ਮਾਨ ਸਰਕਾਰ ਦੀ ਤਾਨਾਸ਼ਾਹੀ ਹਰਕਤ! ਕਾਂਗਰਸੀ ਉਮੀਦਵਾਰਾਂ ਨੂੰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲੜਨ ਲਈ ਨਹੀਂ ਦਿੱਤੀ ਜਾ ਰਹੀ NOC- ਵੜਿੰਗ ਦਾ ਵੱਡਾ ਦੋਸ਼
ਮਾਨ ਸਰਕਾਰ ਦੀ ਤਾਨਾਸ਼ਾਹੀ ਹਰਕਤ! ਕਾਂਗਰਸੀ ਉਮੀਦਵਾਰਾਂ ਨੂੰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲੜਨ ਲਈ ਨਹੀਂ ਦਿੱਤੀ ਜਾ ਰਹੀ NOC- ਵੜਿੰਗ ਦਾ ਵੱਡਾ ਦੋਸ਼
ਚੰਡੀਗੜ੍ਹ, 2 ਦਸੰਬਰ 2025 (Media PBN)
ਪੰਜਾਬ ਦੇ ਅੰਦਰ ਦਸੰਬਰ ਦੇ ਦੂਜੇ ਹਫਤੇ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਹੋਣ ਜਾ ਰਹੀਆਂ ਹਨ, ਜਿਸ ਨੂੰ ਲੈ ਕੇ ਨਾਮਜਦਗੀਆਂ ਭਰਨ ਦਾ ਕੰਮ ਆਰੰਭ ਹੋ ਗਿਆ ਹੈ। ਇਸੇ ਵਿਚਾਲੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵੱਲੋਂ ਸੱਤਾ ਧਿਰ ਆਮ ਆਦਮੀ ਪਾਰਟੀ ਤੇ ਗੰਭੀਰ ਦੋਸ਼ ਲਗਾਇਆ ਹੈ। ਉਹਨਾਂ ਨੇ ਕਿਹਾ ਹੈ ਕਿ ਮਾਨ ਸਰਕਾਰ ਦੀ ਇੱਕ ਹੋਰ ਤਾਨਾਸ਼ਾਹੀ ਸਾਹਮਣੇ ਆਈ ਹੈ।
ਉਨ੍ਹਾਂ ਦੋਸ਼ ਲਾਉਂਦੇ ਹੋਏ ਕਿਹਾ ਕਿ, ਪੰਜਾਬ ਸਰਕਾਰ ਦੇ ਅਧਿਕਾਰੀਆਂ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲੜ ਰਹੇ ਕਾਂਗਰਸੀ ਉਮੀਦਵਾਰਾਂ ਨੂੰ ਇਤਰਾਜ਼ ਨਾ ਹੋਣ ਸਬੰਧੀ ਸਰਟੀਫਿਕੇਟ (ਐਨ.ਓ.ਸੀ) ਜਾਰੀ ਨਹੀਂ ਕੀਤੇ ਜਾ ਰਹੇ।
ਇਸ ਸਬੰਧ ਵਿੱਚ ਰਾਜਾ ਵੜਿੰਗ ਨੇ ਪੰਜਾਬ ਦੇ ਮੁੱਖ ਚੋਣ ਅਫਸਰ ਤੋਂ ਤੁਰੰਤ ਦਖਲ ਦੀ ਮੰਗ ਕੀਤੀ ਹੈ। ਸੀਈਓ ਨੂੰ ਲਿਖੇ ਇੱਕ ਪੱਤਰ ਵਿੱਚ, ਵੜਿੰਗ ਨੇ ਕਿਹਾ ਕਿ ਕਾਂਗਰਸੀ ਉਮੀਦਵਾਰਾਂ ਦੇ ਐਨਓਸੀ ਜਾਂ ਤਾਂ ਦੇਰੀ ਨਾਲ ਦਿੱਤੇ ਜਾ ਰਹੇ ਹਨ ਜਾਂ ਫਿਰ ਜਾਰੀ ਕਰਨ ਤੋਂ ਇਨਕਾਰ ਕੀਤੇ ਜਾ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਪ੍ਰਕਿਰਿਆ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ ਅਤੇ ਆਖਰੀ ਮਿਤੀ ਨੇੜੇ ਹੈ। ਅਜਿਹੇ ਵਿੱਚ ਉਮੀਦਵਾਰਾਂ ਨੂੰ ਸਬੰਧਤ ਅਧਿਕਾਰੀਆਂ ਦੁਆਰਾ ਜਾਰੀ ਕੀਤੇ ਜਾਣ ਵਾਲੇ ਐਨਓਸੀ ਨਹੀਂ ਮਿਲ ਰਹੇ ਹਨ। ਇਹ ਉਮੀਦਵਾਰਾਂ ਨੂੰ ਚੋਣ ਲੜਨ ਦੇ ਮੌਕੇ ਤੋਂ ਵਾਂਝਾ ਕਰਨ ਦੀ ਕੋਸ਼ਿਸ਼ ਹੈ।
ਉਨ੍ਹਾਂ ਖੁਲਾਸਾ ਕੀਤਾ ਕਿ ਸਬੰਧਤ ਅਧਿਕਾਰੀ ਪੰਜਾਬ ਭਰ ਵਿੱਚ ਕਿਤੇ ਵੀ ਉਪਲਬਧ ਨਹੀਂ ਹਨ। ਇਥੋਂ ਤੱਕ ਕਿ ਉਨ੍ਹਾਂ ਕੋਲ ਇਸ ਸਮੱਸਿਆ ਬਾਰੇ ਮੈਸੇਜ ਅਤੇ ਫ਼ੋਨ ਕਾਲਾਂ ਦੀ ਭਰਮਾਰ ਹੈ, ਲੇਕਿਨ ਐਨਓਸੀ ਜਾਰੀ ਕਰਨ ਲਈ ਅਧਿਕਾਰਤ ਸਬੰਧਤ ਅਧਿਕਾਰੀ ਉਪਲਬਧ ਨਹੀਂ ਹਨ।
ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਇਸ ਸਭ ਵਿੱਚ ਜਾਣਬੁੱਝ ਕੇ ਰੱਚੀ ਗਈ ਸਾਜ਼ਿਸ਼ ਪ੍ਰਤੀਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਵਿੱਚ ਸਾਡੇ ਉਮੀਦਵਾਰਾਂ ਅਤੇ ਹੋਰ ਸਾਰੇ ਵਿਰੋਧੀ ਉਮੀਦਵਾਰਾਂ ਨੂੰ ਐਨਓਸੀ ਦੇਣ ਤੋਂ ਇਨਕਾਰ ਕਰਨਾ ਇੱਕ ਜਾਣਬੁੱਝ ਕੇ ਰੱਚੀ ਗਈ ਸਾਜ਼ਿਸ਼ ਜਾਪਦੀ ਹੈ, ਤਾਂ ਜੋ ਉਹ ਚੋਣ ਲੜ ਨਾ ਸਕਣ।
ਵੜਿੰਗ ਨੇ ਕਿਹਾ ਕਿ ਇਹ ਸਾਫ ਤੌਰ ਤੇ ਨਿਰਪੱਖ ਚੋਣ ਪ੍ਰਕਿਰਿਆ ਦੀ ਉਲੰਘਣਾ ਹੈ ਅਤੇ ਮੁੱਖ ਚੋਣ ਅਫਸਰ ਤੋਂ ਮਾਮਲੇ ਵਿੱਚ ਤੁਰੰਤ ਦਖਲ ਦੀ ਮੰਗ ਕੀਤੀ ਕਿ ਉਹ ਸਾਰੇ ਸਬੰਧਤ ਅਧਿਕਾਰੀਆਂ ਨੂੰ ਕੰਮ ‘ਤੇ ਮੌਜੂਦ ਰਹਿਣ ਅਤੇ ਤੁਰੰਤ ਐਨਓਸੀ ਜਾਰੀ ਕਰਨ ਲਈ ਸਪੱਸ਼ਟ ਨਿਰਦੇਸ਼ ਦੇਣ।

