Punjab News: ਅਧਿਆਪਕਾਂ ਨੂੰ SDM ਨੇ ਕੱਢੇ ਨੋਟਿਸ! AISF ਅਤੇ AIYF ਨੇ ਕੀਤੀ ਨਿਖੇਧੀ, ਕਿਹਾ- SDM ਨੂੰ ਗੈਰ ਮਿਆਰੀ ਵਰਦੀਆਂ ਦੀ ਜਾਂਚ ਕਰਵਾਉਣੀ ਚਾਹੀਦੀ
ਬੱਚਿਆਂ ਨੂੰ ਦਿੱਤੀਆਂ ਜਾਣ ਵਾਲੀਆਂ ਗੈਰ ਮਿਆਰੀ ਵਰਦੀਆਂ ਦੀ ਜਾਂਚ ਕਰਨ ਦੀ ਬਜਾਏ, ਅਧਿਆਪਕਾਂ ਨੂੰ ਨੋਟਿਸ ਕੱਢਣ ਵਾਲੇ ਐਸਡੀਐਮ ਖਿਲਾਫ ਪੁਤਲਾ ਫੂਕ ਮੁਜ਼ਾਹਰੇ ਕੀਤੇ ਜਾਣਗੇ:-ਢਾਬਾਂ, ਧਰਮੂਵਾਲਾ
ਰਣਬੀਰ ਕੌਰ ਢਾਬਾਂ/ ਜਲਾਲਾਬਾਦ
ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਵਰਦੀਆਂ ਘਟੀਆ ਕੱਪੜੇ ਦੀਆਂ ਮਿਲਣ ਅਤੇ ਵਿਦਿਆਰਥੀਆਂ ਨੂੰ ਟਾਈ, ਬੈਲਟ ਅਤੇ ਆਈ ਕਾਰਡ ਨਾ ਮਿਲਣ ਦਾ ਬੱਚਿਆਂ ਦੇ ਮਾਪਿਆਂ ਵੱਲੋਂ ਭਾਰੀ ਰੋਸ ਪਾਇਆ ਜਾ ਰਿਹਾ ਸੀ। ਇਸ ਰੋਸ ਨੂੰ ਦੇਖਦੇ ਹੋਏ ਸਬੰਧਤ ਸਕੂਲਾਂ ਦੇ ਅਧਿਆਪਕਾਂ ਵੱਲੋਂ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਤੋਂ ਮੰਗ ਕੀਤੀ ਗਈ ਸੀ ਕਿ ਉਹਨਾਂ ਨੂੰ ਮਿਆਰੀ ਵਰਦੀਆਂ ਦਿੱਤੀਆਂ ਜਾਣ।
ਇਸ ਸਬੰਧੀ ਕੁਝ ਅਖਬਾਰਾਂ ਵਿੱਚ ਅਧਿਆਪਕ ਜਥੇਬੰਦੀਆਂ ਦੀ ਮੰਗ ਦੀ ਖਬਰ ਪ੍ਰਕਾਸ਼ਿਤ ਹੋਈ ਸੀ, ਜਿਸ ਤੋਂ ਬਖਲਾਟ ਵਿੱਚ ਆਏ ਜਲਾਲਾਬਾਦ ਦੇ ਐਸਡੀਐਮ ਵੱਲੋਂ ਅਧਿਆਪਕ ਜਥੇਬੰਦੀਆਂ ਦੇ ਆਗੂਆਂ ਖਿਲਾਫ ਇੱਕ ਨੋਟਿਸ ਜਾਰੀ ਕੀਤਾ ਹੈ ਅਤੇ ਉਨਾਂ ਨੂੰ ਜਵਾਬ ਦੇਣ ਲਈ ਕਿਹਾ ਹੈ। ਇਸ ਨੋਟਿਸ ਦਾ ਸਖਤ ਨੋਟਿਸ ਲੈਂਦਿਆਂ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਅਤੇ ਸਰਬ ਭਾਰਤ ਨੌਜਵਾਨ ਸਭਾ ਨੇ ਜਲਾਲਾਬਾਦ ਦੇ ਐਸਡੀਐਮ ਖਿਲਾਫ ਪੁਤਲਾ ਫੂਕ ਮੁਜਾਹਰਾ ਕਰਨ ਦਾ ਐਲਾਨ ਕੀਤਾ ਹੈ।
ਇਸ ਸਬੰਧੀ ਜਥੇਬੰਦੀਆਂ ਦੇ ਦਫ਼ਤਰ ਸੁਤੰਤਰ ਭਵਨ ਵਿਖੇ ਸੱਦੀ ਗਈ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਐਡਵੋਕੇਟ ਪਰਮਜੀਤ ਢਾਬਾਂ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਰਮਨ ਧਰਮੂਵਾਲਾ ਨੇ ਕਿਹਾ ਕਿ ਦੇਸ਼ ਦੇ ਨਿਰਮਾਤਾ ਅਧਿਆਪਕਾਂ ਨਾਲ ਇਸ ਤਰ੍ਹਾਂ ਦਾ ਐਸਡੀਐਮ ਅਤੇ ਸਰਕਾਰ ਦਾ ਵਿਹਾਰ ਬਹੁਤ ਹੀ ਮੰਦਭਾਗੀ ਗੱਲ ਹੈ ਅਤੇ ਇਸ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਸਾਥੀ ਢਾਬਾਂ ਅਤੇ ਧਰਮੂ ਵਾਲਾ ਨੇ ਕਿਹਾ ਕਿ ਐਸਡੀਐਮ ਨੂੰ ਗੈਰ ਮਿਆਰੀ ਵਰਦੀਆਂ ਦੀ ਜਾਂਚ ਕਰਵਾਉਣੀ ਚਾਹੀਦੀ ਹੈ, ਨਾ ਕਿ ਅਧਿਆਪਕਾਂ ਖਿਲਾਫ਼ ਕੋਈ ਨੋਟਿਸ ਕੱਢ ਕੇ ਉਹਨਾਂ ਨੂੰ ਦਬਾਉਣ ਦੀ ਸਾਜਿਸ਼ ਨਹੀਂ ਰਚਨੀ ਚਾਹੀਦੀ। ਉਹਨਾਂ ਕਿਹਾ ਕਿ ਪੰਜਾਬ ਦੇ ਕਿਸੇ ਵੀ ਅਧਿਆਪਕ ਖਿਲਾਫ਼ ਹੁੰਦੀ ਵਧੀਕੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਉਹਨਾਂ ਪੰਜਾਬ ਸਰਕਾਰ ਅਤੇ ਐਸਡੀਐਮ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਅਧਿਆਪਕਾਂ ਖਿਲਾਫ ਕੱਢੇ ਗਏ ਗੈਰ ਕਾਨੂੰਨੀ ਅਤੇ ਗੈਰ ਸੰਵਿਧਾਨਿਕ ਨੋਟਿਸ ਨੂੰ ਤੁਰੰਤ ਵਾਪਸ ਲਿਆ ਜਾਵੇ,ਨਹੀਂ ਤਾਂ ਦੋਨੋਂ ਜਥੇਬੰਦੀਆਂ ਜ਼ਿਲ੍ਹੇ ਭਰ ਵਿੱਚ ਸਖਤ ਐਕਸ਼ਨ ਕਰਨ ਲਈ ਮਜਬੂਰ ਹੋਣਗੀਆਂ। ਆਗੂਆਂ ਨੇ ਕਿਹਾ ਕਿ ਪਹਿਲਾਂ ਬੱਚਿਆਂ ਦੀਆਂ ਵਰਦੀਆਂ ਬਣਵਾਉਣ ਲਈ ਸਕੂਲ ਨੂੰ ਪ੍ਰਤੀ ਬੱਚਾ 600 ਰੁਪਏ ਦਿੱਤੇ ਜਾਂਦੇ ਹਨ।
ਜਿਸ ਵਿੱਚ ਅਧਿਆਪਕ ਆਪਣੇ ਕੋਲੋਂ ਵੀ ਪੈਸੇ ਖ਼ਰਚ ਕੇ ਆਪਣੇ ਸਕੂਲ ਦੇ ਵਿਦਿਆਰਥੀਆਂ ਦੀਆਂ ਆਪ ਵਧੀਆ ਕੱਪੜਾ ਲੈ ਕੇ ਵਰਦੀਆਂ ਬਣਵਾ ਕੇ ਬੱਚਿਆਂ ਨੂੰ ਪਵਾਉਂਦੇ ਹਨ। ਉਹਨਾਂ ਇਹ ਵੀ ਮੰਗ ਕੀਤੀ ਕਿ ਅਧਿਆਪਕਾਂ ਤੋਂ ਗੈਰ ਵਿੱਦੇ ਕੰਮ ਲੈਣ ਦੀ ਬਜਾਏ, ਖੁਦ ਸਰਕਾਰ ਵਰਦੀਆਂ ਬਣਾਉਣ ਦਾ ਵੀ ਜਿੰਮਾ ਲਵੇ ਅਤੇ ਵਧੀਆ ਤੇ ਮਿਆਰੀ ਕੱਪੜਾ ਲੈ ਕੇ ਬੱਚਿਆਂ ਨੂੰ ਵਰਦੀਆਂ ਮੁੱਹਈਆ ਕਰਵਾਏ। ਇਸ ਪ੍ਰੈਸ ਕਾਨਫਰੰਸ ਮੌਕੇ ਹੋਰਾਂ ਤੋਂ ਇਲਾਵਾ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਜ਼ਿਲ੍ਹਾ ਕੌਂਸਲ ਮੈਂਬਰ ਆਕਾਸ਼ ਬਾਹਮਣੀ ਵਾਲਾ, ਸੁਖਚੈਨ ਲਮੋਚੜ ਕਲਾ, ਅੰਗਰੇਜ਼ ਕਾਹਨੇਵਾਲਾ ਅਤੇ ਸੁਰਿੰਦਰ ਬਾਹਮਣੀ ਵਾਲਾ ਵੀ ਹਾਜ਼ਰ ਸਨ।