Pathankot News: ਸਮੁਦਾਇ ਦੀ ਸ਼ਮੂਲੀਅਤ ਨਾਲ ਯਾਦਗਾਰੀ ਹੋ ਨਿੱਬੜਿਆ ਸਿੱਖਿਆ ਸਪਤਾਹ
Pathankot News: ਅਜਿਹੀਆਂ ਗਤੀਵਿਧੀਆਂ ਨਾਲ ਬੱਚਿਆਂ ਦਾ ਹੁੰਦਾ ਸਰਵਪੱਖੀ ਵਿਕਾਸ:- ਕਮਲਦੀਪ ਕੌਰ
ਪੰਜਾਬ ਨੈੱਟਵਰਕ, ਪਠਾਨਕੋਟ
Pathankot News: ਪਠਾਨਕੋਟ ਜਿਲ੍ਹੇ ਦੇ ਪ੍ਰਾਇਮਰੀ ਸਕੂਲਾਂ ਵਿੱਚ ਰਾਜ ਵਿਦਿਅਕ ਖੋਜ ਅਤੇ ਸਿਖਲਾਈ ਪਰਿਸ਼ਦ, ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਸ੍ਰੀਮਤੀ ਕਮਲਦੀਪ ਕੌਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀ ਡੀਜੀ ਸਿੰਘ ਦੀ ਅਗਵਾਈ ਹੇਠ ਸਮੂਹ ਸਕੂਲ ਮੁਖੀਆਂ ਵੱਲੋਂ ਸਿੱਖਿਆ ਸਪਤਾਹ ਮਨਾਇਆ ਗਿਆ।
ਇਸ ਸਪਤਾਹ ਦੌਰਾਨ ਜ਼ਿਲ੍ਹੇ ਦੇ ਸਮੂਹ ਸਕੂਲਾਂ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਰਲਵੀਂ ਮਿਹਨਤ ਨਾਲ ਵੱਖ ਵੱਖ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ। ਸਿੱਖਿਆ ਸਪਤਾਹ ਦੇ ਅੰਤਿਮ ਦਿਨ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਸ੍ਰੀਮਤੀ ਕਮਲਦੀਪ ਕੌਰ ਨੇ ਸਰਕਾਰੀ ਪ੍ਰਾਇਮਰੀ ਸਕੂਲ ਬਨੀ ਲੋਧੀ ਦਾ ਦੌਰਾ ਕਰ ਸਮੁਦਾਇ ਦੇ ਲੋਕਾਂ ਨੂੰ ਸਰਕਾਰੀ ਸਕੂਲਾਂ ਵਿੱਚ ਭਾਗੀਦਾਰੀ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਉਨ੍ਹਾਂ ਨਾਲ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀ ਡੀਜੀ ਸਿੰਘ ਅਤੇ ਬੀਪੀਈਓ ਨਰੇਸ਼ ਪਨਿਆੜ ਵਿਸ਼ੇਸ਼ ਤੌਰ ਤੇ ਹਾਜਰ ਸਨ। ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀਮਤੀ ਕਮਲਦੀਪ ਕੌਰ ਨੇ ਦੱਸਿਆ ਕਿ ਹਫ਼ਤੇ ਦੇ ਵੱਖ-ਵੱਖ ਦਿਨਾਂ ਵਿੱਚ ਮੁਢਲੇ ਗਿਆਨ ਤੇ ਸਿੱਖਣ ਸਿਖਾਉਣ ਸਮੱਗਰੀ ਦਿਹਾੜਾ, ਬੁਨਿਆਦੀ ਗਿਣਤੀ ਅਤੇ ਸ਼ਾਖਰਤਾ ਦਿਹਾੜਾ, ਸਥਾਨਕ ਖੇਡਾਂ, ਲੋਕ ਗੀਤ ਸੱਭਿਆਚਾਰਕ ਪ੍ਰੋਗਰਾਮ ,ਕਰੀਅਰ ਐਂਡ ਗਾਈਡੈਂਸ, ਕੁਦਰਤੀ ਵਾਤਾਵਰਨ ਦੀ ਸਾਂਭ ਸੰਭਾਲ ਅਤੇ ਪਤਵੰਤੇ ਸੱਜਣਾਂ ਦੀ ਮਿਲਣੀ ਦੌਰਾਨ ਸਕੂਲ ਦੇ ਚੱਲ ਰਹੇ ਕੰਮਾਂ ਬਾਰੇ ਜਾਗਰੂਕ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਅਜਿਹੀਆਂ ਗਤੀਵਿਧੀਆਂ ਬਹੁਤ ਜ਼ਰੂਰੀ ਹਨ।
ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਡੀਜੀ ਸਿੰਘ ਅਤੇ ਬੀਪੀਈਓ ਸ੍ਰੀ ਨਰੇਸ਼ ਪਨਿਆੜ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਨਾਲ ਵਿਦਿਆਰਥੀਆਂ ਦਾ ਬੌਧਿਕ ਅਤੇ ਮਾਨਸਿਕ ਵਿਕਾਸ ਹੁੰਦਾ ਹੈ ਅਤੇ ਵਿਦਿਆਰਥੀਆਂ ਦੀ ਪ੍ਰਤਿਭਾ ਨਿਖ਼ਰ ਕੇ ਉਭਰਦੀ ਹੈ। ਉਨ੍ਹਾਂ ਕਿਹਾ ਕਿ ਸਮੂਹ ਸਕੂਲਾਂ ਵਿੱਚ ਬੜੇ ਉਤਸ਼ਾਹ ਨਾਲ ਅਧਿਆਪਕਾਂ ਵੱਲੋਂ ਸਿੱਖਿਆ ਸਪਤਾਹ ਮਨਾਇਆ ਗਿਆ ਹੈ।
ਉਨ੍ਹਾਂ ਸਕੂਲ ਮੈਨਜਮੈਂਟ ਕਮੇਟੀਆਂ ਨੂੰ ਅਪੀਲ ਕੀਤੀ ਕਿ ਉਹ ਸਕੂਲਾਂ ਵਿੱਚ ਸੁਧਾਰ ਲਿਆਉਣ ਲਈ ਵੱਧ ਤੋਂ ਵੱਧ ਸਹਿਯੋਗ ਕਰਨ ਅਤੇ ਆਪਣੇ ਆਪ ਨੂੰ ਵਿੱਦਿਆਂਜਲੀ ਪੋਰਟਲ ਤੇ ਰਜਿਸਟਰ ਕਰ ਕੇ ਵਲੰਟੀਅਰ ਬਣ ਕੇ ਸਕੂਲਾਂ ਵਿਚ ਸੁਧਾਰ ਲਿਆਉਣ। ਇਸ ਮੌਕੇ ਸੈਂਟਰ ਹੈਡ ਟੀਚਰ ਸ੍ਰੀ ਰਾਜੇਸ਼ ਕੁਮਾਰ ਵੱਲੋਂ ਸਮੂਹ ਆਏ ਹੋਏ ਮਹਿਮਾਨਾਂ ਦਾ ਪੌਦਿਆਂ ਨਾਲ ਸਵਾਗਤ ਕੀਤਾ ਗਿਆ ਅਤੇ ਸਕੂਲ ਦੀ ਗ੍ਰਾਉੰਡ ਵਿੱਚ ਪੌਦਾ ਰੌਪਣ ਕਰਵਾਇਆ ਗਿਆ। ਇਸ ਮੌਕੇ ਤੇ ਰਜਿੰਦਰ ਸਿੰਘ ਸਰਪੰਚ ਬਨੀ ਲੋਧੀ, ਬੀਨੂੰ ਪ੍ਰਤਾਪ ਸਿੰਘ, ਸੰਗਰਾਮ ਸਿੰਘ, ਵਿਕਾਸ ਮੈਹਰਾ, ਰਾਜੇਸ਼ ਬਖਸ਼ੀ, ਸੀਤਲ ਸ਼ਰਮਾਂ, ਰੀਤਾ ਦੇਵੀ ਆਦਿ ਹਾਜ਼ਰ ਸਨ।