ਸਰਕਾਰੀ ਸਕੂਲ ‘ਚ ਮਾਸ ਕਾਊਂਸਲਿੰਗ ਵਰਕਸ਼ਾਪ ਦਾ ਆਯੋਜਨ, ਭਾਰਤੀ ਸ਼ਰਮਾ ਤੇ ਹੋਰਨਾਂ ਦਾ ਕੀਤਾ ਵਿਸ਼ੇਸ਼ ਸਨਮਾਨ
ਸਰਕਾਰੀ ਸਕੂਲ ‘ਚ ਮਾਸ ਕਾਊਂਸਲਿੰਗ ਵਰਕਸ਼ਾਪ ਦਾ ਆਯੋਜਨ, ਭਾਰਤੀ ਸ਼ਰਮਾ ਤੇ ਹੋਰਨਾਂ ਦਾ ਕੀਤਾ ਵਿਸ਼ੇਸ਼ ਸਨਮਾਨ
ਰਈਆ, 2 ਦਸੰਬਰ 2025 (Media PBN):
ਡਿਪਟੀ ਕਮਿਸ਼ਨਰ ਅੰਮ੍ਰਿਤਸਰ ਅਤੇ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰ) ਅੰਮ੍ਰਿਤਸਰ ਰਾਜੇਸ਼ ਸ਼ਰਮਾ ਦੀਆਂ ਹਦਾਇਤਾਂ ਅਨੁਸਾਰ ਜਿਲ੍ਹਾ ਰੁਜ਼ਗਾਰ ਉਤਪਤੀ ਹੁਨਰ ਵਿਕਾਸ ਤੇ ਸਿਖਲਾਈ ਦਫਤਰ ਅੰਮ੍ਰਿਤਸਰ ਦੇ ਸਹਿਯੋਗ ਨਾਲ ਸੈਕੰਡਰੀ ਅਤੇ ਹਾਈ ਸਕੂਲਾਂ ਵਿੱਚ ਕੀਤੀ ਜਾ ਰਹੀ ਮਾਸ ਕਾਊਂਸਲਿੰਗ ਤਹਿਤ ਭਾਰਤੀ ਸ਼ਰਮਾ ਕੈਰੀਅਰ ਕੌਂਸਲਰ ਜਿਲ੍ਹਾ ਰੁਜ਼ਗਾਰ ਦਫਤਰ ਅੰਮ੍ਰਿਤਸਰ, ਸੁਖਪਾਲ ਸਿੰਘ ਜਿਲ੍ਹਾ ਗਾਈਡੈਂਸ ਕਾਊਂਸਲਰ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਈਆ ਮੁੰਡੇ ਵਿਖੇ ਬਲਾਕ ਰਈਆ-1 ਦੇ ਸਕੂਲਾਂ ਦੇ ਵਿਦਿਆਰਥੀਆਂ ਦੀ ਇੱਕ ਰੋਜ਼ਾ ਮਾਸ ਕਾਊਂਸਲਿੰਗ ਵਰਕਸ਼ਾਪ ਲਗਾਈ ਗਈ।
ਇਸ ਮੌਕੇ ਜਿਲ੍ਹਾ ਪੱਧਰੀ ਟੀਮ ਦਾ ਸਕੂਲ ਵਿੱਚ ਪਹੁੰਚਣ ‘ਤੇ ਪ੍ਰਿੰਸੀਪਲ ਨਵਤੇਜ ਕੌਰ, ਸਕੂਲ ਇੰਚਾਰਜ ਹਰਪਿੰਦਰ ਕੌਰ, ਬਲਾਕ ਕੈਰੀਅਰ ਕਾਊਂਂਸਲਰ ਨਰਿੰਦਰ ਕੁਮਾਰ ਧੀਰ, ਸਕੂਲ ਕਾਉਂਸਲਰ ਸ੍ਰੀਮਤੀ ਕਮਲਜੀਤ ਕੌਰ ਅਤੇ ਹੋਰ ਸਕੂਲ ਸਟਾਫ ਅਤੇ ਵਿਦਿਆਰਥੀਆਂ ਨੇ ਨਿੱਘਾ ਸਵਾਗਤ ਕੀਤਾ। ਇਸ ਮੌਕੇ ਵੱਖ-ਵੱਖ ਸਕੂਲਾਂ ਤੋਂ ਆਏ ਵਿਦਿਆਰਥੀਆਂ ਅਤੇ ਸਕੂਲ ਕੈਰੀਅਰ ਕਾਊਂਸਲਰਾਂ, ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਭਾਰਤੀ ਸ਼ਰਮਾ ਵੱਲੋਂ ਵੱਖ ਵੱਖ ਕੋਰਸਾਂ, ਵੱਖ ਵੱਖ ਰੁਜ਼ਗਾਰਾਂ ਅਤੇ ਕਿੱਤਿਆਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਨਰਿੰਦਰ ਕੁਮਾਰ ਧੀਰ ਵੱਲੋਂ ਵੱਖ-ਵੱਖ ਹਾਇਰ ਐਜੂਕੇਸ਼ਨ ਕਾਲਜ ਸਬੰਧੀ ਜਾਣਕਾਰੀ ਦਿੱਤੀ ਗਈ।
ਇਨ੍ਹਾਂ ਤੋਂ ਇਲਾਵਾ ਸੂਬੇਦਾਰ ਜੋਗਿੰਦਰ ਨੇ ਆਰਮੀ ਭਰਤੀ, ਰੁਪਿੰਦਰ ਕੌਰ ਪੀਐਨਬੀ ਅਤੇ ਕਰੀਅਰ ਕੌਂਸਲਰ ਨੇ ਬੱਚਿਆਂ ਨੂੰ ਵੱਖ ਵੱਖ ਕੋਰਸਾਂ ਕਿੱਤਿਆਂ ਸਬੰਧੀ ਜਾਣਕਾਰੀ ਦਿੱਤੀ। ਆਏ ਹੋਏ ਮਹਿਮਾਨਾਂ ਨੂੰ ਸਕੂਲ ਪ੍ਰਿੰਸੀਪਲ ਅਤੇ ਸਮੂਹ ਸਕੂਲ ਸਟਾਫ ਮੈਂਬਰਾਂ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਵਰਕਸ਼ਾਪ ਵਿੱਚ ਵੱਡੀ ਗਿਣਤੀ ਵਿੱਚ ਵੱਖ ਵੱਖ ਸਕੂਲਾਂ ਦੇ ਵਿਦਿਆਰਥੀ ਅਤੇ ਅਧਿਆਪਕ ਵੀ ਹਾਜ਼ਰ ਸਨ।

