋਵਰ

ਕੇਵਲ ਧਾਲੀਵਾਲ ਅਤੇ ਹਰਕੇਸ਼ ਚੌਧਰੀ ਨੇ ਖੇਡੇ ਨਾਟਕ

ਬਰਨਾਲਾ

ਗੁਰਸ਼ਰਨ ਭਾਅ ਜੀ ਦੇ ਵਿਛੋੜੇ ਵਾਲੇ ਦਿਨ ਹਰ ਸਾਲ ਪੰਜਾਬ ਲੋਕ ਸੱਭਿਆਚਾਰਕ ਮੰਚ (ਪਲਸ ਮੰਚ ) ਵੱਲੋਂ ਮਨਾਏ ਜਾਂਦੇ ਇਨਕਲਾਬੀ ਰੰਗ ਮੰਚ ਦਿਹਾੜੇ ਦੀ ਗੌਰਵਮਈ ਲੜੀ ਨੂੰ ਬੁਲੰਦ ਰੱਖਦੇ ਹੋਏ ਅੱਜ ਤਰਕਸ਼ੀਲ ਭਵਨ ਬਰਨਾਲਾ ਵਿਖੇ ਵਿਚਾਰਵਾਨਾਂ ਅਤੇ ਕਲਾ ਜਗਤ ਨਾਲ਼ ਜੁੜੇ ਕਾਮਿਆਂ ਨੇ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਵੰਨ ਸੁਵੰਨੀਆਂ ਕਲਾ ਕਿਰਤਾਂ ਨਾਲ਼ ਭਰਪੂਰ ਸਮਾਗਮ ਕੀਤਾ ਗਿਆ।

ਨਵੀਂ ਦਿੱਲੀ ਹਾਈਕੋਰਟ ਦੀ ਜਾਣੀ ਪਹਿਚਾਣੀ ਸ਼ਖ਼ਸੀਅਤ ਐਡਵੋਕੇਟ ਵਰਿੰਦਾ ਗਰੋਵਰ, ਡਾ. ਨਵਸ਼ਰਨ, ਡਾ. ਅਤੁਲ, ਡਾ. ਅਰੀਤ, ਰਾਜਿੰਦਰ ਭਦੌੜ, ਬੂਟਾ ਸਿੰਘ ਮਹਿਮੂਦਪੁਰ, ਡਾ. ਪਰਮਿੰਦਰ, ਸੋਹਣ ਸਿੰਘ ਮਾਝੀ, ਅਮੋਲਕ ਸਿੰਘ ਅਤੇ ਕੰਵਲਜੀਤ ਖੰਨਾ ਮੰਚ ਤੇ ਸ਼ਸ਼ੋਭਿਤ ਸਨ। ਹਾਈਕੋਰਟ ਨਵੀਂ ਦਿੱਲੀ ਦੇ ਸੀਨੀਅਰ ਐਡਵੋਕੇਟ ਵਰਿੰਦਾ ਗਰੋਵਰ ਨੇ ਤਰਕਸ਼ੀਲ ਭਵਨ ਵਿੱਚ ਜੁੜੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤਰਕਸ਼ੀਲ ਵਿਗਿਆਨਕ ਵਿਚਾਰਾਂ ਨਾਲ਼ ਲੈਸ ਹੋਣਾ ਅੱਜ ਦੇ ਸਮੇਂ ਦੀ ਬਹੁਤ ਹੀ ਜ਼ਰੂਰੀ ਲੋੜ ਹੈ।

ਉਹਨਾਂ ਜ਼ੋਰ ਦੇ ਕੇ ਕਿਹਾ ਕਿ ਲੋਕਾਂ ਕੋਲ ਆਪਣੇ ਹੱਕਾਂ ਲਈ ਸਿਰਫ਼ ਤੇ ਸਿਰਫ਼ ਆਪਣਾ ਏਕਾ ਅਤੇ ਸੰਘਰਸ਼ ਹੀ ਸੁਵੱਲੜਾ ਰਾਹ ਹੈ। ਵਰਿੰਦਾ ਗਰੋਵਰ ਨੇ ਕਿਹਾ ਅਜੋਕੇ ਸਮੇਂ ਅੰਦਰ ਆਮ ਕਰਕੇ ਆਮ ਲੋਕ ਕਾਨੂੰਨ ਦਾ ਉਲੰਘਣ ਨਹੀਂ ਕਰਦੇ ਇਹ ਕਾਰਪੋਰੇਟ ਘਰਾਣੇ ਜਾਂ ਸਤਾ ਤੇ ਕਾਬਜ ਲੋਕ ਹੀ ਕਾਨੂੰਨ ਨੂੰ ਟਿੱਚ ਜਾਣਦੇ ਨੇ। ਉਹਨਾਂ ਜ਼ੋਰਦਾਰ ਮੰਗ ਕਰਦਿਆਂ ਕਿਹਾ ਕਿ ਓਮਰ ਖ਼ਾਲਿਦ ਸਮੇਤ ਦਰਜਨਾਂ ਹੀ ਨੌਜਵਾਨਾਂ ਨੂੰ ਜੇਲ੍ਹਾਂ ਵਿੱਚ ਸਾੜਨਾ ਬੰਦ ਕੀਤਾ ਜਾਵੇ। ਉਹਨਾਂ ਕਿਹਾ ਕਿ ਭਾਰਤ ਸਰਕਾਰ ਨੇ ਅਡਾਨੀ ਦੀ ਕਿਸੇ ਵੀ ਕਾਰਗੁਜ਼ਾਰੀ ਉਪਰ ਟਿੱਪਣੀ ਕਰਨ ਨੂੰ ਦਸਤਾਵੇਜ਼ਾਂ ਅਤੇ ਖ਼ਬਰਾਂ ਵਿੱਚੋਂ ਖ਼ਾਰਜ ਕਰਨ ਦੇ ਹੁਕਮ ਚਾੜ੍ਹੇ ਜਾ ਰਹੇ ਨੇ।

ਉਹਨਾਂ ਕਿਹਾ ਕਿ ਮੁਲਕ ਪੰਜਾਬ ਵੱਲ ਦੇਖਦਾ ਹੈ ਤੁਸੀਂ ਹਾਕਮਾਂ ਦੇ ਚੱਕਰਵਿਊ ਵਿਚ ਫਸਕੇ ਦਿੱਲੀ ਮੋਰਚੇ ਵੇਲੇ ਅਦਾਲਤਾਂ ਦੇ ਗਧੀ ਗੇੜ ਵਿੱਚ ਨਹੀਂ ਫਸੇ ਇਸ ਕਰਕੇ ਹੀ ਤੁਹਾਡੀ ਲਹਿਰ ਅੱਗੇ ਪੁਲਾਂਘਾਂ ਪੁੱਟਦੀ ਜਾ ਰਹੀ ਹੈ। ਡਾ.ਨਵਸ਼ਰਨ ਨੇ ਕਿਹਾ ਕਿ ਗੁਰਸ਼ਰਨ ਭਾਅ ਜੀ ਦੀ ਸੋਚ ਅਤੇ ਘਾਲਣਾ ਮੰਗ ਕਰਦੀ ਹੈ ਕਿ ਅਸੀਂ ਉਹਨਾਂ ਤਾਕਤਾਂ ਦੇ ਮਨਸੂਬੇ ਨਾਕਾਮ ਕਰ ਦੇਈਏ ਜਿਹੜੇ ਪੰਜਾਬ ਅੰਦਰ ਪ੍ਰਵਾਸੀ ਮਜ਼ਦੂਰਾਂ ਖ਼ਿਲਾਫ਼ ਜ਼ਹਿਰ ਉਗਲ ਰਹੇ ਨੇ ਅਤੇ ਕਿਸਾਨ ਆਗੂਆਂ ਖ਼ਿਲਾਫ਼ ਕੂੜ ਪ੍ਰਚਾਰ ਕਰ ਰਹੇ ਨੇ। ਡਾ. ਅਤੁਲ ਨੇ ਕਿਹਾ ਕਿ ਆਰਥਿਕ ਸਮਾਜਿਕ ਨਾਬਰਾਬਰੀ ਵਧਦੀ ਜਾ ਰਹੀ ਹੈ ਅਜਿਹੀ ਹਾਲਤ ਵਿੱਚ ਲੋਕਾਂ ਕੋਲ਼ ਇੱਕੋ ਰਾਹ ਉਹੀ ਹੈ ਜਿਸ ਬਾਰੇ ਗੁਰਸ਼ਰਨ ਸਿੰਘ ਅਤੇ ਸ਼ਹੀਦ ਭਗਤ ਸਿੰਘ ਵਰਗੇ ਲੋਕ ਜੂਝਦੇ ਰਹੇ ਹਨ। ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਨੇ ਪ੍ਰਧਾਨਗੀ ਮੰਡਲ ਦੀ ਤਰਫੋਂ ਬੋਲਦੇ ਹੋਏ ਕਿਹਾ ਕਿ ਕਲਮ, ਕਲਾ ਅਤੇ ਲੋਕਾਂ ਦੀ ਮਜ਼ਬੂਤ ਜੋਟੀ ਸਮੇਂ ਦੀ ਲੋੜ ਹੈ। ਸਮਾਗਮ ਵਿੱਚ ਹੜ੍ਹ ਪੀੜਤਾਂ ਨਾਲ਼ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ।

ਫ਼ਲਸਤੀਨ, ਆਦਿਵਾਸੀਆਂ, ਕਮਿਊਨਿਸਟ ਇਨਕਲਾਬੀਆਂ ਅਤੇ ਪ੍ਰਵਾਸੀਆਂ ਕਾਤਲਾਨਾ ਤੇ ਹਮਲਿਆਂ ਦੀ ਨਿੰਦਾ ਕੀਤੀ ਗਈ। ਲੱਦਾਖ ਦੇ ਵਾਂਗ… ਤੇ ਐੱਨ. ਐੱਸ. ਏ. ਲਾਉਣ ਦਾ ਵਿਰੋਧ ਕਰਦਾ ਮਤਾ ਪਾਸ ਕੀਤਾ ਗਿਆ। 25 ਕਿਤਾਬਾਂ ਤੇ ਪਾਬੰਦੀ ਲਾਏ ਜਾਣ ਦੀ ਤਿੱਖੀ ਆਲੋਚਨਾ ਕੀਤੀ ਗਈ। ਗੁਰਸ਼ਰਨ ਭਾਅ ਜੀ ਦੀ ਰੰਗ ਮੰਚ ਦੇ ਨਾਲ ਨਾਲ਼ ਬਹੁ ਪੱਖੀ ਅਮਿੱਟ ਘਾਲਣਾ ਉਪਰ ਚਾਨਣਾ ਪਾਉਂਦੇ ਇਸ ਸਮਾਗਮ ਨੇ ਲੋਕਾਂ ਨੂੰ ਘੰਟਿਆਂ ਬੱਧੀ ਕੀਲ ਕੇ ਰੱਖਿਆ।

ਕੇਵਲ ਧਾਲੀਵਾਲ ਅਤੇ ਹਰਕੇਸ਼ ਚੌਧਰੀ ਦੀ ਨਿਰਦੇਸ਼ਨਾ ‘ਚ ਕ੍ਰਮਵਾਰ ‘ਮੇਰਾ ਰੰਗ ਦੇ ਬਸੰਤੀ ਚੋਲਾ’ ਅਤੇ ‘ਧਰਤ ਵੰਗਾਰੇ ਤਖ਼ਤ ਨੂੰ’ ਨਾਟਕ ਖੇਡੇ ਗਏ। ਇਸ ਮੌਕੇ ਪਲਸ ਮੰਚ ਦੀਆਂ ਸੰਗੀਤ ਮੰਡਲੀਆਂ ਲੋਕ ਸੰਗੀਤ ਮੰਡਲੀ ਭਦੌੜ ਅਤੇ ਇਨਕਲਾਬੀ ਕਵੀਸ਼ਰੀ ਜੱਥਾ ਰਸੂਲਪੁਰ, ਅਜਮੇਰ ਅਕਲੀਆ ਅਤੇ ਅੰਮ੍ਰਿਤ ਬੰਗੇ ਨੇ ਗੀਤਾਂ ਦਾ ਰੰਗ ਨਾਲ਼ ਲੋਕਾਂ ਨੂੰ ਮੰਤਰ ਮੁਗਧ ਕਰ ਦਿੱਤਾ। ਰਣਜੀਤ ਲਹਿਰਾਗਾਗਾ ਵੱਲੋਂ ਪੰਜਾਬੀ ਵਿਚ ਅਨੁਵਾਦਿਤ ਹਾਵਰਡ ਫਾਸਟ ਦਾ ਵਿਸ਼ਵ ਪ੍ਰਸਿੱਧ ਨਾਵਲ ਅਮਰੀਕਨ ਇਸ ਸਮਾਗਮ ਵਿੱਚ ਲੋਕ ਅਰਪਣ ਕੀਤਾ ਗਿਆ। ਪਲਸ ਮੰਚ ਵੱਲੋਂ ਪ੍ਰਕਾਸ਼ਿਤ ਅਮੋਲਕ ਸਿੰਘ ਅਤੇ ਯਸ਼ ਪਾਲ ਦੀ ਸੰਪਾਦਨਾ ‘ਚ ਤਿਆਰ ਪੁਸਤਕ ਫ਼ਲਸਤੀਨ ਦੀ ਆਵਾਜ਼ ਘਰ ਘਰ ਲਿਜਾਣ ਦੀ ਅਪੀਲ ਕੀਤੀ ਗਈ। ਸਮਾਗਮ ਦਾ ਮੰਚ ਸੰਚਾਲਨ ਪਲਸ ਮੰਚ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਕੀਤਾ।

Media PBN Staff

Media PBN Staff

Leave a Reply

Your email address will not be published. Required fields are marked *