Education News- ਪੰਜਾਬ ਸਰਕਾਰ ਹੜ੍ਹ ਪ੍ਰਭਾਵਤ ਇਲਾਕਿਆਂ ਦੇ ਵਿਦਿਆਰਥੀਆਂ ਦੀ ਪ੍ਰੀਖਿਆ ਫੀਸ ਕਰੇ ਮੁਆਫ਼- ਤਰਕਸ਼ੀਲ ਸੁਸਾਇਟੀ
Education News- ਹੜ੍ਹ ਪ੍ਰਭਾਵਤ ਖੇਤਰ ਦੇ ਵਿਦਿਆਰਥੀਆਂ ਦੀ ਪ੍ਰੀਖਿਆ ਫੀਸ ਮੁਆਫ਼ ਕਰੇ ਸਰਕਾਰ -ਤਰਕਸ਼ੀਲ ਸੁਸਾਇਟੀ; ਤਰਕਸ਼ੀਲਾਂ ਦੀ ਸੂਬਾ ਪੱਧਰੀ ਕਮੇਟੀ ਨੇ ਕੀਤੀ ਪੰਜਾਬ ਸਕੂਲ ਬੋਰਡ ਦੇ ਚੇਅਰਮੈਨ ਨਾਲ ਮੁਲਾਕਾਤ
ਮੋਹਾਲੀ
ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸੂਬਾ ਕਾਰਜਕਾਰਨੀ ਕਮੇਟੀ ਵਲੋਂ ਲਏ ਗਏ ਫੈਸਲੇ ਅਨੁਸਾਰ ਸੋਸਾਇਟੀ ਦਾ ਇਕ ਡੇਲੀਗੇਸ਼ਨ ਸੂਬਾ ਆਗੂ ਗੁਰਪ੍ਰੀਤ ਸ਼ਹਿਣਾ ਦੀ ਅਗਵਾਈ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਆਈ ਏ ਐੱਸ (ਰਿਟਾਇਰਡ) ਨੂੰ ਉਹਨਾਂ ਦੇ ਮੋਹਾਲੀ ਦਫਤਰ ਵਿਖੇ ਮਿਲਿਆ।
ਇਸ ਮੌਕੇ ਮੰਗ ਕੀਤੀ ਕਿ ਹੜ੍ਹਾਂ ਦੌਰਾਨ ਵਿਦਿਆਰਥੀਆਂ, ਮਾਪਿਆਂ ਤੇ ਸਕੂਲਾਂ ਦੇ ਹੋਏ ਨੁਕਸਾਨ ਦੀ ਭਰਪਾਈ ਕਰਨ ਲਈ ਵਿਦਿਆਰਥੀਆਂ ਦੀ ਪ੍ਰੀਖਿਆ ਫੀਸ ਸਮੇਤ 2025-2026 ਦੇ ਪੂਰੇ ਸੈਸ਼ਨ ਦੀ ਫੀਸ ਤੇ ਸਕੂਲੀ ਫੰਡ ਮੁਆਫ਼ ਕੀਤੇ ਜਾਣ ਅਤੇ ਲੋੜਵੰਦ ਵਿਦਿਆਰਥੀਆਂ ਨੂੰ ਪਾਠ ਪੁਸਤਕਾਂ ਅਤੇ ਸਟੇਸ਼ਨਰੀ ਮੁਹੱਈਆ ਕਰਵਾਏ ਜਾਣ।
ਇਥੇ ਦਸਣਾ ਬੰਦਾ ਹੈ ਕਿ ਤਰਕਸ਼ੀਲ ਸੋਸਾਇਟੀ ਵਲੋਂ ਪੂਰੇ ਪੰਜਾਬ ‘ਚ ਜ਼ਿਲ੍ਹਾ ਪੱਧਰ ‘ਤੇ ਡਿਪਟੀ ਕਮਿਸ਼ਨਰਾਂ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਦੇ ਨਾਂਅ ਮੰਗ-ਪੱਤਰ ਸੌਂਪੇ ਗਏ ਸਨ।
ਅੱਜ ਦੇ ਵਫਦ ਵਿਚ ਹੋਰਨਾਂ ਤੋਂ ਬਿਨਾਂ ਸੂਬਾ ਆਗੂ ਜਸਵੰਤ ਮੋਹਾਲੀ , ਚੰਡੀਗੜ ਜੋਨ ਮੁੱਖੀ ਅਜੀਤ ਪਰਦੇਸੀ, ਇਕਾਈ ਮੋਹਾਲੀ ਦੇ ਮੁਖੀ ਸੁਰਜੀਤ ਸਿੰਘ, ਡਾ.ਮਜੀਦ ਅਜਾਦ, ਜੋਗਾ ਸਿੰਘ ਚੰਡੀਗੜ੍ਹ , ਰਾਜ ਕੁਮਾਰ ਆਦਿ ਵਲੋ ਸ਼ਿਰਕਤ ਕੀਤੀ ਗਈ।
ਜਿਹਨਾ ਨੇ ਹੜ੍ਹਾਂ ਦੀ ਤਬਾਹੀ ਤੋਂ ਪ੍ਰਭਾਵਿਤ ਜ਼ਿਲ੍ਹਿਆਂ ਦੇ ਵਿਦਿਆਰਥੀਆਂ ਦੀਆਂ ਫੀਸਾਂ ਮੁਆਫ਼ ਕਰਨ, ਪਾਠ ਪੁਸਤਕਾਂ ਤੇ ਸਟੇਸ਼ਨਰੀ ਦੇਣ ਅਤੇ ਵੱਡੇ ਪੱਧਰ ‘ਤੇ ਹੋਏ ਜਾਨੀ ਅਤੇ ਮਾਲੀ ਨੁਕਸਾਨ ਤੋਂ ਪੀੜ੍ਹਤ ਖੇਤ ਮਜ਼ਦੂਰਾਂ, ਕਿਸਾਨਾਂ, ਦਲਿਤਾਂ, ਬੇਜ਼ਮੀਨਿਆਂ ਅਤੇ ਗਰੀਬ ਵਰਗਾਂ ਦੇ ਲੋਕਾਂ ਨੂੰ ਜਲਦ ਤੋਂ ਜਲਦ ਯੋਗ ਮੁਆਵਜ਼ਾ ਦੇਣ ਅਤੇ ਮੁੜ ਵਸੇਬਾ ਕਰਨ ਦੀ ਮੰਗ ਕੀਤੀ ਗਈ।
ਇਸ ਮੌਕੇ ਚੇਅਰਮੈਨ ਡਾ. ਅਮਰਪਾਲ ਸਿੰਘ ਆਈ ਏ ਐੱਸ (ਰਿਟਾਇਰਡ) ਨੇ ਤਰਕਸ਼ੀਲ ਸੁਸਾਇਟੀ ਵਲੋਂ ਵਿਗਿਆਨਕ ਚੇਤਨਾ ਦੇ ਖੇਤਰ ‘ਚ ਕੀਤੇ ਜਾ ਰਹੇ ਯਤਨਾਂ ਦੀ ਪ੍ਰਸੰਸਾ ਕਰਦਿਆਂ ਸੁਸਾਇਟੀ ਦੀਆਂ ਇਨ੍ਹਾਂ ਜਾਇਜ਼ ਮੰਗਾਂ ਨੂੰ ਮੁੱਖ ਮੰਤਰੀ ਦਫ਼ਤਰ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ ਅਤੇ ਲੋਕਾਂ ਨੂੰ ਅੰਧ ਵਿਸ਼ਵਾਸ਼ਾਂ, ਵਹਿਮਾਂ ਭਰਮਾਂ, ਪਾਖੰਡੀ ਬਾਬਿਆਂ, ਸਾਧਾਂ, ਜੋਤਸ਼ੀਆਂ ਦੇ ਝਾਂਸਿਆਂ ਤੋਂ ਬਚਣ ਦੀ ਅਪੀਲ ਵੀ ਕੀਤੀ।

