ਨਰੇਗਾ ਮਜ਼ਦੂਰਾਂ ਨੂੰ ਦਿਓ 1000 ਰੁਪਏ ਦਿਹਾੜੀ! ਯੂਨੀਅਨ 26 ਦਸੰਬਰ ਨੂੰ ਘੇਰੇਗੀ DC ਦਫ਼ਤਰ
ਨਰੇਗਾ ਮਜ਼ਦੂਰਾਂ ਨੂੰ ਦਿਓ 1000 ਰੁਪਏ ਦਿਹਾੜੀ! ਯੂਨੀਅਨ 26 ਦਸੰਬਰ ਨੂੰ ਘੇਰੇਗੀ DC ਦਫ਼ਤਰ
ਮੋਗਾ, 11 ਦਸੰਬਰ 2025 (Media PBN) :
ਕਿਰਤ ਕਰਨ ਵਾਲੇ ਲੋਕਾਂ ਦੇ ਸੁਨਹਿਰੀ ਭਵਿੱਖ ਲਈ ਲਈ ਰੁਜ਼ਗਾਰ ਦੀ ਗਾਰੰਟੀ ਵਾਲਾ ਸਮਾਜਵਾਦੀ ਪ੍ਰਬੰਧ ਸਿਰਜਣਾ ਹੀ ਸਾਡਾ ਮੁੱਖ ਨਿਸ਼ਾਨਾ। ਇਸ ਲਈ ਚੇਤਨ ਲੋਕਾਂ ਨੂੰ ਲਾਮਬੰਦ ਹੋਣਾ ਹੀ ਪੈਣਾ ਹੈ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਪੰਜਾਬ ਏਟਕ ਦੇ ਸੂਬਾ ਪ੍ਰਧਾਨ ਕਸ਼ਮੀਰ ਸਿੰਘ ਗਦਾਈਆ ਅਤੇ ਜਨਰਲ ਸਕੱਤਰ ਜਗਸੀਰ ਖੋਸਾ ਨੇ ਕਿਹਾ ਕਿ ਨਰੇਗਾ ਵਿਰੋਧੀਆਂ ਵੱਲੋਂ ਕੀਤੇ ਜਾ ਰਹੇ ਨਰੇਗਾ ਵਿਰੋਧੀ ਪ੍ਰਚਾਰ ਨੂੰ ਠੱਲ੍ਹ ਪਾਈ ਜਾਣੀ ਚਾਹੀਦੀ ਹੈ।
ਇਸ ਮੌਕੇ ਨਰੇਗਾ ਮਜ਼ਦੂਰਾਂ ਲਈ 150 ਦਿਨ ਦੀ ਗਾਰੰਟੀ ਪੂਰੀ ਤਰ੍ਹਾਂ ਕਾਇਮ ਹੈ। ਨਰੇਗਾ ਮਜ਼ਦੂਰਾਂ ਨੂੰ ਆਪਣੇ 150 ਦਿਨ ਦੇ ਕੰਮ ਜਾਂ ਬੇਰੁਜ਼ਗਾਰੀ ਭੱਤਾ ਪ੍ਰਾਪਤ ਕਰਨ ਲਈ ਸਿੱਖਣਾ ਪਵੇਗਾ।
ਬੇਸ਼ੱਕ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਮਾੜੀ ਨੀਅਤ ਨਾਲ ਮਜ਼ਦੂਰਾਂ ਲਈ ਹਰ ਤਰ੍ਹਾਂ ਦੇ ਅੜਿੱਕੇ ਡਾਹੇ ਜਾਂਦੇ ਹਨ, ਪਰ ਨਰੇਗਾ ਐਕਟ ਦੀਆਂ ਮਜ਼ਦੂਰ ਪੱਖੀ ਧਰਾਵਾਂ ਨਰੇਗਾ ਮਜ਼ਦੂਰਾਂ ਦੀ ਮਦਦ ਕਰਦੀਆਂ ਹਨ।
ਉਨ੍ਹਾਂ ਕਿਹਾ ਕਿ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੀ ਸੂਬਾ ਕਮੇਟੀ ਨੇ ਫੈਸਲਾ ਕੀਤਾ ਹੈ ਕਿ 26 ਦਸੰਬਰ ਨੂੰ ਸਾਰੇ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਅੱਗੇ ਧਰਨੇ ਦੇ ਕੇ ਮਜ਼ਦੂਰਾਂ ਨੂੰ ਆ ਰਹੀਆਂ ਮੁਸ਼ਕਿਲਾਂ ’ਤੇ ਉਨ੍ਹਾਂ ਦੀਆਂ ਮੰਗਾਂ ਸਬੰਧੀ ਮੰਗ ਪੱਤਰ ਦਿੱਤੇ ਜਾਣਗੇ।
ਇਨ੍ਹਾਂ ਧਰਨਿਆਂ ਵਿਚ ਰਹਿੰਦੇ ਬਕਾਏ ਤੁਰੰਤ ਜਾਰੀ ਕਰਵਾਉਣ, ਨਰੇਗਾ ਮਜ਼ਦੂਰਾਂ ਦੀ ਦਿਹਾੜੀ 1000 ਰੁਪਏ ਕਰਨ, ਦਿਨਾਂ ਦੀ ਗਾਰੰਟੀ 200 ਕਰਨ, ਕੰਮ ਦਾ ਸਮਾਂ ਸ਼ੁਰੂਆਤ ਵਾਲਾ 6 ਘੰਟੇ ਕਰਨ, ਕੰਮ ਕਰਨ ਲਈ ਸੰਦ ਮੁਹੱਈਆ ਕਰਵਾਉਣ, ਕੰਮ ਵਾਲੀ ਜਗ੍ਹਾ ਤੇ ਮੌਤ ਹੋਣ ਜਾਂ ਪੂਰਨ ਅਪੰਗਤਾ ਦੀ ਹਾਲਤ ਵਿਚ ਦਿੱਤੀ ਜਾਣ ਵਾਲੀ ਐਕਸਗਰੇਸ਼ੀਆ ਗ੍ਰਾਂਟ 25 ਹਜ਼ਾਰ ਤੋਂ ਵਧਾ ਕੇ 5 ਲੱਖ ਕਰਵਾਉਣ ਲਈ ਵੀ ਆਵਾਜ਼ ਬੁਲੰਦ ਕੀਤੀ ਜਾਵੇਗੀ।

