All Latest NewsGeneralHealthNews FlashPunjab News

ਸੱਪ ਡੰਗ ਜਾਵੇ ਤਾਂ, ਘਬਰਾਓ ਨਾ! ਸਿਵਲ ਹਸਪਤਾਲਾਂ ’ਚ ਇਲਾਜ਼ ਮੁਫ਼ਤ ਉਪਲੱਬਧ

 

ਸੱਪ ਦੇ ਡੰਗਣ ਦੀ ਸੂਰਤ ਵਿੱਚ ਘਬਰਾਉਣ ਦੀ ਲੋੜ ਨਹੀਂ, ਇਲਾਜ ਸੰਭਵ

ਸਿਵਲ ਹਸਪਤਾਲਾਂ ’ਚ ਟੀਕੇ ਅਤੇ ਇਲਾਜ਼ ਮੁਫ਼ਤ ਉਪਲੱਬਧ :- ਸਿਵਲ ਸਰਜਨ

ਪੰਜਾਬ ਨੈੱਟਵਰਕ, ਫਿਰੋਜ਼ਪੁਰ:

ਸਿਹਤ ਵਿਭਾਗ ਵਲੋਂ ਬਰਸਾਤ ਦੇ ਮੌਸਮ ਦੌਰਾਨ ਸੱਪਾਂ ਦੇ ਡੰਗਣ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਬਚਾਅ ਲਈ ਲੋੜੀਂਦੀਆਂ ਸਾਵਧਾਨੀਆਂ ਵਰਤਣ ਸਬੰਧੀ ਅਡਵਾਈਜਰੀ ਜਾਰੀ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਰਾਜਵਿੰਦਰ ਕੌਰ ਨੇ ਦੱਸਿਆ ਕਿ ਬਰਸਾਤ ਦੇ ਮੌਸਮ ਦੌਰਾਨ ਸੱਪਾਂ ਦੇ ਡੰਗਣ ਦੇ ਮਾਮਲੇ ਆਮ ਹਨ।

ਸੱਪ ਰਿਹਾਇਸ਼ੀ ਸਥਾਨਾਂ ਤੋ ਦੂਰ ਸ਼ਾਂਤ ਏਰੀਏ ਜੰਗਲਾਂ, ਨਹਿਰਾਂ ਦੇ ਕਿਨਾਰਿਆਂ ’ਤੇ ਬਣੀਆਂ ਖੁੱਡਾਂ, ਘਾਹ ਫੂਸ ਵਾਲੇ ਖੇਤਰ ਵਿੱਚ ਰਹਿਣ ਬਸੇਰਾ ਕਰਦੇ ਹਨ ਜਦੋਂ ਮੌਸਮ ਤਬਦੀਲ ਹੁੰਦਾ ਹੈ ਭਾਵ ਬਰਸਾਤਾਂ ਅਤੇ ਗਰਮੀ ਦੇ ਮੌਸਮ ਵਿੱਚ ਖੁੱਡਾਂ ਅੰਦਰ ਗੈਸ ਭਰਨ ਕਰਕੇ ਸਾਹ ਲੈਣ ਵਿੱਚ ਕਠਿਨਾਈ ਆਉਣ ’ਤੇ ਬਾਹਰ ਆਉਂਦੇ ਹਨ।

ਉਨ੍ਹਾਂ ਕਿਹਾ ਕਿ ਸੱਪਾਂ ਦੀਆਂ ਕਿਸਮਾਂ ਵਿੱਚੋਂ ਸਿਰਫ 30 ਪ੍ਰਤੀਸ਼ਤ ਸੱਪ ਹੀ ਜਹਿਰੀਲੇ ਹੁੰਦੇ ਹਨ ਜੋ ਡੰਗ ਮਾਰਨ ਤੇ ਜਾਨਲੇਵਾ ਹੋ ਸਕਦੇ ਹਨ। ਕਿਸੇ ਵਿਅਕਤੀ ਨੂੰ ਸੱਪ ਉਸ ਸਮੇਂ ਹੀ ਕੱਟਦਾ ਹੈ ਜਦੋ ਉਸਦੀ ਜਾਨ ਨੂੰ ਖਤਰਾ ਹੋਵੇ। ਸੱਪ ਦੇ ਜ਼ਹਿਰ ਤੋਂ ਬਚਾਅ ਦੇ ਟੀਕੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਉਪਲੱਭਧ ਹਨ। ਮਰੀਜ਼ਾਂ ਨੂੰ ਬਿਨਾਂ ਕਿਸੇ ਦੇਰੀ ਦੇ ਟੀਕੇ ਲਗਾਉਣੇ ਚਾਹੀਦੇ ਹਨ।

ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਸਮਿੰਦਰ ਕੌਰ ਨੇ ਦੱਸਿਆ ਕਿ ਸੱਪ ਦੇ ਡੰਗਣ ਤੋਂ ਬਾਅਦ ਪੀੜਤ ਨੂੰ ਗੈਰ-ਸਿੱਖਿਅਤ ਲੋਕਾਂ ਕੋਲ ਜਾਣ ਦੀ ਬਜਾਏ ਸਰਕਾਰੀ ਹਸਪਤਾਲ ਜਾਣਾ ਚਾਹੀਦਾ ਹੈ। ਸੱਪ ਦੇ ਡੰਗਣ ਦੀ ਸੂਰਤ ਵਿੱਚ ਤੁਰੰਤ ਐਂਬੂਲੈਂਸ ਨੂੰ ਬੁਲਾ ਕੇ ਪੀੜਤ ਨੂੰ ਹਸਪਤਾਲ ਲੈ ਜਾਓ ਅਤੇ ਮਾਹਰ ਡਾਕਟਰ ਕੋਲੋਂ ਹੀ ਇਲਾਜ ਕਰਵਾਓ।

ਪੀੜਤ ਨੂੰ ਹੌਸਲਾ ਦਿੰਦੇ ਰਹੋ ਅਤੇ ਸਪਲਿੰਟ ਦੀ ਮਦਦ ਨਾਲ ਅੰਗ ਨੂੰ ਸਥਿਰ ਰੱਖੋ। ਸੱਪ ਦੇ ਡੰਗਣ ਦੀ ਸੂਰਤ ਵਿੱਚ ਘਬਰਾਉਣ ਦੀ ਲੋੜ ਨਹੀਂ, ਕਿਉਂਕਿ ਸੱਪ ਦੇ ਡੰਗੇ ਦਾ ਇਲਾਜ ਸੰਭਵ ਹੈ। ਜਿਸ ਥਾਂ ‘ਤੇ ਸੱਪ ਨੇ ਡੰਗ ਮਾਰਿਆ ਹੈ, ਉਸ ਥਾਂ ਨੂੰ ਨਾ ਤਾਂ ਕੱਟੋ ਤੇ ਨਾ ਹੀ ਮੂੰਹ ਨਾਲ ਜ਼ਹਿਰ ਕੱਢਣ ਦੀ ਕੋਸ਼ਿਸ਼ ਕਰੋ। ਡੰਗ ਵਾਲੀ ਥਾਂ ‘ਤੇ ਨਾ ਤਾਂ ਬਰਫ਼ ਲਗਾਓ ਤੇ ਨਾ ਹੀ ਮਾਲਿਸ਼ ਕਰੋ। ਆਪਣੇ-ਆਪ ਕੋਈ ਦਵਾਈ ਨਾ ਲਓ ਅਤੇ ਨਾ ਹੀ ਡੰਗ ਵਾਲੀ ਥਾਂ ‘ਤੇ ਕੋਈ ਜੜ੍ਹੀ ਬੂਟੀ ਲਗਾਓ।

ਜਿਲ੍ਹਾ ਮਾਸ ਮੀਡੀਆ ਅਫ਼ਸਰ ਸੰਜੀਵ ਸ਼ਰਮਾ, ਡਿਪਟੀ ਮਾਸ ਮੀਡੀਆ ਅਫ਼ਸਰ ਸੰਦੀਪ ਵਾਲੀਆ ਅਤੇ ਨੇਹਾ ਭੰਡਾਰੀ ਨੇ ਸੱਪ ਦੇ ਡੰਗਣ ਤੋਂ ਬਚਾਅ ਲਈ ਸਲਾਹ ਦਿੰਦੇ ਹੋਏ ਦੱਸਿਆ ਕਿ ਹੜ੍ਹਾਂ ਦੇ ਪਾਣੀ ਵਿੱਚ ਜਾਣ ਤੋਂ ਪ੍ਰਹੇਜ਼ ਕੀਤਾ ਜਾਏ ਅਤੇ ਬਾਹਰ ਜਾਣ ਵੇਲੇ ਸੋਟੀ ਦੀ ਵਰਤੋਂ,ਬੰਦ ਜੁੱਤੀਆਂ ਜਾਂ ਲੰਬੇ ਬੂਟ ਪਾਏ ਜਾਣ। ਰਾਤ ਦੇ ਸਮੇਂ ਹਮੇਸ਼ਾ ਟਾਰਚ ਦੀ ਵਰਤੋਂ ਕੀਤੀ ਜਾਵੇ। ਆਪਣੇ ਘਰ ਅਤੇ ਆਲੇ-ਦੁਆਲੇ ਨੂੰ ਸਾਫ-ਸੁਥਰਾ ਰੱਖੋ।

 

Leave a Reply

Your email address will not be published. Required fields are marked *