ਅਧਿਆਪਕਾਂ ਦੀ ਸਿੱਖਿਆ ਵਿਭਾਗ ਦੇ ਉੱਚ ਅਫ਼ਸਰਾਂ ਨਾਲ ਪ੍ਰਮੋਸ਼ਨਾਂ ਨੂੰ ਲੈਕੇ ਹੋਈ ਅਹਿਮ ਮੀਟਿੰਗ, ਕਈ ਮੰਗਾਂ ‘ਤੇ ਬਣੀ ਸਹਿਮਤੀ
Punjab News –
ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਵਫਦ ਵੱਲੋਂ ਲੈਕਚਰਾਰ ਪ੍ਰਮੋਸ਼ਨ ਉਪਰੰਤ ਜਾਰੀ ਸਟੇਸ਼ਨ ਆਰਡਰਾਂ ਦਰਮਿਆਨ ਅਧਿਆਪਕਾਂ ਨੂੰ ਦਰਪੇਸ਼ ਸਮੱਸਿਆਵਾਂ ਸਬੰਧੀ ਡਾਇਰੈਕਟਰ ਸਕੂਲ ਸਿੱਖਿਆ (ਸੈਕੰਡਰੀ) ਗੁਰਿੰਦਰ ਸਿੰਘ ਸੌਢੀ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਸਹਾਇਕ ਡਾਇਰੈਕਟਰ ਕਮ ਇੰਚਾਰਜ ਪ੍ਰਮੋਸ਼ਨ ਸੈੱਲ ਡਾ. ਅਮਨਦੀਪ ਕੌਰ, ਸਹਾਇਕ ਡਾਇਰੈਕਟਰ (ਟਰਾਂਸਫਰ) ਮਹੇਸ਼ ਕੁਮਾਰ ਅਤੇ ਪ੍ਰਮੋਸ਼ਨ ਸੈੱਲ ਦੇ ਹੋਰ ਅਧਿਕਾਰੀ ਵੀ ਸ਼ਾਮਿਲ ਰਹੇ।
ਇਸ ਦੌਰਾਨ ਹੇਠ ਲਿਖੇ ਮਾਮਲਿਆਂ ਸਬੰਧੀ ਗੱਲਬਾਤ ਕੀਤੀ ਗਈ:- ਕਈ ਥਾਈਂ ਇੱਕੋ ਸਟੇਸ਼ਨ ‘ਤੇ ਦੋ ਅਧਿਆਪਕਾਂ ਨੂੰ ਆਰਡਰ ਮਿਲਣ ਕਾਰਨ ਸੰਬੰਧਿਤ ਅਧਿਆਪਕਾਂ ਨੂੰ ਹੋਈ ਭਾਰੀ ਪਰੇਸ਼ਾਨੀ ਬਾਰੇ ਡੀਐਸਈ (ਸੈ) ਕੋਲ ਜਥੇਬੰਦੀ ਵੱਲੋਂ ਇਤਰਾਜ ਜਾਹਰ ਕੀਤਾ ਗਿਆ। ਇਸ ਮਸਲੇ ਦਾ ਯੋਗ ਹੱਲ ਕੱਢਣ ਦੀ ਮੰਗ ਕੀਤੀ ਗਈ।
ਡੀਐਸਈ ਵੱਲੋਂ ਅਜਿਹੇ ਮਾਮਲਿਆਂ ਲਈ ਸੂਚੀ ਬਣਾਉਣ ਮੌਕੇ ਤਕਨੀਕੀ ਖਾਮੀ ਰਹਿਣ ਦੀ ਗੱਲ ਕਬੂਲੀ ਗਈ ਅਤੇ ਇਸ ਮਸਲੇ ਨੂੰ ਪਹਿਲ ਅਧਾਰਿਤ ਹੱਲ ਕਰਨ ਅਤੇ ਪੀੜਤ ਅਧਿਆਪਕਾਂ ਨੂੰ ਮੁੜ ਤੋਂ ਢੁੱਕਵੇਂ ਸਟੇਸ਼ਨ ਅਲਾਟ ਕਰਕੇ ਯੋਗ ਹੱਲ ਕੱਢਣ ਦਾ ਭਰੋਸਾ ਦਿੱਤਾ ਗਿਆ।
ਜਥੇਬੰਦੀ ਵੱਲੋਂ ਡੀ.ਐੱਸ.ਈ. ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਕੁਝ ਥਾਈ ਸੀਨਿਆਰਤਾ ਵਿੱਚ ਅੱਗੇ ਹੋਣ ਦੇ ਬਾਵਜੂਦ ਅਧਿਆਪਕਾਂ ਵੱਲੋਂ ਮੰਗਿਆ ਸਟੇਸ਼ਨ ਜੂਨੀਅਰ ਨੂੰ ਅਲਾਟ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਕੁੱਝ ਮਾਮਲਿਆਂ ਵਿੱਚ physically challenged ਕੈਟਾਗਰੀ ਦੇ ਅਧਿਆਪਕਾਂ ਨੂੰ ਸਟੇਸ਼ਨ ਅਲਾਟਮੈਂਟ ਵਿੱਚ ਪ੍ਰਮੁੱਖਤਾ ਨਾ ਮਿਲਣ ਦਾ ਮੁੱਦਾ ਵੀ ਰੱਖਿਆ ਗਿਆ। ਜਥੇਬੰਦੀ ਵੱਲੋਂ ਅਜਿਹੇ ਮਾਮਲਿਆਂ ਦੀ ਗੰਭੀਰਤਾ ਨਾਲ ਜਾਂਚ ਕਰਕੇ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ।
ਮੀਟਿੰਗ ਵਿੱਚ ਪ੍ਰੋਮੋਸ਼ਨ ਸੈੱਲ ਦੇ ਅਧਿਕਾਰੀਆਂ ਵੱਲੋਂ ਇਸ ਬਾਰੇ ਕੋਈ ਤਸੱਲੀ ਬਖ਼ਸ਼ ਜਵਾਬ ਨਹੀਂ ਦਿੱਤਾ ਗਿਆ। ਹਾਲਾਂਕਿ ਡੀਐਸਈ ਵੱਲੋਂ ਅਜਿਹੇ ਮਸਲੇ ਇੱਕ-ਇੱਕ ਕਰਕੇ ਜਾਂਚਣ ਅਤੇ ਅਧਿਆਪਕਾਂ ਨੂੰ ਇਨਸਾਫ਼ ਦੇਣ ਹਿੱਤ ਢੁੱਕਵੀਂ ਕਾਰਵਾਈ ਕਰਨ ਦਾ ਭਰੋਸਾ ਜਰੂਰ ਦਿੱਤਾ ਗਿਆ ਹੈ।
ਜਥੇਬੰਦੀ ਵੱਲੋਂ ਡੀ.ਐਸ.ਈ. ਨੂੰ ਦੱਸਿਆ ਗਿਆ ਕਿ ਸਟੇਸ਼ਨ ਅਲੋਟਮੈਂਟ ਵਿੱਚ ਹੋਈ ਦੇਰੀ ਕਾਰਨ ਕੁਝ ਅਧਿਆਪਕ ਡੀਈਓ ਦਫਤਰ ਵਿਖੇ ਹਾਜ਼ਰ ਹੋਣ ਤੋਂ ਬਾਅਦ ਸਟੇਸ਼ਨ ਅਲੋਟਮੈਂਟ ਦੇ ਆਰਡਰ ਪ੍ਰਾਪਤ ਕਰਨ ਤੋਂ ਪਹਿਲਾਂ ਹੀ ਸੇਵਾ ਮੁਕਤ ਹੋ ਗਏ ਹਨ। ਜਿਸ ਕਾਰਨ ਸਬੰਧਤ ਅਧਿਆਪਕਾਂ ਨੂੰ ਮਿਲਣਯੋਗ ਲਾਭ ਬਾਰੇ ਦੁਵਿਧਾ ਦੀ ਸਥਿਤੀ ਬਣੀ ਹੋਈ ਹੈ। ਡੀਟੀਐਫ ਵੱਲੋਂ ਸੂਚੀ ਵਿੱਚ ਸ਼ਾਮਿਲ ਸਾਰੇ ਪ੍ਰਮੋਟੀ ਅਧਿਆਪਕਾਂ ਨੂੰ ਲੈਕਚਰਾਰ ਪ੍ਰਮੋਸ਼ਨ ਦੇ ਹਰ ਤਰ੍ਹਾਂ ਦੇ ਲਾਭ ਡੀਈਓ ਦਫਤਰ ਜੁਆਇਨਿੰਗ ਤੋਂ ਦੇਣ ਸਬੰਧੀ ਸਪੱਸ਼ਟੀਕਰਨ ਪੱਤਰ ਜਾਰੀ ਕਰਨ ਦੀ ਮੰਗ ਕੀਤੀ ਗਈ।
ਮੰਗ ਨਾਲ ਸਹਿਮਤੀ ਜਿਤਾਉਂਦਿਆਂ ਡੀ.ਐਸ.ਈ. (ਸੈਕੰਡਰੀ) ਵੱਲੋਂ ਭਰੋਸਾ ਦਿੱਤਾ ਗਿਆ ਕਿ ਵਿਭਾਗ ਵੱਲੋਂ ਜਲਦ ਇਸ ਬਾਰੇ ਪੱਤਰ ਜਾਰੀ ਕਰ ਦਿੱਤਾ ਜਾਵੇਗਾ।
ਜਥੇਬੰਦੀ ਵੱਲੋਂ ਵਰਕਸ਼ਾਪ ਅਟੈਂਡੈਂਟ ਤੋਂ ਵੋਕਸ਼ਨਲ ਟੀਚਰ/ਵਰਕ ਐਕਸਪੀਰੀਅਸ ਟੀਚਰ ਦੀਆਂ ਤਰੱਕੀਆਂ ਨੂੰ ਕਈ ਸਾਲਾਂ ਤੋਂ ਲਟਕਾਉਣ ਵਿੱਚ ਵੋਕੇਸ਼ਨਲ ਬ੍ਰਾਂਚ ਦੇ ਸਬੰਧਿਤ ਅਧਿਕਾਰੀਆਂ ਦੀ ਗ਼ੈਰ-ਗੰਭੀਰ ਭੂਮਿਕਾ ‘ਤੇ ਸਵਾਲ ਵੀ ਚੁੱਕੇ ਗਏ। ਡਾਇਰੈਕਟਰ ਵੱਲੋਂ ਇਹਨਾਂ ਪ੍ਰਮੋਸ਼ਨਾਂ ਨੂੰ ਪਹਿਲ ਦੇ ਅਧਾਰ ‘ਤੇ ਜਲਦ ਮੁਕੰਮਲ ਕਰਨ ਵਿੱਚ ਖੁਦ ਦਖ਼ਲ ਦੇਣ ਦਾ ਭਰੋਸਾ ਦਿੱਤਾ ਗਿਆ।

