ਅਹਿਮ ਖ਼ਬਰ: ਪੰਜਾਬ ਸਰਕਾਰ ਮੈਰੀਟੋਰੀਅਸ ਟੀਚਰਾਂ ਅਤੇ ਕੱਚੇ ਅਧਿਆਪਕਾਂ ਨੂੰ ਕਰੇ ਰੈਗੂਲਰ!
30 ਨਵੰਬਰ ਦੀ ਸੰਗਰੂਰ ਰੈਲੀ ਵਿੱਚ ਸ਼ਮੂਲੀਅਤ ਕਰਾਂਗੇ-ਡੀ.ਟੀ.ਐਫ਼
ਚੰਡੀਗੜ੍ਹ, 27 ਨਵੰਬਰ 2025 (Media PBN) –
ਲੰਬੇ ਸਮੇਂ ਤੋਂ ਆਪਣੇ ਪੱਕੇ ਹੋਣ ਲਈ ਸੰਘਰਸ਼ ਕਰ ਰਹੇ ਮੈਰੀਟੋਰੀਅਸ ਅਧਿਆਪਕ ਅਤੇ ਕੱਚੇ ਅਧਿਆਪਕ 30 ਨਵੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਹਿਰ ਸੰਗਰੂਰ ਵਿਖੇ ਰੈਲੀ ਕਰਨਗੇ।
ਅਧਿਆਪਕਾਂ ਦੀ ਨੁਮਾਇੰਦਾ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਅਤੇ ਸੂਬਾ ਸਕੱਤਰ ਰੇਸ਼ਮ ਸਿੰਘ ਖੇਮੂਆਣਾ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚੋਂ ਨਿਕਲੇ ਹੁਸ਼ਿਆਰ ਵਿਦਿਆਰਥੀਆਂ ਨੂੰ ਪੜ੍ਹਾਉਣ ਵਾਲੇ ਮੈਰੀਟੋਰੀਅਸ ਅਧਿਆਪਕ ਵੀ ਪਿਛਲੇ 15-15 ਸਾਲ ਤੋਂ ਠੇਕੇ ‘ਤੇ ਸੇਵਾਵਾਂ ਨਿਭਾ ਰਹੇ ਹਨ, ਜਦਕਿ ਉਹਨਾਂ ਦੇ ਪੜ੍ਹਾਏ ਵਿਦਿਆਰਥੀ ਅੱਜ ਡਾਕਟਰ, ਇੰਜਨੀਅਰ ਅਤੇ ਹੋਰ ਵੱਡੇ ਅਹੁਦਿਆਂ ‘ਤੇ ਕੰਮ ਕਰ ਰਹੇ ਹਨ। ਹਰ ਸਾਲ ਬੋਰਡ ਦੀਆਂ ਮੈਰਿਟਾਂ ਵਿੱਚ ਇਹਨਾਂ ਮੈਰੀਟੋਰੀਅਸ ਸਕੂਲਾਂ ਦੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਮੈਰਿਟਾਂ ਵਿੱਚ ਆਉਂਦੇ ਹਨ। ਪਰ ਉਹਨਾਂ ਨੂੰ ਪੜ੍ਹਾਉਣ ਵਾਲੇ ਅਧਿਆਪਕ ਸੋਸ਼ਣ ਦਾ ਸ਼ਿਕਾਰ ਹੋ ਰਹੇ ਹਨ।
ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਸਰਵਣ ਸਿੰਘ ਔਜਲਾ, ਮੀਤ ਪ੍ਰਧਾਨ ਸੁੱਖਵਿੰਦਰ ਸੁੱਖੀ, ਸੰਯੁਕਤ ਸਕੱਤਰ ਦਲਜੀਤ ਸਮਰਾਲਾ, ਵਿੱਤ ਸਕੱਤਰ ਜਸਵਿੰਦਰ ਬਠਿੰਡਾ, ਪ੍ਰੈਸ ਸਕੱਤਰ ਲਖਵੀਰ ਮੁਕਤਸਰ ਅਤੇ ਸਹਾਇਕ ਪ੍ਰੈਸ ਸਕੱਤਰ ਰਾਜਵਿੰਦਰ ਸਿੰਘ ਬੈਹਣੀਵਾਲ ਨੇ ਦੱਸਿਆ ਕਿ ਇਸੇ ਤਰ੍ਹਾਂ ਪਿਛਲੇ 25-25 ਸਾਲ ਤੋਂ ਆਪਣੀ ਪੂਰੀ ਜ਼ਿੰਦਗੀ ਸਰਕਾਰੀ ਸਕੂਲਾਂ ਦੇ ਲੇਖੇ ਲਾ ਚੁੱਕੇ ਕੱਚੇ ਅਧਿਆਪਕ ਬਿਨਾਂ ਪੱਕੇ ਹੋਏ ਖਾਲੀ ਹੱਥ ਰਿਟਾਇਰ ਹੋ ਰਹੇ ਹਨ।
ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਵੱਲੋਂ ਇਹਨਾਂ ਦੇ ਧਰਨਿਆਂ ਵਿੱਚ ਆ ਕੇ ਪਹਿਲੀ ਕੈਬਨਿਟ ਮੀਟਿੰਗ ਵਿੱਚ ਪੱਕੇ ਕਰਨ ਦਾ ਲਾਰਾ ਅੱਜ ਸੈਂਕੜੇ ਕੈਬਨਿਟ ਮੀਟਿੰਗਾਂ ਹੋ ਜਾਣ ਦੇ ਬਾਵਜੂਦ ਵੀ ਲਾਰਾ ਹੀ ਰਿਹਾ। ਨਿਗੂਣੀਆਂ ਤਨਖਾਹਾਂ ‘ਤੇ ਕੰਮ ਕਰ ਰਹੇ ਇਹ ਅਧਿਆਪਕ ਆਪਣੇ ਪੱਕੇ ਹੋਣ ਲਈ ਹੁਣ ਫਿਰ ਸੰਘਰਸ਼ ਦੇ ਮੈਦਾਨ ਵਿੱਚ ਹਨ।
ਇਹਨਾਂ ਦੋਵਾਂ ਕੈਟਾਗਰੀਆਂ ਦੇ ਅਧਿਆਪਕਾਂ ਵੱਲੋਂ ਮੈਰੀਟੋਰੀਅਸ ਅਧਿਆਪਕ ਯੂਨੀਅਨ ਪੰਜਾਬ ਅਤੇ ਸਪੈਸ਼ਲ ਅਧਿਆਪਕ ਫ਼ਰੰਟ ਦੇ ਝੰਡੇ ਹੇਠ 30 ਨਵੰਬਰ ਨੂੰ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਵਿਖੇ ਰੈਲੀ ਕੀਤੀ ਜਾ ਰਹੀ ਹੈ, ਜਿਸ ਵਿੱਚ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਤੋਂ ਵੱਡੀ ਗਿਣਤੀ ਵਿੱਚ ਅਧਿਆਪਕ ਸ਼ਾਮਿਲ ਹੋਣਗੇ।
ਡੀ. ਟੀ. ਐਫ਼. ਨੇ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਇਹਨਾਂ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਲਿਆ ਕੇ ਰੈਗੂਲਰ ਗ੍ਰੇਡ ਵਿੱਚ ਪੱਕਾ ਕੀਤਾ ਜਾਵੇ, ਨਹੀਂ ਤਾਂ ਆਉਣ ਵਾਲੇ ਚੋਣ ਸਾਲ ਵਿੱਚ ਵੱਡੇ ਸੰਘਰਸ਼ ਦਾ ਟਾਕਰਾ ਕਰਨ ਲਈ ਤਿਆਰ ਰਹੇ।

