ਹੜ੍ਹਾਂ ਮਾਰੇ ਪੰਜਾਬ ‘ਚੋਂ ਮਾਨ ਸਰਕਾਰ ਗਾਇਬ…! ਕਿਸਾਨ ਜਥੇਬੰਦੀ ਉਗਰਾਹਾਂ ਨੇ ਸੰਭਾਲਿਆ ਮੋਰਚਾ
ਉਗਰਾਹਾਂ ਜਥੇਬੰਦੀ ਨੇ ਹੜ੍ਹਾਂ ਦੀ ਮਾਰ ਹੇਠਲੀਆਂ ਜ਼ਮੀਨਾਂ ਪੱਧਰ ਕਰਨ ਦਾ ਮੋਰਚਾ ਸੰਭਾਲਿਆ
ਕਿਸਾਨੀ ਕਿੱਤੇ ਤੇ ਕਿਰਤ ਨੂੰ ਬਚਾਉਣ ਲਈ ਸੰਘਰਸ਼ ਇੱਕੋ ਇੱਕ ਹੱਲ
ਹੜ੍ਹ ਮਾਰੇ ਪਿੰਡਾਂ ਤੇ ਖੇਤਾਂ ਲਈ ਸੌ ਫੀਸਦੀ ਮੁਆਵਜ਼ੇ ਦੀ ਮੰਗ
ਫਾਜ਼ਿਲਕਾ (ਪਰਮਜੀਤ ਢਾਬਾਂ)
ਫਾਜ਼ਿਲਕਾ ਜ਼ਿਲ੍ਹੇ ਦੇ ਸਰਹੱਦੀ ਖ਼ੇਤਰ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਲੋੜਵੰਦ ਮਜ਼ਦੂਰਾਂ, ਕਿਸਾਨਾਂ ਦੇ ਘਰ-ਘਰ ਰਾਸ਼ਨ, ਕੱਪੜੇ ਤੇ ਪਸ਼ੂਆਂ ਨੂੰ ਭੇਜਣ ਮਗਰੋਂ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਹੜ੍ਹਾਂ ਦੀ ਮਾਰ ਵਿੱਚ ਆਈਆਂ ਜ਼ਮੀਨਾਂ ਨੂੰ ਪੱਧਰ ਕਰਕੇ ਵਾਹੀ ਯੋਗ ਬਣਾਉਣ ਦਾ ਕੰਮ ਜੰਗੀ ਪੱਧਰ ‘ਤੇ ਚੱਲ ਰਿਹਾ ਹੈ।
ਸੂਬਾ ਕਮੇਟੀ ਵੱਲੋਂ ਪੰਜਾਬ ਪੱਧਰੀ ਹੜ੍ਹ ਪ੍ਰਭਾਵਿਤ ਸਹਾਇਤਾ ਮੁਹਿੰਮ ਤਹਿਤ ਬਠਿੰਡਾ, ਮਾਨਸਾ, ਮੋਗਾ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ ਤੇ ਫਾਜ਼ਿਲਕਾ ਜ਼ਿਲ੍ਹਿਆਂ ਦੇ 6 ਦਰਜਨ ਦੇ ਕਰੀਬ ਟਰੈਕਟਰਾਂ ਦਾ ਕਾਫ਼ਲਾ ਤੇਜਾ ਰੁਹੇਲਾ, ਦੋਨਾ ਨਾਨਕਾ, ਝੰਗੜ ਭੈਣੀ, ਗੁਲਾਬ ਭੈਣੀ, ਚੱਕ ਰੁਹੇਲਾ, ਰਾਮ ਸਿੰਘ ਭੈਣੀ, ਰੇਤੇ ਵਾਲੀ ਭੈਣੀ ਆਦਿ ਸੱਤ ਪਿੰਡਾਂ ਦੀਆਂ ਜ਼ਮੀਨਾਂ ਪੱਧਰ ਕਰਨ ਵਿੱਚ ਜੁਟਿਆ ਹੋਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਅਤੇ ਜ਼ਿਲ੍ਹੇ ਦੇ ਪ੍ਰਧਾਨ ਗੁਰਭੇਜ ਸਿੰਘ ਰੋਹੀਵਾਲਾ ਨੇ ਦੱਸਿਆ ਕਿ ਪੀੜਿਤ ਕਿਸਾਨਾਂ ਦੀ ਗੁਜ਼ਾਰੇ ਯੋਗ ਜਮੀਨ ਹੜ੍ਹ ਮਾਰ ਵਿੱਚ ਆਉਣ ‘ਤੇ ਪਸ਼ੂ-ਡੰਗਰ, ਮਕਾਨ ਤੇ ਫਸਲਾਂ ਤਬਾਹ ਹੋਣ ਦੇ ਬਾਵਜੂਦ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਦੀ ਬਾਂਹ ਨਹੀਂ ਫੜੀ।
ਉਨ੍ਹਾਂ ਆਖਿਆ ਕਿ ਜਥੇਬੰਦੀ ਦੇ ਫੈਸਲੇ ਅਨੁਸਾਰ ਹੜ੍ਹ ਮਾਰੀਆਂ ਸੱਤ ਪਿੰਡਾਂ ਦੀਆਂ ਜ਼ਮੀਨਾਂ ਪੱਧਰ ਕਰਨ ਉਪਰੰਤ ਟਰੈਕਟਰਾਂ ਦਾ ਕਾਫ਼ਲਾ ਜੋਗਿੰਦਰ ਸਿੰਘ ਦਿਆਲਪੁਰਾ ਮਾਨਸਾ, ਗੁਰਦੇਵ ਸਿੰਘ ਕਿਸ਼ਨਪੁਰਾ ਮੋਗਾ, ਅਜਾਇਬ ਸਿੰਘ ਮੁਕਤਸਰ ਅਤੇ ਜਗਸੀਰ ਸਿੰਘ ਘੋਲਾ ਦੀ ਅਗਵਾਈ ਵਿੱਚ ਅਗਲੇ ਹੜ੍ਹ ਪੀੜਿਤ ਪਿੰਡਾਂ ਵੱਲ ਰੁਖ਼ ਕਰੇਗਾ।
ਕਿਸਾਨ ਆਗੂਆਂ ਨੇ ਦੱਸਿਆ ਕਿ ਜਥੇਬੰਦੀ ਜ਼ਮੀਨਾਂ ਨੂੰ ਵਾਹੀ ਯੋਗ ਕਰਕੇ ਫਸਲਾਂ ਹਰੀਆਂ ਭਰੀਆਂ ਕਰਨ ਤੱਕ ਪੀੜ੍ਹਤ ਕਿਸਾਨਾਂ ਦੀ ਮਦਦ ਲਈ ਵਚਨਬੱਧ ਹੈ। ਉਨ੍ਹਾਂ ਆਖਿਆ ਕਿ ਝੋਨੇ ਦੀ ਕਟਾਈ ਤੇ ਆਪਣੀਆਂ ਜ਼ਮੀਨਾਂ ਅਗਲੀ ਫ਼ਸਲ ਲਈ ਤਿਆਰ ਕਰਨ ਦੀ ਰੁੱਤ ਦੇ ਚਲਦਿਆਂ ਵੀ ਕਿਸਾਨ ਜਥੇਬੰਦੀ ਦੇ ਫ਼ੈਸਲੇ ਅਨੁਸਾਰ ਹੜ੍ਹ ਪੀੜ੍ਹਤ ਕਿਸਾਨ, ਮਜ਼ਦੂਰ ਭਰਾਵਾਂ ਲਈ ਆਪਣਾ ਕੰਮ ਛੱਡ ਕੇ ਖੇਤਾਂ ਦੀ ਸਾਂਝ ਦੀ ਅਨੂਠੀ ਮਿਸਾਲ ਕਾਇਮ ਕੀਤੀ ਹੈ।
ਕਿਸਾਨ ਆਗੂਆਂ ਨੇ ਸਰਕਾਰ ਦੀਆਂ ਗਲਤ ਨੀਤੀਆਂ ਤੇ ਲਾਪਰਵਾਹੀ ਸਦਕਾ ਹੜ੍ਹਾਂ ਦੀ ਮਾਰ ਵਿੱਚ ਆਏ ਪੀੜ੍ਹਤ ਕਿਸਾਨਾਂ ਦੇ ਮੁੜ ਵਸੇਬੇ ਲਈ ਸੌ ਪ੍ਰਤੀਸ਼ਤ ਮੁਆਵਜ਼ੇ ਦੀ ਮੰਗ ਕੀਤੀ ਹੈ।
ਉਨ੍ਹਾਂ ਆਉਣ ਵਾਲੇ ਸਮੇਂ ਵਿੱਚ ਹੜਾਂ ਦੀ ਮਾਰ ਤੋਂ ਬਚਾਉਣ ਦੇ ਪੱਕੇ ਪ੍ਰਬੰਧ ਲਈ ਬੰਨ੍ਹ ਪੱਕੇ ਕਰਵਾਉਣ ਤੇ ਕੁੱਲ ਨੁਕਸਾਨ ਦੀ ਪੂਰੀ ਭਰਪਾਈ ਕਰਾਉਣ ਲਈ ਪਰਿਵਾਰਾਂ ਸਮੇਤ ਸੰਘਰਸ਼ ਦੇ ਪਿੜ ਮੱਲਣ ਦਾ ਸੱਦਾ ਦਿੱਤਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਥਾਨਕ ਕਿਸਾਨ ਆਗੂ ਅੰਗਰੇਜ ਸਿੰਘ, ਗੁਰਮੇਲ ਸਿੰਘ, ਜਸਕੌਰ ਸਿੰਘ ਤੇ ਜਗਸੀਰ ਸਿੰਘ ਘੋਲਾ ਵੀ ਮੌਜੂਦ ਸਨ।

