ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਕਿਸਾਨਾਂ, ਮਜ਼ਦੂਰਾਂ ਅਤੇ ਬਿਜਲੀ ਕਾਮਿਆਂ ਨੇ ਕੀਤਾ ਰੋਸ ਪ੍ਰਦਰਸ਼ਨ, ਬਿਜਲੀ ਸੋਧ ਬਿੱਲ ਅਤੇ ਸੀਡ ਬਿੱਲ ਦੀਆਂ ਕਾਪੀਆਂ ਫੂਕੀਆਂ
ਫਿਰੋਜ਼ਪੁਰ, 8 ਦਸੰਬਰ, 2025 (Media PBN):
ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਫਿਰੋਜ਼ਪੁਰ ਦੀਆਂ ਕਿਸਾਨ, ਮਜ਼ਦੂਰ, ਵਿਦਿਆਰਥੀ ਅਤੇ ਬਿਜਲੀ ਕਾਮਿਆਂ ਦੀਆਂ ਜਥੇਬੰਦੀਆਂ ਨੇ ਬਿਜਲੀ ਗਰਿੱਡ ਫਿਰੋਜ਼ਪੁਰ ਛਾਉਣੀ ਵਿਖੇ ਇਕੱਤਰ ਹੋ ਕੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ। ਇਕੱਠੇ ਹੋਏ ਲੋਕਾਂ ਵੱਲੋਂ ਬਿਜਲੀ ਸੋਧ ਬਿੱਲ 2025 ਅਤੇ ਸੀਡ ਬਿੱਲ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਕੇਂਦਰ ਸਰਕਾਰ ਖਿਲਾਫ਼ ਜੰਮ ਕੇ ਨਾਹਰੇਬਾਜ਼ੀ ਕੀਤੀ ਗਈ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਅਵਤਾਰ ਸਿੰਘ ਮਹਿਮਾਂ ਨੇ ਕਿਹਾ ਕਿ ਕੇਂਦਰ ਸਰਕਾਰ ਜਿੱਥੇ ਸੂਬਿਆਂ ਦੇ ਹੱਕਾਂ ਉੱਪਰ ਡਾਕਾ ਮਾਰ ਕੇ ਬਿਜਲੀ ਅਦਾਰੇ ਨੂੰ ਖੋਹ ਕੇ ਆਪਣੀ ਫਾਸ਼ੀਵਾਦੀ ਨੀਤੀ ਨੂੰ ਅੱਗੇ ਵਧਾ ਰਹੀ ਹੈ, ਉੱਥੇ ਹੀ ਤੇਜ਼ੀ ਨਾਲ ਪੂਰਾ ਬਿਜਲੀ ਸੈਕਟਰ ਕਾਰਪੋਰੇਟ ਘਰਾਣਿਆਂ ਲਈ ਮੁਨਾਫ਼ੇ ਦੀ ਵਸਤੂ ਬਣਾ ਸੁੱਟ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਰਕਾਰ ਸੀਡ ਬਿੱਲ ਰਾਹੀਂ ਇੱਕ ਵਾਰ ਫੇਰ ਖੇਤੀ ਸੈਕਟਰ ਵਿੱਚ ਦਖ਼ਲਅੰਦਾਜ਼ੀ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਖੇਤੀ ਦੇ ਬੀਜਾਂ ਦੀਆਂ ਖੋਜਾਂ ਅਤੇ ਰੱਖ-ਰਖਾਵ ਦਾ ਮਸਲਾ ਆਮ ਲੋਕਾਂ ਅਤੇ ਸੂਬਾ ਸਰਕਾਰਾਂ ਦਾ ਹੈ, ਪਰ ਕੇਂਦਰ ਇਹ ਹੱਕ ਵੱਡੀਆਂ ਕਾਰਪੋਰੇਟੀ ਕੰਪਨੀਆਂ ਨੂੰ ਦੇਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਕਿਸੇ ਵੀ ਕੀਮਤ ਉੱਪਰ ਬਿਜਲੀ ਸੋਧ ਬਿੱਲ ਅਤੇ ਸੀਡ ਬਿੱਲ ਨੂੰ ਮਨਜ਼ੂਰ ਨਹੀਂ ਕਰਨਗੇ। ਅੱਜ ਧਰਨਾਕਾਰੀਆਂ ਵੱਲੋਂ ਅੰਤ ਵਿੱਚ ਬਿਜਲੀ ਸੋਧ ਬਿੱਲ 2025 ਤੇ ਸੀਡ ਬਿੱਲ ਦੀਆਂ ਕਾਪੀਆਂ ਫੂਕੀਆਂ ਗਈਆਂ।
ਇਸ ਮੌਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਗੁਰਮੀਤ ਸਿੰਘ ਮਹਿਮਾਂ, ਦਲਵਿੰਦਰ ਸਿੰਘ ਸ਼ੇਰਖਾਂ, ਕੁਲ ਹਿੰਦ ਕਿਸਾਨ ਸਭਾ ਵੱਲੋਂ ਗੁਰਦਿੱਤ ਸਿੰਘ, ਕਿਸਾਨ ਯੂਨੀਅਨ ਖੋਸਾ ਵੱਲੋਂ ਪਰਮਜੀਤ ਸਿੰਘ ਭੁੱਲਰ, ਕਿਸਾਨ ਯੂਨੀਅਨ ਕਾਦੀਆਂ ਵੱਲੋਂ ਗੁਰਮੇਲ ਸਿੰਘ, ਬਿਜਲੀ ਕਾਮਿਆਂ ਦੀ ਜਥੇਬੰਦੀ ਇੰਪਲਾਈਜ਼ ਫੈਡਰੇਸ਼ਨ ਵੱਲੋਂ ਰਾਕੇਸ਼ ਸੈਣੀ, ਅਸ਼ਵਨੀ ਸ਼ਰਮਾ, ਟੀਐੱਸ ਯੂ ਵੱਲੋਂ ਗੁਰਦੇਵ ਸਿੰਘ, ਕੁਲਵੰਤ ਸਿੰਘ, ਪੈਨਸ਼ਨਰ ਐਸੋਸੀਏਸ਼ਨ ਵੱਲੋਂ ਰਾਕੇਸ਼ ਸ਼ਰਮਾ, ਸੁਰਿੰਦਰ ਸ਼ਰਮਾ, ਕਿਸਾਨ ਵਿਦਿਆਰਥੀ ਯੂਨੀਅਨ ਵੱਲੋਂ ਜਗਰੂਪ ਸਿੰਘ ਭੁੱਲਰ, ਸੀ ਐਚ ਬੀ ਕਾਮਿਆਂ ਵੱਲੋਂ ਵਿਸ਼ਾਲ ਤੇਜੀ, ਪੰਜਾਬ ਜਮਹੂਰੀ ਮੋਰਚੇ ਵੱਲੋਂ ਜਸਵੰਤ ਸਿੰਘ ਪੱਟੀ ਆਦਿ ਆਗੂਆਂ ਨੇ ਸੰਬੋਧਨ ਕੀਤਾ।

