Exam News- 6ਵੀਂ ਜਮਾਤ ਦੇ ਦਾਖ਼ਲੇ ਲਈ ਜਵਾਹਰ ਨਵੋਦਿਆ ਚੋਣ ਪ੍ਰੀਖਿਆ 13 ਦਸੰਬਰ ਨੂੰ
Exam News- 6ਵੀਂ ਜਮਾਤ ਦੇ ਦਾਖ਼ਲੇ ਲਈ ਜਵਾਹਰ ਨਵੋਦਿਆ ਚੋਣ ਪ੍ਰੀਖਿਆ 13 ਨੂੰ
ਹੁਸ਼ਿਆਰਪੁਰ, 3 ਦਸੰਬਰ 2025 (Media PBN):
Exam News- ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਦੀ ਪ੍ਰਿੰਸੀਪਲ ਰੰਜੂ ਦੁੱਗਲ ਨੇ ਮੀਡੀਆ ਨੂੰ ਦੱਸਿਆ ਕਿ 13 ਦਸੰਬਰ 2025 ਨੂੰ ਜ਼ਿਲ੍ਹਾ ਹੁਸ਼ਿਆਰਪੁਰ ਦੇ ਵੱਖ-ਵੱਖ ਪ੍ਰੀਖਿਆ ਕੇਂਦਰਾਂ ਵਿੱਚ ਛੇਵੀਂ ਜਮਾਤ ਦੇ ਦਾਖ਼ਲੇ ਲਈ ਜਵਾਹਰ ਨਵੋਦਿਆ ਚੋਣ ਪ੍ਰੀਖਿਆ ਆਯੋਜਿਤ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਇਸ ਪ੍ਰੀਖਿਆ ਲਈ ਪੰਜਵੀਂ ਕਲਾਸ ਦੇ ਵਿਦਿਆਰਥੀਆਂ ਦਾ ਆਨਲਾਈਨ ਰਜਿਸਟਰ (ਰਜਿਸਟ੍ਰੇਸ਼ਨ) ਕਰਵਾਉਂਦੇ ਸਮੇਂ ਵਿਦਿਆਰਥੀ ਦਾ ਨਾਮ, ਪਿਤਾ ਦਾ ਨਾਮ, ਲਿੰਗ (ਲੜਕਾ ਜਾਂ ਲੜਕੀ), ਸ਼੍ਰੇਣੀ (ਜਨਰਲ, ਐਸ.ਸੀ, ਐਸ.ਟੀ., ਓ.ਬੀ.ਸੀ), ਖੇਤਰ (ਪੇਂਡੂ ਜਾਂ ਸ਼ਹਿਰੀ) ਜਾਂ ਦਿਵਿਆਂਗਤਾ ਦੇ ਬਾਰੇ ਵਿਚ ਜਾਣਕਾਰੀ ਭਰਦੇ ਸਮੇਂ ਕੋਈ ਗਲਤ ਜਾਣਕਾਰੀ ਭਰੀ ਗਈ ਹੈ, ਤਾਂ ਇਸ ਵਿਚ ਸੁਧਾਰ ਕਰਵਾਇਆ ਜਾ ਸਕਦਾ ਹੈ।
ਮਾਤਾ-ਪਿਤਾ ਪ੍ਰਿੰਸੀਪਲ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ, ਜ਼ਿਲ੍ਹਾ ਹੁਸ਼ਿਆਰਪੁਰ ਨੂੰ ਸੁਧਾਰ ਕਰਨ ਲਈ ਬੇਨਤੀ ਪੱਤਰ (ਅਰਜ਼ੀ) ਲਿਖ ਕੇ ਜੋ ਸੁਧਾਰ ਕਰਵਾਉਣਾ ਹੈ, ਉਸ ਨਾਲ ਸਬੰਧਤ ਸਰਟੀਫਿਕੇਟ ਦੀ ਫੋਟੋ ਕਾਪੀ ਅਤੇ ਆਨਲਾਈਨ ਰਜਿਸਟ੍ਰੇਸ਼ਨ ਫਾਰਮ ਦੀ ਕਾਪੀ ਨੱਥੀ ਕਰਨ, ਮਾਤਾ ਜਾਂ ਪਿਤਾ ਖੁੱਦ ਨਵੋਦਿਆ ਵਿਦਿਆਲਿਆ ਫਲਾਹੀ ਵਿਚ ਕਿਸੇ ਵੀ ਕੰਮਕਾਜ਼ ਵਾਲੇ ਦਿਨ 10 ਦਸੰਬਰ 2025 ਤੱਕ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਆ ਕੇ ਸੁਧਾਰ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜਨਮ ਮਿਤੀ ਅਤੇ ਪ੍ਰੀਖਿਆ ਦੇ ਮਾਧਿਅਮ ਵਿੱਚ ਕੋਈ ਸੁਧਾਰ ਨਹੀਂ ਕੀਤਾ ਜਾਵੇਗਾ।
ਇਸ ਬਾਰੇ ਸਾਰੇ ਬਲਾਕ ਪ੍ਰਾਇਮਰੀ ਸਿੱਖਿਆ ਅਧਿਕਾਰੀਆਂ, ਬਲਾਕ ਨੋਡਲ ਅਧਿਕਾਰੀਆਂ, ਕੇਂਦਰ ਮੁਖੀਆਂ ਅਤੇ ਸਕੂਲ ਮੁਖੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

