ਵੱਡੀ ਖਬਰ ਪੰਜਾਬ ਸਰਕਾਰ ਵੱਲੋਂ ਪ੍ਰਦਰਸ਼ਨਕਾਰੀ ਮੁਲਾਜ਼ਮਾਂ ਦੀਆਂ ਸੇਵਾਵਾਂ ਖਤਮ
ਚੰਡੀਗੜ੍ਹ, 29 ਨਵੰਬਰ 2025 ( Media PBN)
ਪੰਜਾਬ ਸਰਕਾਰ ਦੇ ਵੱਲੋਂ ਹੜਤਾਲ ‘ਤੇ ਗਏ ਮੁਲਾਜ਼ਮਾਂ ਦੀਆਂ ਸੇਵਾਵਾਂ ਖਤਮ ਕਰਨ ਦਾ ਫੈਸਲਾ ਲਿਆ ਹੈ। ਦਰਅਸਲ ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਰੋਡਵੇਜ਼ ਅਤੇ ਪਨਬੱਸ ਦੇ ਕੱਚੇ ਮੁਲਾਜ਼ਮ ਪ੍ਰਦਰਸ਼ਨ ਕਰ ਰਹੇ ਹਨ।
ਹਾਲਾਂਕਿ ਸਰਕਾਰ ਦੁਆਰਾ ਸਮੇਂ ਸਮੇਂ ‘ਤੇ ਦਿੱਤੇ ਜਾਂਦੇ ਭਰੋਸੇ ‘ਤੇ ਮੁਲਾਜ਼ਮ ਆਪਣਾ ਪ੍ਰਦਰਸ਼ਨ ਵਾਪਸ ਵੀ ਲੈ ਲੈਂਦੇ ਹਨ, ਪਰ ਸਰਕਾਰ ਇਹਨਾਂ ਮੁਲਾਜ਼ਮਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਟਾਲ ਮਟੋਲ ਦੀ ਨੀਤੀ ਅਪਣਾਉਂਦੀ ਰਹੀ ਹੈ।
ਬੀਤੇ ਦਿਨ ਮੁਲਾਜ਼ਮਾਂ ਨੇ ਪੂਰੇ ਪੰਜਾਬ ਅੰਦਰ ਵੱਡੇ ਪੱਧਰ ‘ਤੇ ਹੜਤਾਲ ਕਰਨ ਦਾ ਫੈਸਲਾ ਕੀਤਾ। ਪੰਜਾਬ ਵਿੱਚ ਕਈ ਥਾਵਾਂ ‘ਤੇ ਮੁਲਾਜ਼ਮਾਂ ਦੇ ਨਾਲ ਪੁਲਿਸ ਦੀ ਝੜਪ ਵੀ ਹੋਈ ਅਤੇ ਕੁਝ ਜਗਾਵਾਂ ‘ਤੇ ਇਨਾਂ ਪ੍ਰਦਰਸ਼ਨਕਾਰੀ ਮੁਲਾਜ਼ਮਾਂ ਦੇ ਵਿਰੁੱਧ ਪੁਲਿਸ ਨੇ ਮੁਕਦਮੇ ਵੀ ਦਰਜ ਕੀਤੇ।
ਅੱਜ ਤਾਜ਼ਾ ਖਬਰ ਇਹ ਸਾਹਮਣੇ ਆਈ ਹੈ ਕਿ ਪਨਬਸ ਦੇ ਵੱਲੋਂ ਹੜਤਾਲ ‘ਤੇ ਗਏ ਆਪਣੇ ਮੁਲਾਜ਼ਮਾਂ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਹਨ। ਪਨਬਸ ਨੇ ਇਹ ਕਾਰਵਾਈ ਪੰਜਾਬ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਕੀਤੀ ਹੈ।
ਇਸ ਸਬੰਧੀ ਇੱਕ ਨੋਟੀਫਿਕੇਸ਼ਨ ਵੀ ਸਰਕਾਰ ਦੇ ਵੱਲੋਂ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਇਹ ਦੱਸਿਆ ਗਿਆ ਹੈ ਕਿ ਇਹਨਾਂ ਮੁਲਾਜ਼ਮਾਂ ਨੇ ਆਪਣੀ ਡਿਊਟੀ ਸਹੀ ਤਰੀਕੇ ਦੇ ਨਾਲ ਨਹੀਂ ਕੀਤੀ ਅਤੇ ਡਿਊਟੀ ‘ਤੇ ਹੋਣ ਦੇ ਬਾਵਜੂਦ ਇਹ ਮੁਲਾਜ਼ਮ ਹਾਜ਼ਰ ਨਹੀਂ ਹੋਏ ਅਤੇ ਪ੍ਰਦਰਸ਼ਨ ਕਰਦੇ ਰਹੇ, ਜਿਸ ਦੇ ਕਾਰਨ ਆਮ ਲੋਕਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ।

ਪੱਤਰ ‘ਚ ਲਿਖਿਆ :
ਅੱਜ ਮਿਤੀ 28-11-2025 ਨੂੰ ਤੁਹਾਡੇ ਸ਼੍ਰੀ ਬਿਰਕਮਜੀਤ ਸਿੰਘ ਕੰਡ:ਨੰ: ਸੀਟੀਸੀ-06 ਵਲੋਂ ਗੈਰਕਾਨੂੰਨੀ ਹੜਤਾਲ ਵਿੱਚ ਸ਼ਾਮਲ ਹੋ ਕੇ ਡਿਊਟੀ ਸੈਕਸ਼ਨ ਵਲੋਂ ਲਗਾਏ ਗਏ ਰੋਟੇ ਮੁਤਾਬਿਕ 380 ਕਿਲੋਮੀਟਰ ਮਿਸ ਕੀਤੇ ਗਏ ਅਤੇ ਰੂਟ ਮੁਕੇਰੀਆ-ਜਲੰਧਰ-ਅੰਮ੍ਰਿਤਸਰ- ਜਲੰਧਰ-ਪਠਾਨਕੋਟ ਉਪਰ ਪਨਬਸ ਦੀ ਬੱਸ ਸੇਵਾ ਨਾ ਦੇਣ ਕਾਰਨ ਪਬਲਿਕ ਵਿੱਚ ਬਦਨਾਮੀ ਹੋਈ, ਉਥੇ ਪਬਲਿਕ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਅਤੇ ਵਿਭਾਗ ਦਾ 11939/- ਰੁਪਏ ਦਾ ਵਿੱਤੀ ਨੁਕਸਾਨ ਹੋਇਆ।
ਮਿਤੀ 28-11-2025 ਨੂੰ ਤੁਹਾਨੂੰ ਨਿਮਨਹਸਤਾਖਰ ਵਲੋਂ ਇਸ ਸਬੰਧੀ ਨੋਟਿਸ ਵੀ ਜਾਰੀ ਕੀਤਾ ਗਿਆ ਅਤੇ ਤੁਹਾਨੂੰ ਤੁਰੰਤ ਡਿਊਟੀ ਤੇ ਹਾਜਰ ਹੋਣ ਲਈ ਹਦਾਇਤ ਕੀਤੀ ਗਈ ਪਰ ਮਿਤੀ 29-11-2025 ਨੂੰ ਡਿਊਟੀ ਰੋਟੇ ਮੁਤਾਬਿਕ ਤੁਹਾਡੀ ਡਿਊਟੀ ਮੁਕੇਰੀਆ- ਜਲੰਧਰ-ਅੰਮ੍ਰਿਤਸਰ-ਜਲੰਧਰ-ਪਠਾਨਕੋਟ ਲੱਗੀ ਹੋਈ ਸੀ, ਤੁਸੀ ਅੱਜ ਮਿਤੀ 29-11-2025 ਨੂੰ ਮੁਕੇਰੀਆਂ ਤੋ ਬੱਸ ਜਲੰਧਰ ਵਰਕਸ਼ਾਪ ਵਿੱਚ ਇੰਨ ਕਰਵਾ ਦਿੱਤੀ ਅਤੇ ਗੈਰਕਾਨੂੰਨੀ ਹੜਤਾਲ ਵਿੱਚ ਸ਼ਾਮਲ ਹੋ ਗਏ ਅਤੇ 301 ਕਿਲੋਮੀਟਰ ਮਿਸ ਕੀਤੇ।
ਤੁਸੀ ਗੈਰਕਾਨੂੰਨੀ ਹੜਤਾਲ ਵਿੱਚ ਭਾਗ ਲਿਆ, ਜਿਸ ਨਾਲ ਜਿਥੇ ਵਿਭਾਗ ਦੀ ਬੱਸ ਸਰਵਿਸ ਦੀ ਬਦਨਾਮੀ ਹੋਈ, ਉਥੇ 9520/- ਰੁਪਏ ਦਾ ਵਿੱਤੀ ਨੁਕਸਾਨ ਹੋਇਆ। ਇਸ ਤਰ੍ਹਾ ਤੁਹਾਡੇ ਵਲੋਂ ਹੁਣ ਤੱਕ 21459/-ਰੁਪਏ ਦਾ ਨੁਕਸਾਨ ਕਰ ਦਿੱਤਾ ਗਿਆ ਹੈ। ਉਪਰੋਕਤ ਸਥਿਤੀ ਨੂੰ ਧਿਆਨ ਵਿਚ ਰੱਖਦੇ ਹੋਏ ਅਤੇ ਵਿਭਾਗ ਦੇ ਤੁਹਾਡੇ ਨਾਲ ਕੀਤੇ ਗਏ ਐਗਰੀਮੈਂਟ ਦੀਆਂ ਸ਼ਰਤਾਂ ਨੰਬਰ-15 ਅਨੁਸਾਰ ਤੁਹਾਡੇ ਵਲੋਂ ਕੀਤੇ ਗਏ ਵਿੱਤੀ ਨੁਕਸਾਨ ਅਤੇ ਗੈਰਕਾਨੂੰਨੀ ਹੜਤਾਲ ਵਿੱਚ ਭਾਗ ਲੈਣ ਕਾਰਨ ਤੁਹਾਡੀਆਂ ਸੇਵਾਵਾਂ ਖਤਮ ਕੀਤੀਆਂ ਜਾਂਦੀਆਂ ਹਨ।
ਦੂਜੇ ਪਾਸੇ ਪ੍ਰਦਰਸ਼ਨਕਾਰੀ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਹ ਆਪਣੀ ਹੜਤਾਲ ਜਾਰੀ ਰੱਖਣਗੇ ਅਤੇ ਉਹਨਾਂ ਨੇ ਨਾਲ ਹੀ ਇਹ ਕਿਹਾ ਕਿ ਜਦੋਂ ਤੱਕ ਸਰਕਾਰ ਉਹਨਾਂ ਨੂੰ ਪੱਕਾ ਨਹੀਂ ਕਰਦੀ ਅਤੇ ਅਜਿਹੇ ਤਾਨਾਸ਼ਾਹੀ ਫੈਸਲੇ ਵਾਪਸ ਨਹੀਂ ਲੈਂਦੀ, ਉਦੋਂ ਤੱਕ ਉਹ ਹੜਤਾਲ ‘ਤੇ ਰਹਿਣਗੇ।

