Big Breaking: ਪੰਜਾਬ ਕੈਬਨਿਟ ਨੇ ਲਏ ਵੱਡੇ ਫੈਸਲੇ, ਪੜ੍ਹੋ ਪੂਰੀ ਖਬਰ
Punjab News –
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਅੱਜ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਹੋਈ, ਜਿਸ ਵਿੱਚ ਕਈ ਵੱਡੇ ਫੈਸਲੇ ਲਏ ਗਏ। ਮੁੱਖ ਮੰਤਰੀ ਭਗਵੰਤ ਮਾਨ ਨੇ ਕੈਬਨਿਟ ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਸਪੋਰਟਸ ਮੈਡੀਕਲ ਕੇਡਰ ਨਾਲ ਸੰਬੰਧਿਤ 100 ਤੋਂ ਵੱਧ ਅਸਾਮੀਆਂ ਨੂੰ ਸਿਰਜਣ ਦੀ ਪ੍ਰਵਾਣਗੀ ਅੱਜ ਕੈਬਨਿਟ ਮੀਟਿੰਗ ਵਿੱਚ ਦਿੱਤੀ ਗਈ ਹੈ।
ਇਹਨਾਂ ਅਸਾਮੀਆਂ ਦੇ ਭਰਨ ਨਾਲ ਖਿਡਾਰੀਆਂ ਨੂੰ ਸਿਹਤ ਸੇਵਾਵਾਂ ਸਮੇਂ ਸਿਰ ਮਿਲ ਸਕਣਗੀਆਂ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਕਿਹਾ ਕਿ ਡੇਰਾ ਬਸੀ ‘ਚ ਚਾਰ ਏਕੜ ਰਕਬੇ ਵਿੱਚ 100 ਬੈਡ ਦਾ ਈਐਸਆਈ ਹਸਪਤਾਲ ਬਣਾਉਣ ਨੂੰ ਵੀ ਪ੍ਰਵਾਨਗੀ ਕੈਬਨਿਟ ਮੀਟਿੰਗ ਵਿੱਚ ਦਿੱਤੀ ਗਈ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਨਸ਼ਾ ਮੁਕਤੀ ਕੇਂਦਰਾਂ ਲਈ ਨਿਯਮਾਂ ਤੇ ਸ਼ਰਤਾਂ ਵਿੱਚ ਸੋਧ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਬਾਇਓਮੈਟਰਿਕ ਹਾਜ਼ਰੀ ਅਤੇ ਦਵਾਈਆਂ ਦੀ ਸਹੀ ਵਰਤੋਂ ਯਕੀਨੀ ਬਣਾਉਣ ਲਈ ਵੀ ਕੈਬਨਿਟ ਮੀਟਿੰਗ ਵਿੱਚ ਫੈਸਲੇ ਲਏ ਗਏ ਹਨ।
ਪੰਜਾਬ ਵਿੱਚ ਕਣਕ ਦੀ ਹੋਰ ਹੀ ਬਜਾਈ ਅਤੇ ਡੀਏਪੀ ਦੀ ਕਮੀ ਨੂੰ ਲੈ ਕੇ ਮੁੱਖ ਮੰਤਰੀ ਨੇ ਕਿਹਾ ਕਿ ਡੀਏਪੀ ਦੀ ਕਿਸੇ ਵੀ ਇਲਾਕੇ ਵਿੱਚ ਕਿਸਾਨਾਂ ਨੂੰ ਕੋਈ ਕਮੀ ਜਾਂ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਕਿਸਾਨਾਂ ਨੂੰ ਮੁਫਤ ਬੀਜਾਂ ਦੀ ਵੰਡ ਸ਼ੁਰੂ ਹੋ ਚੁੱਕੀ ਹੈ। 1.85 ਲੱਖ ਕੁਇੰਟਲ ਕਣਕ ਦੀ ਚੰਗੀ ਗੁਣਵਤਾ ਵਾਲਾ ਬੀਜ ਕਿਸਾਨਾਂ ਨੂੰ ਭੇਜਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਹੜ ਪੀੜਤਾਂ ਨੂੰ ਲਗਾਤਾਰ ਮੁਆਵਜ਼ੇ ਦਿੱਤੇ ਜਾ ਰਹੇ ਨੇ।

