ਹਫ਼ਤੇ ‘ਚ Bank 5 ਦਿਨ ਖੋਲ੍ਹਣ ਦੀ ਮੰਗ ਨੂੰ ਲੈ ਕੇ ਮੁਲਾਜ਼ਮਾਂ ਵੱਲੋਂ ਕੇਂਦਰ ਵਿਰੁੱਧ ਪ੍ਰਦਰਸ਼ਨ
ਫਿਰੋਜ਼ਪੁਰ
ਯੂਨਾਈਟਡ ਫੋਰਮ ਆਫ ਬੈਂਕ ਯੂਨੀਅਨਜ਼ ਦੇ ਸੱਦੇ ਹੇਠ 5 ਦਿਨੀਂ ਬੈਂਕਿੰਗ ਦੀ ਮੰਗ ਲਈ ਫਿਰੋਜ਼ਪੁਰ ਸ਼ਹਿਰ ਵਿੱਚ ਸਮੂਹ ਬੈਂਕਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਪੁਰਜ਼ੋਰ ਢੰਗ ਨਾਲ ਪ੍ਰਦਰਸ਼ਨ ਕੀਤਾ ਗਿਆ। ਅੱਜ ਦਾ ਪ੍ਰਦਰਸ਼ਨ ਸਟੇਟ ਬੈਂਕ ਆਫ਼ ਇੰਡੀਆ ਦੀ ਊਧਮ ਸਿੰਘ ਚੌਕ ਬ੍ਰਾਂਚ ਵਿੱਚ ਕੀਤਾ ਗਿਆ।
ਆਗੂਆਂ ਨੇ ਇਸ ਮੌਕੇ ਦੱਸਿਆ ਕਿ ਇਹ ਪ੍ਰਮੁੱਖ ਮੰਗ 11ਵੇਂ ਅਤੇ 12ਵੇਂ ਵੇਜ ਸੈਟਲਮੈਂਟ ਵਿੱਚ ਪ੍ਰਵਾਨ ਕੀਤੀ ਗਈ ਸੀ, ਪਰ ਅੱਜ 7 ਸਾਲ ਦੀ ਦੇਰੀ ਤੇ ਇੰਤਜ਼ਾਰ ਦੇ ਮਗਰੋਂ ਵੀ ਲਾਗੂ ਨਹੀਂ ਕੀਤੀ ਗਈ ਹੈ। ਅੱਜ ਦੇ ਦੇਸ਼ ਵਿਆਪੀ ਪ੍ਰਦਰਸ਼ਨ ਰਾਹੀਂ ਬੈਂਕ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ IBA ਅਤੇ DFS ਨੂੰ ਇਸ ਮੰਗ ਨੂੰ ਬੈਂਕਾਂ ਵਿਚ ਜਲਦ ਲਾਗੂ ਕਰਨ ਲਈ ਚੇਤਾਇਆ ਦਿੱਤੀ ਗਈ।
ਯੂਨੀਅਨ ਨੇਤਾਵਾਂ ਨੇ ਇਹ ਵੀ ਦੱਸਿਆ ਕਿ ਇਸ ਮੰਗ ਦੀ ਪੂਰਤੀ ਨਾ ਹੋਣ ਦੀ ਸੂਰਤ ਵਿੱਚ ਇਸ ਸੰਘਰਸ਼ ਨੂੰ ਪੂਰੇ ਦੇਸ਼ ਵਿੱਚ ਹੋਰ ਤੇਜ਼ ਕੀਤਾ ਜਾਵੇਗਾ।
ਵੱਖ-ਵੱਖ ਬੈਂਕਾਂ ਦੇ ਰਾਜ ਪੱਧਰੀ, ਜੋਨਲ ਤੇ ਰੀਜ਼ਨਲ ਸੀਨੀਅਰ ਆਗੂਆਂ ਨੇ ਇਸ ਸਮੇਂ ਸੰਬੋਧਨ ਕੀਤਾ। ਇਸ ਪ੍ਰਦਰਸ਼ਨ ਮੌਕੇ ਕਾਮਰੇਡ ਪ੍ਰੇਮ ਸ਼ਰਮਾ, ਸੁਖਪਾਲ ਸਿੰਘ, ਗੁਰਲਾਲ ਸਿੰਘ, ਰੋਹਿਤ ਧਵਨ, ਜਤਿੰਦਰ ਸਿੰਘ, ਬੱਲੀ ਬਾਦਲ, ਮਨਪ੍ਰੀਤ ਸਿੰਘ, ਅਸ਼ਵਨੀ, ਜਗਮੋਹਨ ਸਿੰਘ, ਰਮਿੰਦਰ ਸਿੰਘ, ਪਰਦੀਪ ਕੱਕੜ, ਸੁਖਦੀਪ ਕੌਰ, ਨੀਤੀ ਗੁਪਤਾ ਸਮੇਤ ਵੱਡੀ ਗਿਣਤੀ ਵਿੱਚ ਜ਼ਿਲ੍ਹੇ ਦੇ ਬੈਂਕ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।

