ਜਨਮ ਦਿਵਸ ‘ਤੇ ਵਿਸ਼ੇਸ਼: ਮਹਾਨ ਚਿੰਤਕ ਅਤੇ ਬੁੱਧੀਜੀਵੀ ਸੀ ਸ਼ਹੀਦ-ਏ-ਆਜ਼ਮ ਭਗਤ ਸਿੰਘ

All Latest News

 

 

ਡਾ. ਸਤਿੰਦਰ ਸਿੰਘ

28 ਸਤੰਬਰ 1907 ਦੇਸ਼ ਦੇ ਇੱਕ ਅਜਿਹੇ ਮਹਾਨ ਸਪੂਤ ਨੇ ਜਨਮ ਲਿਆ ਜਿਸ ਨੇ ਦੇਸ਼ ਦੀ ਆਜ਼ਾਦੀ ਨੂੰ ਇੱਕ ਨਵੀਂ ਦਿਸ਼ਾ ਪ੍ਰਦਾਨ ਕਰ ਦਿੱਤੀ। ਸ.ਕਿਸ਼ਨ ਸਿੰਘ ਦੇ ਘਰ ਮਾਤਾ ਵਿਦਿਆਵੰਤੀ ਦੀ ਕੁੱਖੋਂ ਜਨਮੇ ਭਗਤ ਸਿੰਘ ਨੂੰ ਬਚਪਨ ਵਿੱਚ ਘਰ ਵਿੱਚੋਂ ਹੀ ਮਿਲੇ ਸੰਸਕਾਰਾਂ ਨੇ ਉਸ ਦੀ ਭਵਿੱਖੀ ਸ਼ਖ਼ਸੀਅਤ ਦੀ ਉਸਾਰੀ ਕਰ ਦਿੱਤੀ।

ਇਨਕਲਾਬ ਦੀ ਗੁੜਤੀ ਵੀ ਉਸ ਨੂੰ ਪਰਿਵਾਰ ਵਿੱਚੋਂ ਹੀ ਮਿਲੀ । ਜਿਸ ਦੀ ਬਦੌਲਤ ਦੇਸ਼ ਦੀ ਆਜ਼ਾਦੀ ਲਈ ਕੁਰਬਾਨ ਹੋਣ ਵਾਲੇ ਸੁਤੰਤਰਤਾ ਸੈਨਾਨੀਆਂ ਵਿੱਚ ਮਹੱਤਵਪੂਰਨ ਸਥਾਨ ਸਹੀਦ ਏ ਆਜ਼ਮ ਭਗਤ ਸਿੰਘ ਦਾ ਹੈ । ਭਗਤ ਸਿੰਘ ਦੀ ਅਦੁੱਤੀ ਕੁਰਬਾਨੀ ਅੱਜ ਵੀ ਦੇਸ਼ ਵਾਸੀਆਂ ,ਖਾਸ ਕਰਕੇ ਨੌਜਵਾਨ ਵਰਗ ਨੂੰ ਨਿਰੰਤਰ ਜਗਦੀ ਮਿਸ਼ਾਲ ਦੀ ਤਰ੍ਹਾਂ ਪ੍ਰੇਰਨਾ ਸਰੋਤ ਦਾ ਕੰਮ ਕਰਦੀ ਹੈ ।ਪ੍ਰੰਤੂ ਦੁਖਦਾਈ ਪੱਖ ਇਹ ਵੀ ਹੈ ਕਿ ਸਾਡੇ ਦੇਸ਼ ਦਾ ਬਹੁਗਿਣਤੀ ਵਰਗ ਉਸ ਨੂੰ ਮਹਾਨ ਸ਼ਹੀਦ ਨੂੰ ਇੱਕ ਮਹਾਨ ਯੋਧਾ ਅਤੇ ਜੁਝਾਰੂ ਨੌਜਵਾਨ ਤਾਂ ਮੰਨਦਾ ਹੈ।

ਬਦਕਿਸਮਤੀ ਨਾਲ ਕੁਝ ਲੋਕਾਂ ਨੇ ਉਸ ਨੂੰ ਰਵਾਇਤੀ ਦਹਿਸ਼ਤਗਰਦ ਵੀ ਦੱਸਿਆ ।ਇਹ ਤਾ ਸਭ ਜਾਣਦੇ ਹਨ ਕਿ ਉਸ ਮਹਾਨ ਨਾਇਕ ਦੇ ਇੱਕ ਹੱਥ ਵਿੱਚ ਪਿਸਤੌਲ ਸੀ , ਪ੍ਰੰਤੂ ਇਹ ਨਹੀਂ ਜਾਣਦੇ ਕਿ ਉਸ ਦੇ ਦੂਸਰੇ ਹੱਥ ਵਿੱਚ ਹਮੇਸ਼ਾ ਕਿਤਾਬ ਰਹਿੰਦੀ ਸੀ । ਪੜ੍ਹਨ ਦਾ ਤਾਂ ਭਗਤ ਸਿੰਘ ਸ਼ੈਦਾਈ ਸੀ, ਉਹ ਮਹਾਨ ਬੁੱਧੀਜੀਵੀ ਚਿੰਤਕ ਅਤੇ ਦੂਰ ਅੰਦੇਸ਼ੀ ਸੀ । ਉਹ ਸਕੂਲ ਅਤੇ ਕਾਲਜ ਦੇ ਜੀਵਨ ਵਿੱਚ ਉਸ ਦੀ ਪਹਿਚਾਣ ਇੱਕ ਹੋਣਹਾਰ ਅਤੇ ਹੁਸ਼ਿਆਰ ਵਿਦਿਆਰਥੀ ਵਾਲੀ ਸੀ। 1923 ਵਿੱਚ ਲਾਹੌਰ ਦੇ ਨੈਸ਼ਨਲ ਕਾਲਜ ਵਿੱਚ ਦਾਖਲ ਹੋਣ ਸਮੇਂ ਹੀ ਉਹ ਕਾਲਜ ਦੀ ਪੜ੍ਹਾਈ ਦੇ ਨਾਲ ਨਾਟ ਕਲਾ ਸੁਸਾਇਟੀ ਦੀਆਂ ਅਨੇਕਾਂ ਸਰਗਰਮੀਆਂ ਵਿੱਚ ਹਿੱਸਾ ਲੈਂਦਾ ਅਤੇ ਆਪਣੀ ਉਮਰ ਤੋਂ ਕਿਤੇ ਸਿਆਣੀਆਂ ਗੱਲਾਂ ਕਰਕੇ ਸਭ ਨੂੰ ਸੋਚਣ ਲਈ ਮਜਬੂਰ ਕਰਦਾ ਅਤੇ ਨੌਜਵਾਨ ਸਾਥੀਆਂ ਦੇ ਦਿਲਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਦਾ ।

ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਦਾ । ਉਹ ਹਮੇਸ਼ਾ ਆਜ਼ਾਦੀ ਦੀ ਲੜਾਈ ਦੇ ਬੌਧਿਕ ਪੱਖ ਨੂੰ ਮਜ਼ਬੂਤ ਕਰਨ ਲਈ ਯਤਨਸ਼ੀਲ ਸੀ ।ਉਸ ਨੇ ਇੱਕ ਲੇਖ ਵਿੱਚ ਲਿਖਿਆ: ” ਇਨਕਲਾਬ ਮਿਹਨਤੀ ਵਿਚਾਰਕਾਂ ਅਤੇ ਮਿਹਨਤੀ ਕਾਰਕੁਨਾਂ ਦੀ ਪੈਦਾਇਸ਼ ਹੁੰਦਾ ਹੈ।ਪਰ ਬਦਕਿਸਮਤੀ ਨੂੰ ਭਾਰਤੀ ਇਨਕਲਾਬ ਦਾ ਬੌਧਿਕ ਪੱਖ ਹਮੇਸ਼ਾ ਕਮਜ਼ੋਰ ਰਿਹਾ ਹੈ । ਇਸ ਲਈ ਇਨਕਲਾਬ ਦੀਆਂ ਜ਼ਰੂਰੀ ਗੱਲਾਂ ,ਕੀਤੇ ਗਏ ਕਾਰਜ ਦੇ ਪ੍ਰਭਾਵ ਵੱਲ ਧਿਆਨ ਨਹੀਂ ਦਿੱਤਾ ਗਿਆ। ਇਸ ਵਾਸਤੇ ਇੱਕ ਇਨਕਲਾਬੀ ਨੂੰ ਅਧਿਐਨ ਅਤੇ ਚਿੰਤਨ ਨੂੰ ਆਪਣੀ ਪਵਿੱਤਰ ਜ਼ਿੰਮੇਵਾਰੀ ਬਣਾ ਲੈਣਾ ਚਾਹੀਦਾ ਹੈ ” ਭਗਤ ਸਿੰਘ ।

ਦੇਸ਼ ਦੀ ਆਜ਼ਾਦੀ ਦੀ ਲੜਾਈ ਦੇ ਬੋਧਿਕ ਪੱਖ ਨੂੰ ਮਜ਼ਬੂਤ ਕਰਨ ਲਈ ਉਹ ਅਖ਼ਬਾਰਾਂ ਨਾਲ ਵੀ ਜੁੜਿਆ ਰਿਹਾ । ਉਸ ਨੇ ਅੰਮ੍ਰਿਤਸਰ ਤੋਂ ਪ੍ਰਕਾਸ਼ਿਤ ਹੁੰਦੇ ਉਰਦੂ ਅਤੇ ਪੰਜਾਬੀ ਅਖਬਾਰਾਂ ਲਈ ਲਿਖਿਆ ਅਤੇ ਸੰਪਾਦਨਾ ਵੀ ਕੀਤੀ ।ਨੌਜਵਾਨ ਭਾਰਤ ਸਭਾ ਦੁਆਰਾ ਛਾਪੇ ਜਾਂਦੇ ਪਰਚਿਆਂ ਵਿੱਚ ਵੀ ਵਡਮੁੱਲਾ ਯੋਗਦਾਨ ਪਾਇਆ ।ਇਸ ਤੋਂ ਇਲਾਵਾ ਉਸ ਨੇ ‘ ਕਿਰਤੀ ‘ ਰਸਾਲੇ ਅਤੇ ਦਿੱਲੀ ਤੋ ਪ੍ਰਕਾਸ਼ਿਤ “ਵੀਰ ਅਰਜੁਨ ” ਲਈ ਵੀ ਲਿਖਿਆ ਅਤੇ ਦੇਸ਼ ਦੀ ਆਜ਼ਾਦੀ ਲਈ ਸੰਘਰਸ਼ ਕਰ ਰਹੇ ਦੇਸ਼ਭਗਤਾਂ ਨੂੰ ਨਵੀਂ ਸੇਧ ਦਿੱਤੀ ।

ਅਨੇਕਾਂ ਵਾਰ ਉਹ ਸਰਕਾਰ ਵਿਰੋਧੀ ਲੇਖ ਲਿਖਣ ਵੇਲੇ ਬਲਵੰਤ, ਵਿਦਰੋਹੀ ਅਤੇ ਰਣਜੀਤ ਵਰਗੇ ਲੁਕਵੇਂ ਨਾਵਾਂ ਦੀ ਵਰਤੋਂ ਵੀ ਕਰਦਾ ਸੀ। ਉਸ ਦੀ ਜ਼ਿੰਦਗੀ ਦਾ ਛੁਪਿਆ ਤੱਥ ਇਹ ਵੀ ਹੈ ਕਿ ਉਸ ਨੇ 17½ ਸਾਲ ਦੀ ਉਮਰ ਵਿੱਚ ਨੈਸ਼ਨਲ ਸਕੂਲ ਸ਼ਾਦੀਪੁਰ (ਅਲੀਗੜ੍ਹ )ਵਿੱਚ ਕੁਝ ਸਮਾਂ ਅਧਿਆਪਨ ਦੇ ਖੇਤਰ ਵਿੱਚ ਸਕੂਲ ਮੁਖੀ ਦੇ ਤੌਰ ਤੇ ਜੁੜ ਕੇ ਵੀ ਕੰਮ ਕੀਤਾ । ਭਗਤ ਸਿੰਘ ਬਹੁਤ ਉੱਚੀ ਸੋਚ ਨਾਲ ਆਜ਼ਾਦੀ ਦੀ ਲੜਾਈ ਵਿਚਾਰਾਂ ਨਾਲ ਲੜਦਾ ਰਿਹਾ । ਦਹਿਸ਼ਤ ਫੈਲਾਉਣਾ ਉਸ ਦਾ ਕਦੇ ਵੀ ਮਕਸਦ ਨਹੀਂ ਰਿਹਾ । 09 ਅਪ੍ਰੈਲ 1929 ਨੂੰ ਜਦੋਂ ਭਗਤ ਸਿੰਘ ਅਤੇ ਉਸਦੇ ਸਾਥੀਆਂ ਨੇ ਸੈਂਟਰਲ ਅਸੈਂਬਲੀ ਵਿੱਚ ਜਦੋਂ ਬੰਬ ਸੁੱਟਿਆ ਤਾਂ ਉਸ ਵੇਲੇ ਉਨ੍ਹਾਂ ਵੱਲੋਂ ਸੁੱਟੇ ਲੀਫਲੈੱਟ ਵਿੱਚ ਲਿਖਿਆ ਸੀ : ” ਲੋਕਾਂ ਨੂੰ ਮਾਰਨਾ ਸੌਖਾ ਹੈ ,ਪਰ ਤੁਸੀਂ ਵਿਚਾਰਾਂ ਨੂੰ ਨਹੀਂ ਮਾਰ ਸਕਦੇ, ਮਹਾਨ ਸਾਮਰਾਜ ਡਿੱਗ ਗਏ, ਜਦੋਂ ਕਿ ਵਿਚਾਰ ਬਚ ਗਏ “।

ਅਸੈਂਬਲੀ ਵਿੱਚ ਬੰਬ ਸੁਟਨਾ ਸਿਰਫ ਸੰਕੇਤਕ ਯਤਨ ਸੀ, ਸਰਕਾਰ ਤੱਕ ਆਪਣੀਆਂ ਮੰਗਾਂ ਪਹੁੰਚਾਉਣ ਅਤੇ ਦੇਸ਼ ਦੀ ਆਜ਼ਾਦੀ ਲਈ ਨੌਜਵਾਨ ਵੱਲੋਂ ਕੀਤੇ ਜਾ ਰਹੇ ਯਤਨਾਂ ਵੱਲ ਧਿਆਨ ਆਕਰਸ਼ਿਤ ਕਰਨ ਲਈ । ਇਸ ਤੋ ਵੀ ਅੱਗੇ 22 ਅਕਤੂਬਰ 1929 ਨੂੰ ਜੇਲ੍ਹ ਵਿੱਚੋਂ ਹੀ ਭਗਤ ਸਿੰਘ ਦਾ ਇੱਕ ਲੇਖ ਟ੍ਰਿਬਿਊਨ ਵਿੱਚ ਪ੍ਰਕਾਸ਼ਿਤ ਹੋਇਆ, ਜਿਸ ਵਿੱਚ ਲਿਖਿਆ ਸੀ : “ਅਸੀਂ ਨੌਜਵਾਨਾਂ ਨੂੰ ਬੰਬ ਅਤੇ ਪਿਸਤੌਲ ਚੁੱਕਣ ਦੀ ਸਲਾਹ ਨਹੀਂ ਦੇ ਸਕਦੇ । ਵਿਦਿਆਰਥੀਆਂ ਦੇ ਕਰਨ ਲਈ ਇਸ ਤੇ ਜ਼ਿਆਦਾ ਵੱਡੇ ਕੰਮ ਹਨ” ।

ਜੇਲ੍ਹ ਵਿੱਚ ਭਗਤ ਸਿੰਘ ਨੇ ਬਹੁਤਾ ਸਮਾਂ ਕਿਤਾਬਾਂ ਪੜ੍ਹਨ ਤੇ ਲਗਾਇਆ। ਸਾਡੀ ਨੌਜਵਾਨ ਪੀੜ੍ਹੀ ਨੂੰ ਇਹ ਪਤਾ ਹੋਣਾ ਚਾਹੀਦਾ ਹੈ ,ਕਿ ਸ.ਭਗਤ ਸਿੰਘ ਵਿੱਚ ਪੜ੍ਹਨ ਅਤੇ ਲਿਖਣ ਦੀ ਕਿੰਨੀ ਕਾਬਲੀਅਤ ਅਤੇ ਸਮਰੱਥਾ ਸੀ , ਜਿਸ ਨੂੰ ਦੇਖ ਕੇ ਨਿਸਚੇ ਹੀ ਹੈਰਾਨੀ ਹੁੰਦੀ ਹੈ। ਉਸ ਨੇ ਲੈਨਿਨ ,ਫਰੈਡਰਿਕ ਐਗਲਜ਼, ਮਾਰਕ ਟਵੇਨ ,ਲੂਈ ਐੱਚ ਮਾਰਗਨ, ਉਮਰ ਖਿਆਮ ,ਬਰਟਰੰਡ ਰਸਲ,ਜੇਮਜ਼ ਰੈਮਜੇ ਅਤੇ ਪੈਟਰਿਕ ਹੈਨਰੀ ਵਰਗੇ ਮਹਾਨ ਲੇਖਕਾਂ ਦੀਆਂ 60 ਤੋਂ 70 ਕਿਤਾਬਾਂ ਜੇਲ੍ਹ ਵਿੱਚ ਹੀ ਪੜ੍ਹੀਆਂ । ਉਸ ਦੇ ਫਾਂਸੀ ਵਾਲੇ ਦਿਨ ਜਦੋਂ ਜੇਲ੍ਹ ਮੁਲਾਜਮ ਅੰਤਿਮ ਇਸ਼ਨਾਨ ਲਈ ਸੱਦਾ ਦੇਣ ਆਏ ਤਾਂ ਉਨ੍ਹਾਂ ਨੇ ਕਿਹਾ ਕਿ ਥੋੜ੍ਹੀ ਦੇਰ ਰੁਕੋ ਮੈਂ ਹੱਥ ਵਾਲੀ ਕਿਤਾਬ ਦੇ ਅੰਤਿਮ ਕੁੱਝ ਪੰਨੇ ਪੜ੍ਹ ਲਵਾ । ਇਸ ਤੋਂ ਮਹਾਨ ਸ਼ਹੀਦ ਦਾ ਕਿਤਾਬਾਂ ਪ੍ਰਤੀ ਲਗਾਅ ਦਾ ਪਤਾ ਲੱਗਦਾ ਹੈ ।ਅਜਿਹੀਆਂ ਗੱਲਾਂ ਹੀ ਅੱਜ ਦੇ ਭਟਕੇ ਅਤੇ ਨਸ਼ੇ ਵਿੱਚ ਗਲਤਾਨ ਹੁੰਦੇ ਨੌਜਵਾਨਾਂ ਤੱਕ ਪਹੁੰਚਾਣਾ ,ਉਸ ਮਹਾਨ ਸ਼ਹੀਦ ਦੇ ਜਨਮ ਦਿਹਾੜੇ ਤੇ ਉਸ ਪ੍ਰਤੀ ਸੱਚੀ ਸ਼ਰਧਾ ਹੈ।

ਭਗਤ ਸਿੰਘ ਨੇ ਪਵਿੱਤਰ ਅਤੇ ਮਹਾਨ ਕਾਰਜ ਦੇ ਲੇਖੇ ਸਿਰਫ਼ 23 ਸਾਲ ਦੀ ਉਮਰ ਵਿੱਚ ਹੀ ਲਾਸਾਨੀ ਕੁਰਬਾਨੀ ਕਰ ਦਿਖਾਈ । ਜਿਸ ਕਰਕੇ ਉਹ ਭਾਰਤੀਆਂ ਦੇ ਹਿਰਦੇ ਵਿਚ ਸਦਾ ਲਈ ਅਮਰ ਹੋ ਗਿਆ ।ਇਹ 23 ਸਾਲ ਦਾ ਗੱਭਰੂ ਭਗਤ ਸਿੰਘ ਅੱਜ ਵੀ ਸਾਡੇ ਨਾਲ ਤੁਰਦਾ ਆ ਰਿਹਾ ਹੈ ,ਅੱਜ ਵੀ ਨੌਜਵਾਨ ਹੈ ਅਤੇ ਨੌਜਵਾਨਾਂ ਲਈ ਮਹਾਨ ਪ੍ਰੇਰਨਾ ਸਰੋਤ ਹੈ। ਇਸ ਲਈ ਸਮੇਂ ਦੀ ਜ਼ਰੂਰਤ ਹੈ ਕਿ ਉਸ ਮਹਾਨ ਸ਼ਖ਼ਸੀਅਤ ਨੂੰ ਸਿਰਫ਼ ਜਨਮ ਦਿਹਾੜੇ ਜਾਂ ਸ਼ਹੀਦੀ ਦਿਵਸ ਤੇ ਯਾਦ ਕਰਨ ਦੀ ਬਜਾਏ, ਉਸ ਮਹਾਨ ਚਿੰਤਕ ਦੀ ਜ਼ਿੰਦਗੀ ਦੇ ਉਹ ਪੱਖ ਅਤੇ ਤੱਥ ਉਜਾਗਰ ਕਰੀਏ ਜੋ ਮੌਜੂਦਾ ਦੌਰ ਦੇ ਭਟਕੇ ਨੌਜਵਾਨਾਂ ਦੀ ਰਾਹ ਦਸੇਰਾ ਬਣ ਸਕਣ ।ਉਨ੍ਹਾਂ ਨੌਜਵਾਨਾਂ ਨੂੰ ਦੱਸਣ ਦੀ ਜ਼ਰੂਰਤ ਹੈ ਕਿ ਭਗਤ ਸਿੰਘ ਨੇ ਇਨਕਲਾਬੀ ਸੰਘਰਸ਼ ਦੌਰਾਨ ਕਿੰਨੇ ਕਸ਼ਟ ਝੱਲੇ ਅਤੇ ਥੋੜ੍ਹੇ ਸਮੇਂ ਵਿੱਚ ਕਿੰਨਾ ਬੌਧਿਕ ਵਿਕਾਸ ਕੀਤਾ ।

ਭਗਤ ਸਿੰਘ ਵੀ ਮੌਜੂਦਾ ਦੌਰ ਦੇ ਨੌਜਵਾਨਾਂ ਵਰਗਾ ਹੀ ਸੀ ਪ੍ਰੰਤੂ ਉਸ ਦਾ ਨਿਸ਼ਾਨਾ ਬਹੁਤ ਉੱਚਾ ਤੇ ਸੁੱਚਾ ਸੀ ਅਤੇ ਨਿਸ਼ਾਨੇ ਪ੍ਰਤੀ ਸਮਰਪਿਤ ਸੀ। ਜ਼ਰੂਰਤ ਹੈ ਅੱਜ ਦਾ ਨੌਜਵਾਨ ਵਰਗ ਉਸ ਨੂੰ ਆਪਣਾ ਆਦਰਸ਼ ਮੰਨਣ ,ਉਸ ਦੇ ਰਾਹ ਦੇ ਹਮਸਫਰ ਬਣਨ ਦੀ ਕੋਸ਼ਿਸ਼ ਕਰਨ। ਉਸ ਦੀ ਸ਼ਹਾਦਤ ਦੇ ਨਾਲ ਨਾਲ ਉਸ ਦੀ ਜ਼ਿੰਦਗੀ ਦੇ ਬੌਧਿਕ ਵਿਕਾਸ ਦੇ ਪੱਖ ਤੋਂ ਵੀ ਬਹੁਤ ਕੁਝ ਸਿੱਖਣ । ਅੱਜ ਜ਼ਰੂਰਤ ਭਗਤ ਸਿੰਘ ਦੇ ਵੱਡੇ ਵੱਡੇ ਪੋਸਟਰ ਲਗਾਉਣ ਜਾਂ ਉਸ ਵਰਗਾਂ ਭੇਸ ਬਣਾ ਕੇ ਵੱਡੇ ਵੱਡੇ ਸਮਾਗਮ ਕਰਕੇ ਦਿਖਾਵਾ ਕਰਨ ਦੀ ਨਹੀਂ ,ਬਲਕਿ ਉਸ ਦੀ ਸੋਚ ਅਤੇ ਵਿਚਾਰਧਾਰਾ ਨੂੰ ਅਪਨਾ ਕੇ ਉਸ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੀ ਹੈ ।

ਉਹ ਦੇਸ਼ ਵਾਸੀਆਂ ਨੂੰ ਜਿੱਥੇ ਅੰਗਰੇਜ਼ਾਂ ਤੋਂ ਆਜ਼ਾਦ ਕਰਵਾਉਣਾ ਚਾਹੁੰਦਾ ਸੀ ਉੱਥੇ ਅਨਿਆਂ ,ਅੱਤਿਆਚਾਰ, ਭੁੱਖ, ਗਰੀਬੀ, ਲੁੱਟ ,ਨਾ ਬਰਾਬਰੀ ਅਤੇ ਮਹਾਂਮਾਰੀ ਤੋਂ ਵੀ ਨਿਜਾਤ ਦਿਵਾਉਣਾ ਚਾਹੁੰਦਾ ਸੀ । ਧੂਮਕੇਤੂ ਤਾਰੇ ਦੀ ਤਰ੍ਹਾਂ ਰਾਜਸੀ ਆਕਾਸ਼ ਵਿੱਚ ਭਗਤ ਸਿੰਘ ਥੋੜ੍ਹੇ ਸਮੇਂ ਲਈ ਉੱਭਰਿਆ , 23 ਮਾਰਚ 1931ਨੂੰ ਆਪਣੀ ਸ਼ਹਾਦਤ ਤੋਂ ਪਹਿਲਾਂ ਉਹ ਕਰੋੜਾਂ ਅੱਖਾਂ ਦਾ ਤਾਰਾ ਅਤੇ ਭਾਰਤ ਦੀ ਰੂਹ ਅਤੇ ਉਮੰਗ ਦਾ ਚਿੰਨ੍ਹ ਬਣ ਗਿਆ ਸੀ । ਭਗਤ ਸਿੰਘ ਦੀ ਬਹਾਦਰੀ, ਬੁੱਧੀਮਾਨੀ ਅਤੇ ਬਲਿਦਾਨ ਸਾਹਮਣੇ ਸਾਡਾ ਸਿਰ ਝੁਕ ਜਾਂਦਾ ਹੈ ।ਇਹ ਮਹਾਨ ਸ਼ਹਾਦਤ ਨੌਜਵਾਨਾਂ ਲਈ ਹਮੇਸ਼ਾ ਰਾਹ ਦਸੇਰੇ ਵਜੋਂ ਕੰਮ ਕਰੇਗੀ ।

ਡਾ. ਸਤਿੰਦਰ ਸਿੰਘ ( ਪੀ ਈ ਐਸ)
ਸਟੇਟ ਅਤੇ ਨੈਸ਼ਨਲ ਅਵਾਰਡੀ
ਧਵਨ ਕਲੋਨੀ
ਫਿਰੋਜ਼ਪੁਰ ਸ਼ਹਿਰ।
9815427554

Media PBN Staff

Media PBN Staff

Leave a Reply

Your email address will not be published. Required fields are marked *