ਜ਼ਮੀਨੀ ਵਿਵਾਦ: ਸਾਬਕਾ ਫ਼ੌਜੀ ਵੱਲੋਂ ਮਾਂ ਅਤੇ ਭਰਾ-ਭਾਬੀ ਦਾ ਕਤਲ, ਮਾਸੂਮ ਬੱਚਿਆਂ ਨੂੰ ਵੀ ਉਤਾਰਿਆ ਮੌਤ ਦੀ ਘਾਟ
ਅੰਬਾਲਾ
ਅੰਬਾਲਾ ਦੇ ਨਰਾਇਣਗੜ੍ਹ ‘ਚ ਜ਼ਮੀਨੀ ਵਿਵਾਦ ਨੂੰ ਲੈ ਕੇ ਐਤਵਾਰ ਰਾਤ ਨੂੰ ਸਾਬਕਾ ਫੌਜੀ ਨੇ ਘਰ ‘ਚ ਹੰਗਾਮਾ ਕਰ ਦਿੱਤਾ। ਨਰਾਇਣਗੜ੍ਹ ਦੇ ਪਿੰਡ ਪੀਰ ਮਾਜਰੀ ਰਟੋਰ ਵਿੱਚ ਜ਼ਮੀਨੀ ਵਿਵਾਦ ਦੇ ਚੱਲਦਿਆਂ ਸਾਬਕਾ ਫ਼ੌਜੀ ਭੂਸ਼ਨ ਨੇ ਆਪਣੇ ਭਰਾ, ਭਰਜਾਈ, 6 ਮਹੀਨੇ ਦੇ ਭਤੀਜੇ, 5 ਸਾਲਾ ਭਤੀਜੀ ਅਤੇ ਮਾਂ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ।
ਕਤਲ ਕਰਨ ਤੋਂ ਬਾਅਦ ਮੁਲਜ਼ਮ ਨੇ ਲਾਸ਼ਾਂ ਨੂੰ ਸਾੜਨ ਦੀ ਕੋਸ਼ਿਸ਼ ਵੀ ਕੀਤੀ। ਜਦੋਂ ਮੁਲਜ਼ਮ ਦੇ ਪਿਤਾ ਓਮ ਪ੍ਰਕਾਸ਼ ਨੇ ਉਸ ਦਾ ਵਿਰੋਧ ਕੀਤਾ ਤਾਂ ਉਸਦੀ ਵੀ ਕੁੱਟਮਾਰ ਕਰਕੇ ਜ਼ਖ਼ਮੀ ਕਰ ਦਿੱਤਾ। ਭਰਾ ਦੀ ਇਕ ਬੇਟੀ ਗੰਭੀਰ ਜ਼ਖਮੀ ਹੈ। ਕਤਲ ਕਰਨ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ।
ਮ੍ਰਿਤਕਾਂ ਦੀ ਪਛਾਣ 35 ਸਾਲਾ ਹਰੀਸ਼, ਉਸ ਦੀ ਪਤਨੀ 32 ਸਾਲਾ ਸੋਨੀਆ, ਮਾਂ 65 ਸਾਲਾ ਸਰੋਪੀ, ਬੇਟੀ 5 ਸਾਲਾ ਯਸ਼ਿਕਾ ਅਤੇ 6 ਮਹੀਨੇ ਦੇ ਬੇਟੇ ਮਯੰਕ ਵਜੋਂ ਹੋਈ ਹੈ। ਜ਼ਖ਼ਮੀ ਪਿਤਾ ਓਮ ਪ੍ਰਕਾਸ਼ ਦਾ ਸਿਵਲ ਹਸਪਤਾਲ ਨਰਾਇਣਗੜ੍ਹ ਵਿੱਚ ਇਲਾਜ ਚੱਲ ਰਿਹਾ ਹੈ।
ਜਦਕਿ ਮ੍ਰਿਤਕਾ ਦੀ ਇੱਕ ਬੇਟੀ ਨੂੰ ਚੰਡੀਗੜ੍ਹ ਪੀਜੀਆਈ ਰੈਫਰ ਕਰ ਦਿੱਤਾ ਗਿਆ ਹੈ। ਨਰਾਇਣਗੜ੍ਹ ਪੁਲੀਸ ਨੇ ਸਾਰੀਆਂ ਲਾਸ਼ਾਂ ਨੂੰ ਛਾਉਣੀ ਦੇ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਹੈ।
ਕਤਲ ਦੀ ਸੂਚਨਾ ਮਿਲਣ ਤੋਂ ਬਾਅਦ ਅੰਬਾਲਾ ਦੇ ਐਸਪੀ ਸੁਰਿੰਦਰ ਸਿੰਘ ਭੌਰੀਆ ਰਾਤ 3 ਵਜੇ ਮੌਕੇ ‘ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਨਾਲ ਹੀ ਕਾਤਲ ਨੂੰ ਫੜਨ ਲਈ ਟੀਮਾਂ ਬਣਾਈਆਂ ਗਈਆਂ ਹਨ। ਜਿਸ ਲਈ ਥਾਂ-ਥਾਂ ਛਾਪੇਮਾਰੀ ਕੀਤੀ ਜਾ ਰਹੀ ਹੈ।
ਦੱਸਿਆ ਜਾਂਦਾ ਹੈ ਕਿ ਦੋਵੇਂ ਭਰਾਵਾਂ ਕੋਲ ਦੋ-ਦੋ ਏਕੜ ਜ਼ਮੀਨ ਸੀ। ਇਸ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਕਈ ਸਾਲਾਂ ਬਾਅਦ ਇਸ ਗੱਲ ਨੂੰ ਲੈ ਕੇ ਦੋਵਾਂ ਭਰਾਵਾਂ ਵਿਚ ਤਕਰਾਰ ਹੋ ਗਈ। ਇਸੇ ਰੰਜਿਸ਼ ਵਿੱਚ ਸਾਬਕਾ ਫ਼ੌਜੀ ਨੇ ਆਪਣੇ ਭਰਾ, ਭਰਜਾਈ, 6 ਮਹੀਨੇ ਦੇ ਭਤੀਜੇ, 5 ਸਾਲਾ ਭਤੀਜੀ ਅਤੇ ਮਾਂ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ।