Punjab News- ਭਗਵੰਤ ਮਾਨ ਸਰਕਾਰ ਦੀ ਅਧਿਆਪਕਾਂ ਨੇ ਖੋਲ੍ਹੀ ਪੋਲ, ਸੰਗਰੂਰ ‘ਚ ਕੀਤਾ ਰੋਸ ਮਾਰਚ

All Latest NewsNews FlashPunjab News

 

Punjab News- ਪੰਜਾਬ ਸਰਕਾਰ ਦੀਆਂ ਵਾਅਦਿਆਂ ਖਿਲਾਫੀਆਂ ਤੋਂ ਅੱਗੇ ਈ ਟੀ ਟੀ ਟੈੱਟ ਪਾਸ ਅਧਿਆਪਕ ਐਸੋਸੀਏਸ਼ਨ (6505) ਜੈ ਸਿੰਘ ਵਾਲਾ ਦੀ ਅਗਵਾਈ ਹੇਠ  ਸੰਗਰੂਰ ਜ਼ਿਲ੍ਹੇ ਦੇ ਪਿੰਡ ਜਖੇਪਲ ਵਿਖੇ ਸਰਕਾਰ ਦੇ ਵਿਰੁੱਧ ਇੱਕ ਭੰਡੀ ਪ੍ਰਚਾਰ ਅਤੇ ਪੋਲ ਖੋਲ੍ਹ ਰੈਲੀ ਕੀਤੀ ਗਈ ਜਿਸ ਦੌਰਾਨ ਪਿੰਡ ਵਾਸੀਆਂ  ਨੂੰ ਪੈਂਫਲਿਟ ਵੰਡੇ ਗਏ ਅਤੇ ਕੰਧਾਂ ਤੇ ਇਸ਼ਤਿਹਾਰ ਲਾ ਕੇ ਦੱਸਿਆ ਗਿਆ ਕਿ ਕਿਸ ਤਰ੍ਹਾਂ ਸਰਕਾਰ ਉਹਨਾਂ ਨਾਲ ਧੱਕਾ ਕਰ ਰਹੀ ਹੈ।

ਇਸ ਮੌਕੇ ਅਧਿਆਪਕਾਂ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਹਰ ਆਗੂ ਨੇ ਉਹਨਾਂ ਨਾਲ ਪਿਛਲੀ ਸਰਕਾਰ ਵੱਲੋਂ ਕੀਤਾ ਗਿਆ ਧੱਕਾ ਖਤਮ ਕਰਕੇ ਇਨਸਾਫ ਦਿਵਾਉਣ ਦਾ ਵਾਅਦਾ ਕੀਤਾ ਸੀ ਜੋ ਚਾਰ ਸਾਲ ਬਾਅਦ ਵੀ ਵਫਾ ਨਹੀਂ ਹੋ ਸਕਿਆ ਹੈ।

ਉਹਨਾਂ ਆਖਿਆ ਕਿ ਇਸੇ ਕਾਰਨ ਹੀ ਪਿੰਡ ਦੇ ਲੋਕਾਂ ਨੂੰ ਜਾਗਰੁਕ ਕੀਤਾ ਗਿਆ ਹੈ ਕਿ ਉਹ ਮੌਜੂਦਾ ਹਕੂਮਤ ਅਤੇ ਆਪ ਦੇ ਗੁੰਮਰਾਹਕੁਨ ਪ੍ਰਚਾਰ ਤੋਂ ਬਚਣ। ਉਹਨਾਂ ਦੋਸ਼ ਲਾਇਆ ਕਿ ਬਾਰ-ਬਾਰ ਮੀਟਿੰਗਾਂ ਕਰਨ ਦੇ ਬਾਵਜੂਦ ਵੀ ਸਰਕਾਰ ਉਹਨਾਂ ਨੂੰ ਲਾਰਿਆਂ ਵਿੱਚ ਰੱਖ ਰਹੀ ਹੈ।

ਯੂਨੀਅਨ ਦੇ ਸੂਬਾ ਪ੍ਰਧਾਨ ਕਮਲ ਠਾਕੁਰ  ਨੇ ਦੱਸਿਆ ਕਿ ਕਿਸ ਤਰ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਧਰਨੇ ਵਿੱਚ ਆ ਕੇ ਕਹਿੰਦੇ ਸਨ ਕਿ ਸਾਡੀ ਸਰਕਾਰ ਬਣਨ ਤੇ ਤੁਹਾਡਾ 180 ਦਾ ਮਸਲਾ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਅੱਜ ਸਰਕਾਰ ਬਣੀ ਨੂੰ ਸਾਢੇ ਤਿੰਨ ਸਾਲ ਤੋਂ ਜਿਆਦਾ ਹੋਣ ਦੇ ਬਾਵਜੂਦ ਵੀ ਮਸਲਾ ਹੱਲ ਨਹੀਂ ਕੀਤਾ ਜਾ ਰਿਹਾ ਤੇ ਲਾਰੇਬਾਜ਼ੀ ਕਰਕੇ ਮਸਲੇ ਨੂੰ ਲਮਕਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਕਈ ਵਾਰ ਮੀਟਿੰਗ ਦੇ ਕੇ ਉਸ ਵਿੱਚ ਮਸਲਾ ਹੱਲ ਨਹੀਂ ਕੀਤਾ ਜਾਂਦਾ ਤੇ ਟਾਈਮ ਟਪਾਇਆ ਜਾਂਦਾ ਹੈ ਇਸ ਲਾਰੇਬਾਜੀ ਤੋਂ ਦੁਖੀ ਹੋ ਕੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਹੋਏ ਅਧਿਆਪਕ ਕਿਸਾਨਾਂ ਦੇ ਸਮਰੱਥਨ ਨਾਲ ਅੱਜ ਵੱਡੀ ਗਿਣਤੀ ਵਿੱਚ ਪਿੰਡ ਜਖੇਪਲ ਵਿੱਚ ਸਰਕਾਰ ਦੇ ਵਿਰੁੱਧ ਇਕੱਠੇ ਹੋਏ।

ਇਸ ਤੋਂ ਇਲਾਵਾ ਜਨਰਲ ਸਕੱਤਰ ਸੋਹਣ ਸਿੰਘ ਬਰਨਾਲਾ ਨੇ ਦੱਸਿਆ ਕਿ ਕਿਸ ਤਰ੍ਹਾਂ 180 ਈ ਟੀ ਟੀ ਅਧਿਆਪਕਾਂ ਦੀ ਪਿਛਲੇ ਪੰਜ ਸਾਲ ਦੀ ਸਰਵਿਸ ਨੂੰ ਬਿਨਾਂ ਕਿਸੇ ਕਾਰਨ ਖਤਮ ਕੀਤਾ ਗਿਆ। ਉਹਨਾਂ ਦੱਸਿਆ ਕਿ ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਦੁਆਰਾ ਅਪਣੀ ਰਿਪੋਰਟ ਲਿਖਤੀ ਰੂਪ ਵਿੱਚ ਤਿਆਰ ਕਰਕੇ ਸਾਰੀ ਗਲਤੀ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦੀ ਕੱਢਣ ਉਪਰੰਤ ਵੀ ਵਿੱਤ ਮੰਤਰੀ ਵੱਲੋਂ ਮਸਲਾ ਹੱਲ ਨਹੀਂ ਕੀਤਾ ਜਾ ਰਿਹਾ ਹੈ‌।

ਭਰਾਤਰੀ ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ  ਕਿ ਕਿਸ ਤਰ੍ਹਾਂ ਸਰਕਾਰ ਵੱਖ – ਵੱਖ ਵਰਗਾਂ ਦੇ ਲੋਕਾਂ ਵਿੱਚ ਮਾਤਾਵਾਂ- ਭੈਣਾਂ ਨੂੰ 1000-1000 ਰੁਪਿਆ ਦੇਣਾ, ਬੇਰੁਜਗਾਰਾਂ ਨੂੰ ਨੌਕਰੀਆਂ ਦੇਣਾ, ਕਿਸਾਨਾਂ ਨੂੰ 5 ਮਿੰਟ ਵਿੱਚ MSP ਦੇਣਾ, ਕਿਸਾਨਾਂ ਨੂੰ ਫ਼ਸਲਾਂ ਦੇ ਨੁਕਸਾਨ ਦਾ ਮੁਆਵਜ਼ਾ ਦੇਣਾ ਅਤੇ ਹਸਪਤਾਲਾਂ ਵਿੱਚ ਲੋਕਾਂ ਨੂੰ ਫ੍ਰੀ ਇਲਾਜ਼ ਦੀ ਸਹੂਲਤ ਦੇਣਾ ਵਰਗੇ ਵਾਅਦਿਆਂ ਤੋਂ ਭੱਜ ਚੁੱਕੀ ਹੈ।

ਇਸ ਪੋਲ ਖੋਲ ਰੈਲੀ ਵਿੱਚ ਗੌਰਮਿੰਟ ਟੀਚਰ ਯੂਨੀਅਨ ਪੰਜਾਬ ਤੋਂ ਵੱਡੀ ਗਿਣਤੀ ਵਿੱਚ ਅਧਿਆਪਕ ਹਾਜ਼ਰ ਹੋਏ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਕਾਰਕੁਨਾਂ ਨੇ ਵੀ ਇਸ ਰੈਲੀ ਵਿੱਚ ਸ਼ਿਰਕਤ ਕੀਤੀ ਅਤੇ 180 ਅਧਿਆਪਕਾਂ ਦੇ ਸੰਘਰਸ਼ ਦੀ ਹਮਾਇਤ ਕਰਨ ਦਾ ਐਲਾਨ ਕੀਤਾ। ਯੂਨੀਅਨ ਆਗੂਆਂ ਨੇ ਦੱਸਿਆ ਕਿ ਜੇਕਰ ਸਾਡਾ ਮਸਲਾ ਹੱਲ ਨਹੀਂ ਕੀਤਾ ਜਾਂਦਾ ਤਾਂ ਆਉਣ ਵਾਲੇ ਦਿਨਾਂ ਵਿੱਚ ਹਲਕੇ ਦਿੜ੍ਹਬੇ ਵਿੱਚ ਵੱਡੀ ਪੱਧਰ ਤੇ ਗੁਪਤ ਐਕਸ਼ਨ ਕੀਤੇ ਜਾਣਗੇ ਅਤੇ ਪਿੰਡਾਂ ਵਿੱਚ ਜਾ ਕੇ ਸਰਕਾਰ ਦੇ ਵਿਰੁੱਧ ਭੰਡੀ ਪ੍ਰਚਾਰ ਕੀਤਾ ਜਾਵੇਗਾ।

ਇਸ ਰੈਲੀ ਵਿੱਚ ਸੂਬਾ ਪ੍ਰਧਾਨ ਕਮਲ ਠਾਕੁਰ,ਜਨਰਲ ਸਕੱਤਰ ਸੋਹਨ ਸਿੰਘ ਬਰਨਾਲਾ ਵਿੱਤ ਸਕੱਤਰ ਗੁਰਮੁਖ ਸਿੰਘ ਪਟਿਆਲਾ ਅਤੇ ਹੋਰ ਅਧਿਆਪਕ ਆਗੂਆਂ ਤੋਂ ਇਲਾਵਾ ਗੌਰਮਿਟ ਟੀਚਰ ਯੂਨੀਅਨ ਦੇ ਸੰਗਰੂਰ ਤੋਂ ਜਿਲ੍ਹਾ ਪ੍ਰਧਾਨ ਦੇਵੀ ਦਿਆਲ, ਜਨਰਲ ਸਕੱਤਰ ਫ਼ਕੀਰ ਸਿੰਘ ਹਾਜ਼ਰ ਸਨ।

ਜੋਗਿੰਦਰ ਸਿੰਘ ਵਰ੍ਹੇ ਪ੍ਰਧਾਨ 6505 ਈ ਟੀ ਟੀ, ਪਵਨ ਕੁਮਾਰ ਸੀਨੀਅਰ ਮੀਤ ਪ੍ਰਧਾਨ, ਰਾਕੇਸ਼ ਗੁਰਦਾਸਪੁਰ, ਵਿਕਰਮਜੀਤ ਸਿੰਘ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੋਂ ਜਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ, ਸੁਨਾਮ ਤੋਂ ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ,ਜਖੇਪਲ ਤੋਂ ਇਕਾਈ ਪ੍ਰਧਾਨ ਧੰਨ ਸਿੰਘ ਮਿਸ਼ਰੀ, ਦਰਸ਼ਨ ਸਿੰਘ ਇਕਾਈ ਪ੍ਰਧਾਨ, ਬਲਕਾਰ ਸਿੰਘ, ਇਕਾਈ ਪ੍ਰਧਾਨ ਕਣਕਵਾਲ, ਸ਼ਮਸ਼ੇਰ ਸਿੰਘ ਇਕਾਈ ਪ੍ਰਧਾਨ ਦੋਲੇਵਾਲ, ਮਾਣਕ ਸਿੰਘ ਕਣਕਵਾਲ ਜਿਲਾ ਪ੍ਰਧਾਨ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਧਿਆਪਕਾਂ ਸਮੇਤ ਕਿਸਾਨ ਹਾਜ਼ਰ ਸਨ।

 

Media PBN Staff

Media PBN Staff

Leave a Reply

Your email address will not be published. Required fields are marked *