ਵੱਡੀ ਖ਼ਬਰ: ਸੁਪਰੀਮ ਕੋਰਟ ਦੇ ਚੀਫ਼ ਜਸਟਿਸ ‘ਤੇ ਜੁੱਤੀ ਸੁੱਟਣ ਦੀ ਕੋਸ਼ਿਸ਼
ਨਵੀਂ ਦਿੱਲੀ
ਸੁਪਰੀਮ ਕੋਰਟ ਵਿੱਚ ਅੱਜ ਇੱਕ ਗੰਭੀਰ ਘਟਨਾ ਵਾਪਰੀ, ਜਿੱਥੇ ਇੱਕ ਵਕੀਲ ਨੇ ਚੀਫ਼ ਜਸਟਿਸ ਆਫ਼ ਇੰਡੀਆ (CJI) ਬੀ.ਆਰ. ਗਵਾਈ ਤੇ ਜੁੱਤੀ ਸੁੱਟਣ ਦੀ ਕੋਸ਼ਿਸ਼ ਕੀਤੀ।
ਇਹ ਵਾਕਿਆ ਕੋਰਟ ਨੰਬਰ 1 ਵਿੱਚ ਸੁਣਵਾਈ ਦੌਰਾਨ ਵਾਪਰਿਆ, ਜਿੱਥੇ ਸੁਰੱਖਿਆ ਅਧਿਕਾਰੀਆਂ ਨੇ ਤੁਰੰਤ ਵਕੀਲ ਨੂੰ ਰੋਕ ਲਿਆ ਅਤੇ ਉਸਨੂੰ ਕੋਰਟ ਰੂਮ ਤੋਂ ਬਾਹਰ ਕੱਢ ਦਿੱਤਾ। ਵਕੀਲ ਨੂੰ ਦਿੱਲੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਤਫ਼ਤੀਸ਼ ਜਾਰੀ ਹੈ।
ਘਟਨਾ ਅੱਜ ਸਵੇਰੇ ਲਗਭਗ 11:35 ਵਜੇ ਵਾਪਰੀ, ਜਦੋਂ CJI ਗਵਾਈ ਦੀ ਅਦਾਲਤ ਵਿੱਚ ਕੇਸਾਂ ਦੀ ਸੁਣਵਾਈ ਜਾਰੀ ਸੀ। ਵਕੀਲ ਨੇ ਡੈਸ ਨੇੜੇ ਪਹੁੰਚ ਕੇ ਆਪਣੇ ਸਪੋਰਟਸ ਸ਼ੂਜ਼ ਉਤਾਰਨ ਦੀ ਕੋਸ਼ਿਸ਼ ਕੀਤੀ ਅਤੇ ਜੁੱਤੀ ਨੂੰ ਜੱਜ ਵੱਲ ਸੁੱਟਣ ਲੱਗਾ।
ਹਿਰਾਸਤ ਵਿੱਚ ਲਏ ਗਏ ਵਕੀਲ ਦਾ ਨਾਮ ਰਾਕੇਸ਼ ਕਿਸ਼ੋਰ ਹੈ, ਜੋ 71 ਸਾਲ ਦਾ ਹੈ ਅਤੇ ਮਯੂਰ ਵਿਹਾਰ, ਦਿੱਲੀ ਦਾ ਰਹਿਣ ਵਾਲਾ ਹੈ। ਉਹ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦਾ ਰਜਿਸਟਰਡ ਮੈਂਬਰ ਹੈ। ਬਾਹਰ ਨਿਕਲਦੇ ਹੋਏ ਉਸਨੇ ਨਾਅਰਾ ਲਾਇਆ ਕਿ, “ਸਨਾਤਨ ਦਾ ਅਪਮਾਨ ਨਹੀਂ ਸਹਿਣਗੇ”।
ਇਹੋ ਜਿਹੀਆਂ ਘਟਨਾ ਨਾਲ ਕੋਈ ਫ਼ਰਕ ਨਹੀਂ ਪੈਂਦਾ : CJI ਗਵਾਈ
CJI ਗਵਾਈ ਨੇ ਕਿਹਾ ਕਿ ਇਹੋ ਜਿਹੀਆਂ ਘਟਨਾ ਨਾਲ ਕੋਈ ਫ਼ਰਕ ਨਹੀਂ ਪੈਂਦਾ। ਉਹਨਾਂ ਨੇ ਵਕੀਲਾਂ ਨੂੰ ਕਿਹਾ: “ਇਹ ਗੱਲਾਂ ਮੈਨੂੰ ਪ੍ਰਭਾਵਿਤ ਨਹੀਂ ਕਰਦੀਆਂ। ਅੱਗੇ ਵਧੋ ਅਤੇ ਕੰਮ ਜਾਰੀ ਰੱਖੋ।” ਅਦਾਲਤ ਨੇ ਤੁਰੰਤ ਕਾਰਵਾਈ ਜਾਰੀ ਰੱਖੀ ਅਤੇ ਕੋਈ ਵਿਘਨ ਨਹੀਂ ਹੋਇਆ। CJI ਨੂੰ Z+ ਸੁਰੱਖਿਆ ਪ੍ਰਦਾਨ ਕੀਤੀ ਹੋਈ ਹੈ।
ਦਿੱਲੀ ਪੁਲਿਸ ਨੇ ਤੁਰੰਤ ਸੁਪਰੀਮ ਕੋਰਟ ਪਹੁੰਚ ਕੇ ਵਕੀਲ ਨੂੰ ਹਿਰਾਸਤ ਵਿੱਚ ਲਿਆ ਅਤੇ ਰਜਿਸਟਰਾਰ ਜਨਰਲ ਨਾਲ ਤਾਲਮੇਲ ਕਰ ਰਹੀ ਹੈ। ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਨੇ ਵੀ ਘਟਨਾ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਅੰਦਰੂਨੀ ਜਾਂਚ ਦੀ ਸੰਭਾਵਨਾ ਹੈ।

