ਪੰਜਾਬ ਪੁਲਿਸ ਨੇ ਬਾਦਲ ਦਾ ਮੱਕੂ ਠੱਪਿਆ! ਐਂਨਕਾਊਂਟਰ ‘ਚ ਮਾਰਿਆ ਗਿਆ ਬਦਮਾਸ਼ਾਂ ਦਾ ਮੁਖੀ

All Latest NewsNews FlashPunjab NewsTop BreakingTOP STORIES

 

ਪੰਜਾਬ ਪੁਲਿਸ ਨੇ ਨਵੀਨ ਅਰੋੜਾ ਕਤਲ ਮਾਮਲੇ ਦਾ ਮੁੱਖ ਦੋਸ਼ੀ ਕੀਤਾ ਢੇਰ

ਧੁੰਦ ਦਾ ਫਾਇਦਾ ਉਠਾ ਕੇ ਦੋ ਮੁਲਜ਼ਮ .30 ਬੋਰ ਦਾ ਇਕ ਪਿਸਤੌਲ ਅਤੇ .32 ਬੋਰ ਦਾ ਇਕ ਪਿਸਤੌਲ ਛੱਡ ਕੇ ਭੱਜੇ, ਦੋਵੇਂ ਹਥਿਆਰ ਪੁਲਿਸ ਨੇ ਕੀਤੇ ਬਰਾਮਦ: ਡੀਆਈਜੀ ਹਰਮਨਬੀਰ ਸਿੰਘ ਗਿੱਲ*

ਚੰਡੀਗੜ੍ਹ/ਫਿਰੋਜ਼ਪੁਰ, 27 ਨਵੰਬਰ (Media PBN):

ਪੰਜਾਬ ਪੁਲਿਸ ਵੱਲੋਂ ਵੱਡੀ ਸਫਲਤਾ ਹਾਸਲ ਕਰਦਿਆਂ ਨਵੀਨ ਅਰੋੜਾ ਕਤਲ ਕੇਸ ਦੇ ਮੁੱਖ ਦੋਸ਼ੀ, ਜਿਸਦੀ ਪਛਾਣ ਬਾਦਲ ਵਾਸੀ ਬਸਤੀ ਭੱਟੀਆਂ ਵਜੋਂ ਹੋਈ ਹੈ, ਨੂੰ ਅੱਜ ਪਿੰਡ ਮਹਾਮੁਜੋਹੀਆ ਵਿਖੇ ਪੁਲਿਸ ਪਾਰਟੀ ਅਤੇ ਉਸਦੇ ਸਾਥੀਆਂ ਦਰਮਿਆਨ ਹੋਈ ਗੋਲੀਬਾਰੀ ਦੌਰਾਨ ਢੇਰ ਕਰ ਦਿੱਤਾ ਗਿਆ ਹੈ।

ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ (ਡੀਆਈਜੀ) ਫਿਰੋਜ਼ਪੁਰ ਰੇਂਜ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਫਿਰੋਜ਼ਪੁਰ ਪੁਲਿਸ ਨੇ ਬੁੱਧਵਾਰ ਨੂੰ ਸ਼ੱਕੀ ਬਾਦਲ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਪੁੱਛਗਿੱਛ ਦੌਰਾਨ ਉਸਨੇ ਆਪਣੇ ਦੋ ਸਾਥੀਆਂ ਰਾਜੂ ਅਤੇ ਸੋਨੂੰ ਬਾਰੇ ਜਾਣਕਾਰੀ ਦਿੱਤੀ ਜਿਹਨਾਂ ਨੇ ਉਸ ਨੂੰ ਵੀਰਵਾਰ ਸਵੇਰੇ 5 ਵਜੇ ਦੇ ਕਰੀਬ ਪਿੰਡ ਮਹਾਮੁਜੋਹੀਆ, ਜਿੱਥੇ ਬਾਦਲ ਨੇ ਹਥਿਆਰ ਲੁਕਾਉਣ ਦਾ ਵੀ ਦਾਅਵਾ ਕੀਤਾ ਸੀ, ਦੇ ਟੋਲ ਪਲਾਜ਼ਾ ਨੇੜੇ ਸਥਿਤ ਸ਼ਮਸ਼ਾਨਘਾਟ ਕੋਲੋਂ ਫਰਾਰ ਕਰਵਾ ਕੇ ਰਾਜਸਥਾਨ ਲੈ ਕੇ ਜਾਣਾ ਸੀ।

ਉਨ੍ਹਾਂ ਦੱਸਿਆ ਕਿ ਬਾਦਲ ਦੇ ਖੁਲਾਸੇ ‘ਤੇ, ਪੁਲਿਸ ਟੀਮ ਉਸ ਨੂੰ ਸ਼ਮਸ਼ਾਨਘਾਟ ਜਿੱਥੇ ਬਾਦਲ ਦੇ ਦੋ ਸਾਥੀ ਲੁਕੇ ਹੋਏ ਸਨ, ਲੈ ਜਾ ਰਹੀ ਸੀ ਅਤੇ ਪੁਲਿਸ ਪਾਰਟੀ ਨੂੰ ਵੇਖਦਿਆਂ ਹੀ ਉਨ੍ਹਾਂ ਨੇ ਬਾਦਲ ਨੂੰ ਛੁਡਾਉਣ ਦੇ ਇਰਾਦੇ ਨਾਲ ਪੁਲਿਸ ਮੁਲਾਜ਼ਮਾਂ ‘ਤੇ ਗੋਲੀਆਂ ਚਲਾ ਦਿੱਤੀਆਂ।

ਉਨ੍ਹਾਂ ਦੱਸਿਆ ਕਿ ਪੁਲਿਸ ਨੇ ਵੀ ਸਵੈ-ਰੱਖਿਆ ਵਿੱਚ ਜਵਾਬੀ ਕਾਰਵਾਈ ਕੀਤੀ। ਉਨ੍ਹਾਂ ਦੱਸਿਆ ਕਿ ਜਵਾਬੀ ਕਾਰਵਾਈ ਦੌਰਾਨ ਦੋਸ਼ੀ ਬਾਦਲ ਗੋਲੀਆਂ ਲੱਗਣ ਕਾਰਨ ਜਖ਼ਮੀ ਹੋ ਗਿਆ। ਇਲਾਜ ਲਈ ਉਸਨੂੰ ਹਸਪਤਾਲ ਲਿਜਾਇਆ ਗਿਆ ਸੀ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ।

ਜਾਣਕਾਰੀ ਅਨੁਸਾਰ, ਫਿਰੋਜ਼ਪੁਰ ਪੁਲਿਸ ਨੇ ਨਵੀਨ ਅਰੋੜਾ ਦੇ ਕਤਲ ਦੇ ਸਬੰਧ ਵਿੱਚ ਪਹਿਲਾਂ ਹੀ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਿਨ੍ਹਾਂ ਦੀ ਪਛਾਣ ਹਰਸ਼, ਕੰਨਵ ਅਤੇ ਗੁਰਸਿਮਰਨ ਸਿੰਘ ਉਰਫ਼ ਜਤਿਨ ਉਰਫ਼ ਕਾਲੀ ਵਜੋਂ ਹੋਈ ਹੈ ਅਤੇ ਇਹ ਸਾਰੇ ਦੋਸ਼ੀ ਫਿਰੋਜ਼ਪੁਰ ਦੇ ਬਸਤੀ ਭੱਟੀਆਂ ਦੇ ਰਹਿਣ ਵਾਲੇ ਹਨ। ਦੱਸਣਯੋਗ ਹੈ ਕਿ 15 ਨਵੰਬਰ, 2025 ਨੂੰ ਨਵੀਨ ਅਰੋੜਾ ਦਾ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸੀਨੀਅਰ ਸੁਪਰਡੈਂਟ ਆਫ ਪੁਲਿਸ (ਐਸਐਸਪੀ) ਫਿਰੋਜ਼ਪੁਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਕਤਲ ਤੋਂ ਤੁਰੰਤ ਬਾਅਦ ਦੋਸ਼ੀਆਂ ਦਾ ਪਤਾ ਲਗਾਉਣ ਲਈ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਸਨ। ਤਕਨੀਕੀ ਅਤੇ ਮਨੁੱਖੀ ਖੁਫੀਆ ਜਾਣਕਾਰੀ, ਸੀਸੀਟੀਵੀ ਫੁਟੇਜ ਅਤੇ ਗਵਾਹਾਂ ਦੇ ਬਿਆਨਾਂ ਜ਼ਰੀਏ ਪੁਲਿਸ ਟੀਮਾਂ ਨੇ ਕਤਲ ਵਿੱਚ ਸ਼ਾਮਲ ਸ਼ੱਕੀਆਂ ਦੀ ਪਛਾਣ ਕਰਨ ਵਿੱਚ ਸਫਲਤਾ ਹਾਸਲ ਕੀਤੀ।

ਉਨ੍ਹਾਂ ਦੱਸਿਆ ਕਿ ਗੋਲੀਬਾਰੀ ਦੌਰਾਨ ਹੈੱਡ ਕਾਂਸਟੇਬਲ ਬਲੋਰ ਸਿੰਘ ਵੀ ਜਖ਼ਮੀ ਹੋ ਗਿਆ ਅਤੇ ਇੱਕ ਗੋਲੀ ਕਾਂਸਟੇਬਲ ਗੁਰਮੀਤ ਸਿੰਘ ਦੀ ਬੁਲੇਟ-ਪਰੂਫ ਜੈਕੇਟ ਵਿੱਚ ਲੱਗੀ। ਉਨ੍ਹਾਂ ਅੱਗੇ ਦੱਸਿਆ ਕਿ ਸੰਘਣੀ ਧੁੰਦ ਅਤੇ ਹਨੇਰੇ ਦਾ ਫਾਇਦਾ ਉਠਾਉਂਦਿਆਂ ਦੋ ਅਣਪਛਾਤੇ ਹਮਲਾਵਰ ਭੱਜਣ ਵਿੱਚ ਕਾਮਯਾਬ ਹੋ ਗਏ।

ਐਸਐਸਪੀ ਨੇ ਦੱਸਿਆ ਕਿ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਟੀਮਾਂ ਵੱਲੋਂ ਬਾਕੀ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

 

 

Media PBN Staff

Media PBN Staff