School News- ਪੰਜਾਬ ਦੇ ਸਕੂਲੀ ਵਿਦਿਆਰਥੀਆਂ ਨੂੰ ਨਾਸ਼ਤੇ ‘ਚ ਮਿਲੇਗਾ ਹੁਣ ਅਜਿਹਾ ਭੋਜਨ!

All Latest NewsNews FlashPunjab News

 

School News- ਪੰਜਾਬ ਸਰਕਾਰ ਹੁਣ ਸੂਬੇ ਦੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਨਾਸ਼ਤੇ ’ਚ ਦੁੱਧ ਤੇ ਕੇਲਾ ਮੁਹੱਈਆ ਕਰਵਾਉਣ ਦੀ ਯੋਜਨਾ ਬਣਾ ਰਹੀ ਹੈ। ਇਸ ਯੋਜਨਾ ਤਹਿਤ ਸੂਬੇ ਦੇ 19,640 ਸਰਕਾਰੀ ਸਕੂਲਾਂ ’ਚ ਪੜ੍ਹ ਰਹੇ ਲਗਪਗ 18 ਲੱਖ ਬੱਚਿਆਂ ਨੂੰ ਰੋਜ਼ਾਨਾ 150 ਗ੍ਰਾਮ ਦੁੱਧ ਤੇ ਇਕ ਕੇਲਾ ਮਿਲੇਗਾ।

ਇਹ ਲਾਭ ਮਿਡ-ਡੇਅ ਮੀਲ ਤੋਂ ਇਲਾਵਾ ਹੋਵੇਗਾ। ਵਰਤਮਾਨ ’ਚ ਸੂਬੇ ’ਚ ਲਗਪਗ 1.60 ਲੱਖ ਬੱਚੇ ਆਂਗਨਵਾੜੀ ਕੇਂਦਰਾਂ ’ਚ, 1.08 ਲੱਖ ਪ੍ਰਾਇਮਰੀ (ਗ੍ਰੇਡ 1 ਤੋਂ 5) ’ਚ ਤੇ 6.5 ਲੱਖ ਮਿਡਲ (ਗ੍ਰੇਡ 6 ਤੋਂ 8) ਸਕੂਲਾਂ ’ਚ ਪੜ੍ਹਦੇ ਹਨ। ਸੂਬਾ ਸਰਕਾਰ ਦਾ ਉਦੇਸ਼ ਬੱਚਿਆਂ ਨੂੰ ਢੁੱਕਵਾਂ ਪੋਸ਼ਣ ਮਿਲਣਾ ਯਕੀਨੀ ਬਣਾਉਣਾ ਹੈ, ਜਿਸ ਨਾਲ ਉਨ੍ਹਾਂ ਦੀ ਸਿਹਤ ’ਚ ਸੁਧਾਰ ਹੋਵੇਗਾ ਤੇ ਸਕੂਲ ਛੱਡਣ ਦੀ ਦਰ ਘਟੇਗੀ।

ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਵਿਚਾਰ ਅਗਸਤ ਦੇ ਆਖ਼ਰੀ ਹਫ਼ਤੇ ਚੇਨਈ ਦੀ ਆਪਣੀ ਫੇਰੀ ਦੌਰਾਨ ਸੋਚਿਆ ਸੀ, ਜਦੋਂ ਉਹ ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮਕੇ ਸਟਾਲਿਨ ਦੇ ਸੱਦੇ ’ਤੇ ਆਯੋਜਿਤ ਮੁੱਖ ਮੰਤਰੀ ਨਾਸ਼ਤਾ ਯੋਜਨਾ ਦੇ ਉਦਘਾਟਨ ਸਮਾਰੋਹ ’ਚ ਸ਼ਾਮਲ ਹੋਏ ਸਨ। ਇਸ ਮੌਕੇ ਮਾਨ ਨੇ ਕਿਹਾ ਸੀ ਕਿ ਉਹ ਪੰਜਾਬ ’ਚ ਵੀ ਇਸੇ ਤਰ੍ਹਾਂ ਦੀ ਯੋਜਨਾ ਲਾਗੂ ਕਰਨ ਬਾਰੇ ਵਿਚਾਰ ਕਰਨਗੇ।

ਤਾਮਿਲਨਾਡੂ ਦੇਸ਼ ਦਾ ਪਹਿਲਾ ਰਾਜ ਹੈ ਜਿਸ ਨੇ ਸਤੰਬਰ 2022 ’ਚ ਅਜਿਹਾ ਪ੍ਰੋਗਰਾਮ ਸ਼ੁਰੂ ਕੀਤਾ ਜਿਸ ’ਚ ਸਰਕਾਰੀ ਪ੍ਰਾਇਮਰੀ ਸਕੂਲਾਂ ’ਚ ਵਿਦਿਆਰਥੀਆਂ ਨੂੰ ਮੁਫ਼ਤ ਨਾਸ਼ਤਾ ਦਿੱਤਾ ਜਾਂਦਾ ਸੀ। ਪੰਜਾਬ ਸਿੱਖਿਆ ਵਿਭਾਗ ਨੇ ਹੁਣ ਇਸ ਦਿਸ਼ਾ ’ਚ ਪ੍ਰਸਤਾਵ ਤਿਆਰ ਕੀਤਾ ਹੈ, ਜੋ ਇਸ ਸਮੇਂ ਰਾਜ ਸਰਕਾਰ ਦੇ ਉੱਚ ਪੱਧਰਾਂ ‘ਤੇ ਵਿਚਾਰ ਅਧੀਨ ਹੈ।-  jagran

 

Media PBN Staff

Media PBN Staff