ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਏ ਅਧਿਆਪਕ! DTF ਨੇ ਸਹਾਇਤਾ ਕਮੇਟੀ ਨੂੰ ਸੌਂਪਿਆ 6 ਲੱਖ ਰੁਪਏ ਦਾ ਚੈੱਕ
ਵਿਦਿਆਰਥੀਆਂ ਨੂੰ ਫੀਸਾਂ ਅਤੇ ਸਟੇਸ਼ਨਰੀ ਦਿੱਤੀ ਜਾ ਰਹੀ ਹੈ-ਡੀ ਟੀ ਐਫ਼
ਮੋਹਾਲੀ
ਪੰਜਾਬ ਵਿੱਚ ਹੜਾਂ ਕਾਰਨ ਪ੍ਰਭਾਵਿਤ ਹੋਏ ਲੋਕਾਂ ਦੇ ਮੁੜ ਵਸੇਬੇ ਵਿੱਚ ਮੱਦਦ ਕਰ ਰ ਰਹੀ ਹੜ ਪੀੜਤ ਸਹਾਇਤਾ ਕਮੇਟੀ ਨੂੰ ਤਰਕਸ਼ੀਲ ਭਵਨ ਬਰਨਾਲਾ ਵਿਖੇ ਅਧਿਆਪਕਾਂ ਦੀ ਨੁਮਾਇੰਦਾ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਨੇ ਛੇ ਲੱਖ ਰੁਪਏ ਦਾ ਚੈੱਕ ਦਿੱਤਾ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਅਤੇ ਸੂਬਾ ਸਕੱਤਰ ਰੇਸ਼ਮ ਸਿੰਘ ਖੇਮੂਆਣਾ ਨੇ ਦੱਸਿਆ ਕਿ ਪਿਛਲੇ ਮਹੀਨੇ ਪੰਜਾਬ ਵਿੱਚ ਆਏ ਹੜਾ ਕਾਰਨ ਲੋਕ ਵੱਡੀ ਪੱਧਰ ਤੇ ਪ੍ਰਭਾਵਿਤ ਹੋਏ।
ਇਸ ਵੱਡੇ ਨੁਕਸਾਨ ਵਿੱਚੋ ਨਿਕਲਣ ਲਈ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਨੇ ਅਧਿਆਪਕਾਂ ਨੂੰ ਫੰਡ ਦੀ ਅਪੀਲ ਕੀਤੀ ਸੀ। ਜਿਸ ਤੇ ਅਧਿਆਪਕਾਂ ਨੇ ਲਗਭਗ ਤੀਹ ਲੱਖ ਰੁਪਏ ਦਾ ਯੋਗਦਾਨ ਦਿੱਤਾ। ਜਿਸ ਵਿੱਚੋ ਅੱਜ ਉਹਨਾਂ ਨੇ ਹੜ ਪੀੜਤ ਕਿਸਾਨਾਂ ਦੇ ਬੀਜ, ਖਾਦਾਂ ਅਤੇ ਡੀਜਲ ਵਿੱਚ ਸਹਿਯੋਗ ਕਰਨ ਲਈ ਛੇ ਲੱਖ ਦਾ ਚੈੱਕ 9 ਜਥੇਬੰਦੀਆਂ ਦੇ ਅਧਾਰਤ ਬਣੀ ਹੜ੍ਹ ਪੀੜਤ ਸਹਾਇਤਾ ਕਮੇਟੀ ਦੇ ਆਗੂਆਂ ਜੋਗਿੰਦਰ ਸਿੰਘ ਉਗਰਾਹਾਂ, ਝੰਡਾ ਸਿੰਘ ਜੇਠੂਕੇ ਅਤੇ ਸ਼ਿੰਗਾਰਾ ਸਿੰਘ ਮਾਨ ਨੂੰ ਸੌਂਪਿਆ|
ਉਹਨਾਂ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਪੂਰਥਲਾ ਜ਼ਿਲ੍ਹੇ ਵਿੱਚ ਡੀ ਟੀ ਐਫ ਵੱਲੋਂ ਵਿਦਿਆਰਥੀਆਂ ਦੀਆਂ ਫੀਸਾਂ ਅਤੇ ਸਟੇਸ਼ਨਰੀ ਲਈ ਖਰਚਾ ਦਿੱਤਾ ਗਿਆ ਹੈ। ਡੀ ਟੀ ਐਫ ਫਰੀਦਕੋਟ ਦੀ ਟੀਮ ਨੇ ਫਿਰੋਜ਼ਪੁਰ ਜ਼ਿਲ੍ਹੇ ਦੇ ਇੱਕ ਪੂਰੇ ਪਿੰਡ ਨੂੰ 5000-5000 ਰੁਪੈ ਸਹਾਇਤਾ ਦਿੱਤੀ ਗਈ। ਫਿਰੋਜ਼ਪੁਰ ਕਮੇਟੀ ਵੱਲੋਂ ਜੀਰਾ ਅਤੇ ਮੱਲਾਂਵਾਲਾ ਇਲਾਕੇ ‘ਚ ਵਿਦਿਆਰਥੀਆਂ ਨੂੰ ਸਟੇਸ਼ਨਰੀ, ਫੀਸਾਂ ਅਤੇ ਸਕੂਲਾਂ ਦੀਆਂ ਫੌਰੀ ਲੋੜਾਂ ਲਈ ਨਕਦ ਰਾਸ਼ੀ ਦਿੱਤੀ ਗਈ। ਅਗਲੇ ਦਿਨਾਂ ‘ਚ ਗੁਰਦਾਸਪੁਰ ਦੀ ਕਮੇਟੀ ਡੇਰਾ ਬਾਬਾ ਨਾਨਕ ਏਰੀਏ ਵਿੱਚ ਹੜ੍ਹ ਪੀੜਤ ਲੋਕਾਂ ਦੀ ਸਹਾਇਤਾ ਲਈ ਜਾਵੇਗੀ।
ਉਹਨਾਂ ਕਿਹਾ ਕਿ ਤੀਜੇ ਫੇਜ਼ ਵਿੱਚ ਉਹ ਮਜ਼ਦੂਰ ਭਾਈਚਾਰੇ ਦੇ ਹੋਏ ਨੁਕਸਾਨ ਦੀ ਭਰਪਾਈ ਕਰਨ ਵਿੱਚ ਯੋਗਦਾਨ ਪਾਉਣਗੇ| ਇਸ ਮੌਕੇ ਹੜ੍ਹ ਪੀੜਤ ਸਹਾਇਤਾ ਕਮੇਟੀ ਦੇ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਉਹਨਾਂ ਵੱਲੋਂ ਹੜ੍ਹ ਪੀੜਤ ਲੋਕਾਂ ਲਈ ਵੱਡੀ ਪੱਧਰ ਤੇ ਸਹਾਇਤਾ ਦੀ ਮੁਹਿੰਮ ਚਲਾਈ ਹੋਈ ਹੈ ਜਿਸ ਤਹਿਤ ਕਣਕ, ਤੂੜੀ, ਬੀਜ, ਦਵਾਈਆਂ, ਨਵੇਂ ਕੱਪੜੇ ਅਤੇ ਡੀਜ਼ਲ ਲੋਕਾਂ ਨੂੰ ਮੁਹੱਈਆ ਕਰਵਾਇਆ ਜਾ ਰਿਹਾ ਹੈ |ਉਹਨਾਂ ਡੀ ਟੀ ਐੱਫ ਦੇ ਇਸ ਸਹਿਯੋਗ ਦੀ ਸਲਾਘਾ ਕਰਦਿਆਂ ਕਿਹਾ ਕਿ ਔਖੇ ਸਮੇਂ ਲੋਕ ਹੀ ਲੋਕਾਂ ਦਾ ਸਹਾਰਾ ਬਣ ਰਹੇ ਨੇ।
ਵੋਟ ਵਟੋਰੂ ਪਾਰਟੀਆਂ ਸੱਤਾ ‘ਚ ਹੁੰਦਿਆਂ ਇਨ੍ਹਾਂ ਕੁਦਰਤੀ ਆਫਤਾਂ ਤੋਂ ਬਚਾਅ ਦੇ ਜੋ ਅਗਾਊਂ ਪ੍ਰਬੰਧ ਕਰਨੇ ਹੁੰਦੇ ਨੇ ਉਸ ਜ਼ਿਮੇਵਾਰੀ ਤੋਂ ਪਾਸਾ ਵੱਟਦੀਆਂ ਨੇ। ਆਫਤਾਂ ਸਮੇਂ ਵੀ ਪੀੜਤ ਲੋਕਾਂ ਨਾਲ ਅਖੌਤੀ ਹਮਦਰਦੀ ਜ਼ਾਹਰ ਆਫ਼ਤ ਨੂੰ ਮੌਕੇ ਵਜੋਂ ਵਰਤ ਕੇ ਸੱਤਾ ਪ੍ਰਾਪਤੀ ਦੀ ਝਾਕ ‘ਚ ਰਹਿੰਦੀਆਂ ਨੇ। ਇਸ ਮੌਕੇ ਡੀ ਟੀ ਐਫ ਸੂਬਾ ਕਮੇਟੀ ਮੈਂਬਰ ਅਤੇ ਮਾਨਸਾ ਦੇ ਜ਼ਿਲਾ ਪ੍ਰਧਾਨ ਕਰਮਜੀਤ ਤਾਮਕੋਟ,ਸੂਬਾ ਸਹਾਇਕ ਪ੍ਰੈਸ ਸਕੱਤਰ ਰਾਜਵਿੰਦਰ ਸਿੰਘ ਬੈਹਣੀਵਾਲ, ਜਗਜੀਤ ਸਿੰਘ ਧਾਲੀਵਾਲ ਮੋਗਾ, ਸੁਖਜਿੰਦਰ ਸੰਗਰੂਰ, ਗੁਰਮੀਤ ਝੋਰੜਾ ਹਾਜ਼ਰ ਸਨ।

