ਮਿਡ ਡੇ ਮੀਲ ਸਹਾਇਕ ਬਲਾਕ ਮੈਨੇਜਰਾਂ ਨਾਲ ਪੰਜਾਬ ਸਰਕਾਰ ਵੱਲੋਂ ਹੋ ਰਹੀ ਬੇਰੁਖ਼ੀ ਤੇ ਵਿਤਕਰਾ ਅਤਿ ਮੰਦਭਾਗਾ-ਕੁਲਦੀਪ ਔਲਖ
ਮਿਡ ਡੇ ਮੀਲ ਸਹਾਇਕ ਬਲਾਕ ਮੈਨੇਜਰਾਂ ਨਾਲ ਪੰਜਾਬ ਸਰਕਾਰ ਵੱਲੋਂ ਹੋ ਰਹੀ ਬੇਰੁਖ਼ੀ ਤੇ ਵਿਤਕਰਾ ਅਤਿ ਮੰਦਭਾਗਾ-ਕੁਲਦੀਪ ਔਲਖ
ਪੰਜਾਬ ਨੈੱਟਵਰਕ, ਫ਼ਿਰੋਜ਼ਪੁਰ
ਈ.ਟੀ.ਟੀ ਅਧਿਆਪਕ ਯੂਨੀਅਨ, ਫ਼ਿਰੋਜ਼ਪੁਰ ਦੇ ਅਧਿਆਪਕ ਆਗੂ ਕੁਲਦੀਪ ਔਲਖ ਨੇ ਮਿਡ ਡੇ ਮੀਲ ਸਕੀਮ ਹੇਠ ਕੰਮ ਕਰ ਰਹੇ ਸਹਾਇਕ ਬਲਾਕ ਮੈਨੇਜਰਾਂ ਨਾਲ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ ਹੋ ਰਹੀ ਲਗਾਤਾਰ ਬੇਰੁਖ਼ੀ ਅਤੇ ਵਿਤਕਰੇ ਦੀ ਤਿੱਖੀ ਨਿੰਦਾ ਕੀਤੀ ਹੈ। ਉਹਨਾਂ ਕਿਹਾ ਕਿ ਇਹ ਕਰਮਚਾਰੀ ਪਿਛਲੇ 16 ਸਾਲਾਂ ਤੋਂ ਬਹੁਤ ਘੱਟ ਤਨਖਾਹਾਂ ‘ਤੇ ਪੂਰੀ ਤਨਦੇਹੀ ਨਾਲ ਸੇਵਾ ਨਿਭਾ ਰਹੇ ਹਨ, ਪਰ ਵਿਭਾਗ ਵੱਲੋਂ ਕਈ ਵਾਰ ਧੋਖਾ ਕੀਤਾ ਗਿਆ ਹੈ। ਕੈਬਿਨਟ ਸਬ ਕਮੇਟੀ ਵੱਲੋਂ ਹਰ ਬੈਠਕ ਵਿੱਚ ਮਿਡ ਡੇ ਮੀਲ ਕਰਮਚਾਰੀਆਂ ਨੂੰ ਵੀ ਸਮੱਗਰਾ ਸਿੱਖਿਆ ਅਭਿਆਨ ਦੇ ਕਰਮਚਾਰੀਆਂ ਦੀ ਤਰ੍ਹਾਂ ਰੈਗੂਲਰ ਕਰਨ ਲਈ ਕਿਹਾ ਗਿਆ ਸੀ, ਪਰ ਵਿਭਾਗੀ ਅਧਿਕਾਰੀਆਂ ਨੇ ਇਸ ਫ਼ੈਸਲੇ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਉਹਨਾਂ ਦੱਸਿਆ ਕਿ ਸਾਲ 2014 ਵਿੱਚ ਜਦੋਂ ਸਮੱਗਰਾ ਸਿੱਖਿਆ ਅਭਿਆਨ ਸੁਸਾਇਟੀ ਦੇ ਕਰਮਚਾਰੀਆਂ ਦੀ ਤਨਖਾਹ ਵਿੱਚ ਵਾਧਾ ਕੀਤਾ ਗਿਆ ਸੀ, ਤਦ ਮਿਡ ਡੇ ਮੀਲ ਕਰਮਚਾਰੀਆਂ ਨੂੰ ਵੱਖਰਾ ਕਰ ਦਿੱਤਾ ਗਿਆ।
ਦਸੰਬਰ 2024 ਵਿੱਚ ਵੀ ਵਿਭਾਗ ਨੇ ਲੇਖਾਕਾਰਾਂ ਦੀ ਤਨਖਾਹ ਸਮੱਗਰਾ ਦੇ ਬਰਾਬਰ ਕਰ ਦਿੱਤੀ, ਪਰ ਸਹਾਇਕ ਬਲਾਕ ਮੈਨੇਜਰਾਂ ਨੂੰ ਫਿਰ ਅਣਡਿੱਠਾ ਕੀਤਾ ਗਿਆ। ਸਭ ਤੋਂ ਵੱਡਾ ਧੱਕਾ ਉਸ ਵੇਲੇ ਲੱਗਾ ਜਦੋਂ ਵਿੱਤ ਵਿਭਾਗ ਵੱਲੋਂ 2019 ਵਿੱਚ ਦੋਹਾਂ ਸੁਸਾਇਟੀਆਂ ਦੇ ਕਰਮਚਾਰੀਆਂ ਨੂੰ ਰੈਗੂਲਰ ਕਰਨ ਦੀ ਮੰਜੂਰੀ ਦੇ ਬਾਵਜੂਦ, ਜੁਲਾਈ 2025 ਵਿੱਚ ਜਦੋਂ ਅਸਾਮੀਆਂ ਦੀ ਰਚਨਾ ਦੁਬਾਰਾ ਹੋਈ, ਤਾਂ ਸਿਰਫ਼ ਸਮੱਗਰਾ ਸਿੱਖਿਆ ਅਭਿਆਨ ਦੇ ਕਰਮਚਾਰੀਆਂ ਨੂੰ ਰੈਗੂਲਰ ਕੀਤਾ ਗਿਆ ਅਤੇ ਮਿਡ ਡੇ ਮੀਲ ਦੇ 104 ਕਰਮਚਾਰੀਆਂ ਨੂੰ ਫਿਰ ਬਾਹਰ ਰੱਖ ਦਿੱਤਾ ਗਿਆ। ਅਧਿਆਪਕ ਆਗੂ ਕੁਲਦੀਪ ਔਲਖ ਨੇ ਕਿਹਾ ਕਿ ਮਿਡ ਡੇ ਮੀਲ ਸਹਾਇਕ ਬਲਾਕ ਮੈਨੇਜਰਾਂ ਨਾਲ ਇਹ ਵਿਤਕਰਾ ਅਫ਼ਸਰਸ਼ਾਹੀ ਦੀ ਬੇਇਨਸਾਫ਼ੀ ਦਾ ਸਾਫ਼ ਸਬੂਤ ਹੈ। ਉਹਨਾਂ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਮਿਡ ਡੇ ਮੀਲ ਕਰਮਚਾਰੀਆਂ ਨੂੰ ਤੁਰੰਤ ਰੈਗੂਲਰ ਨਾ ਕੀਤਾ ਗਿਆ, ਤਾਂ ਇਸ ਦੇ ਨਤੀਜੇ ਪੰਜਾਬ ਸਰਕਾਰ ਨੂੰ ਆਉਣ ਵਾਲੇ ਸਮੇਂ ਵਿੱਚ ਭੁਗਤਣੇ ਪੈਣਗੇ।

