ਪੰਜਾਬ ‘ਚ ਅਵਾਰਾ ਕੁੱਤਿਆਂ ਦਾ ਕਹਿਰ, ਮਾਸੂਮ ਬੱਚੇ ਸਮੇਤ ਕਈ ਲੋਕਾਂ ਨੂੰ ਵੱਢਿਆ- ਹਾਲਤ ਗੰਭੀਰ

All Latest NewsNews FlashPunjab NewsTop BreakingTOP STORIES

 

Punjab Breaking: ਅਵਾਰਾ ਕੁੱਤਿਆਂ ਦਾ ਕਹਿਰ ਜਾਰੀ! ਬੱਚੇ ਸਮੇਤ ਕਈ ਹੋਰਾਂ ਨੂੰ ਵੱਢਿਆ- ਹਾਲਤ ਗੰਭੀਰ

ਸੁਖਮਿੰਦਰ ਭੰਗੂ

ਲੁਧਿਆਣਾ 14 ਦਸੰਬਰ 2025 (Media PBN)- ਲੁਧਿਆਣਾ ਵਿਖੇ ਮਾਡਲ ਗ੍ਰਾਮ ਵਿੱਚ ਉਸ ਸਮੇਂ ਹੰਗਾਮਾ ਖੜ੍ਹਾ ਹੋ ਗਿਆ ਜਦੋਂ ਇੱਕ ਹਲਕੇ ਹੋਏ ਕੁੱਤੇ ਵੱਲੋਂ ਕਈ ਵਿਅਕਤੀਆਂ ਨੂੰ ਕੱਟਿਆ ਗਿਆ। ਇਹਨਾਂ ਵਿੱਚ ਇੱਕ ਮਾਸੂਮ ਬੱਚਾ ਵੀ ਸ਼ਾਮਿਲ ਹੈ ਜਿਸ ਨੂੰ ਬਹੁਤ ਬੁਰੇ ਤਰੀਕੇ ਨਾਲ ਨੋਚਿਆ ਗਿਆ ਹੈ। ਬੱਚੇ ਦਾ ਮੂੰਹ ਕੁੱਤੇ ਨੇ ਬਹੁਤ ਹੀ ਭਿਅੰਕਰ ਤਰੀਕੇ ਨਾਲ ਕੱਟਿਆ ਹੋਇਆ ਹੈ। ਬੱਚੇ ਨੂੰ ਸਿਵਲ ਹਸਪਤਾਲ ਦਾਖਲ ਕਰਾਇਆ ਗਿਆ ਹੈ ਜਿੱਥੇ ਉਸਦਾ ਆਪਰੇਸ਼ਨ ਕੀਤਾ ਜਾਵੇਗਾ। ਹੁਣ ਸਵਾਲ ਇਹ ਉੱਠਦਾ ਹੈ ਕਿ ਇਸ ਸਥਿਤੀ ਵਿੱਚ ਡੌਗ ਲਵਰਜ਼, ਸਿਹਤ ਵਿਭਾਗ ਤੇ ਨਗਰ ਨਿਗਮ ਦੀ ਭੂਮਿਕਾ ਕੀ ਹੈ?

ਇਸ ਸਾਰੀ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਉੱਘੇ ਆਰਟੀਏ ਸਕੱਤਰ ਅਤੇ ਸਮਾਜ ਸੇਵੀ ਅਰਵਿੰਦ ਸ਼ਰਮਾ ਨੇ ਦੱਸਿਆ ਕਿ ਅੱਜ ਸਵੇਰੇ, ਮਾਡਲ ਗ੍ਰਾਮ ਇਲਾਕੇ ਵਿੱਚ, ਇੱਕ ਅਵਾਰਾ ਕੁੱਤੇ ਨੇ ਇੱਕ ਛੋਟੇ ਬੱਚੇ ਦਾ ਮੂੰਹ ਬੁਰੀ ਤਰ੍ਹਾਂ ਪਾੜ ਦਿੱਤਾ। ਬੱਚੇ ਦੇ ਪਰਿਵਾਰ ਵਾਲੇ ਬੱਚੇ ਨੂੰ ਸਿਵਲ ਹਸਪਤਾਲ ਲੈ ਗਏ ਹਨ ਪਰ ਸਿਵਿਲ ਹਸਪਤਾਲ ਦੇ ਡਾਕਟਰਾਂ ਨੇ ਇਸ ਕੇਸ ਨੂੰ ਦੇਖਦੇ ਹੀ ਸੀਐਮਸੀ ਹਸਪਤਾਲ ਵਿੱਚ ਬੱਚੇ ਨੂੰ ਰੈਫਰ ਕਰ ਦਿੱਤਾ। ਸੂਤਰਾਂ ਅਨੁਸਾਰ ਇਸ ਅਵਾਰਾ ਕੁੱਤੇ ਨੇ ਉਸੇ ਇਲਾਕੇ (ਮਾਡਲ ਗ੍ਰਾਮ) ਵਿੱਚ ਕਈ ਹੋਰ ਲੋਕਾਂ ‘ਤੇ ਹਮਲਾ ਕੀਤਾ ਹੈ। ਪ੍ਰਸ਼ਾਸਨ (ਨਗਰ ਨਿਗਮ ਸਿਹਤ ਵਿਭਾਗ) ਨੂੰ ਪੂਰੀ ਤਰ੍ਹਾਂ ਅਸਫਲ ਐਲਾਨਿਆ ਗਿਆ ਹੈ।

ਹਾਈ ਕੋਰਟ/ਸੁਪਰੀਮ ਕੋਰਟ ਨੇ ਵੀ ਅਵਾਰਾ ਕੁੱਤਿਆਂ ਦੇ ਹਮਲਿਆਂ ਬਾਰੇ ਪ੍ਰਸ਼ਾਸਨ ਨੂੰ ਨਿਰਦੇਸ਼ ਜਾਰੀ ਕੀਤੇ ਹਨ। ਨਗਰ ਨਿਗਮ ਕਮਿਸ਼ਨਰ/ਐਮਸੀਐਲ ਅਤੇ ਸਿਹਤ ਵਿਭਾਗ ਸ਼ਾਇਦ ਵਿਹਲੇ ਬੈਠੇ ਹਨ ਅਤੇ ਜਾਨ-ਮਾਲ ਦੇ ਨੁਕਸਾਨ ਨੂੰ ਨਜ਼ਰਅੰਦਾਜ਼ ਕਰ ਰਹੇ ਹਨ। ਲੋਕਾਂ ਦੀ ਜਾਨ ਨਾਲ ਕੋਈ ਫ਼ਰਕ ਨਹੀਂ ਪੈਂਦਾ ਭਾਵੇਂ ਕੋਈ ਅਵਾਰਾ ਕੁੱਤਾ ਕਿਸੇ ਵਿਅਕਤੀ ਨੂੰ ਕੱਟੇ ਜਾਂ ਮਾਰ ਦੇਵੇ। ਪਰ ਜੇਕਰ ਉਸ ਕੁੱਤੇ ਨੂੰ ਕੁਝ ਹੋ ਜਾਂਦਾ ਹੈ, ਤਾਂ ਕੁੱਤੇ ਪ੍ਰੇਮੀ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹਨ।

ਸ਼ਰਮਾ ਨੇ ਦੱਸਿਆ ਕਿ ਉਹਨਾਂ ਵੱਲੋਂ ਪਹਿਲਾਂ ਹੀ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਚੰਡੀਗੜ੍ਹ ਨੂੰ ਮਨੁੱਖੀ ਅਧਿਕਾਰਾਂ ਦੇ ਚੇਅਰਪਰਸਨ ਨੂੰ ਸ਼ਿਕਾਇਤ ਕੀਤੀ ਜਾ ਚੁੱਕੀ ਹੈ ਅਤੇ ਹੁਣ ਇਸ ਮਾਮਲੇ ਬਾਰੇ PSHRC ਨੂੰ ਇਸ ਦਰਦਨਾਕ ਘਟਨਾ ਬਾਰੇ ਦੁਬਾਰਾ ਯਾਦ ਦਿਵਾਵਾਂਗਾ ਜੋ ਮਾਡਲ ਗ੍ਰਾਮ (ਲੁਧਿਆਣਾ) ਵਿਖੇ ਇੱਕ ਛੋਟੇ ਬੱਚੇ ਨਾਲ ਇੱਕ ਹਲਕੇ ਹੋਏ ਅਵਾਰਾ ਕੁੱਤੇ ਦੁਆਰਾ ਵਾਪਰੀ ਹੈ।

ਨਗਰ ਨਿਗਮ ਪ੍ਰਸ਼ਾਸਨ ਇਸ ਬਹੁਤ ਹੀ ਗੰਭੀਰ ਮਾਮਲੇ ਵਿੱਚ ਪੂਰੀ ਤਰ੍ਹਾਂ ਅਸਫਲ ਰਿਹਾ ਹੈ। ਦੂਜੇ ਪਾਸੇ ਜਦੋਂ ਨਗਰ ਨਿਗਮ ਦੇ ਸਿਹਤ ਵਿਭਾਗ ਦੇ ਮੁਖੀ ਵਿਪੁਲ ਮਲਹੋਤਰਾ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਸੁਪਰੀਮ ਕੋਰਟ ਵੱਲੋਂ ਜੋ ਨਿਰਦੇਸ਼ ਹੋਏ ਹਨ ਡੋਗ ਸ਼ੈਲਟਰ ਬਣਾਉਣ ਦੇ ਉਸਦੀ ਚਾਰ ਦੀਵਾਰੀ ਹੋ ਚੁੱਕੀ ਹੈ, ਫਿਰ ਜਦੋਂ ਉਹਨਾਂ ਨੂੰ ਇਹ ਪੁੱਛਿਆ ਗਿਆ ਕਿ ਇਸ ਬੱਚੇ ਨੂੰ ਨਿਗਮ ਵੱਲੋਂ ਕੀ ਮੁਆਵਜ਼ਾ ਦਿੱਤਾ ਜਾਏਗਾ ਤਾਂ ਉਹਨਾਂ ਨੇ ਕਿਹਾ ਕਿ ਮੈਂ ਇਸ ਬਾਰੇ ਕੋਈ ਗੱਲ ਨਹੀਂ ਕਹਿ ਸਕਦਾ।

ਇੱਥੇ ਇਹ ਗੱਲ ਸਾਬਤ ਹੁੰਦੀ ਹੈ ਕਿ ਆਮ ਵਿਅਕਤੀ ਦੀ ਸ਼ਹਿਰ ਵਿੱਚ ਕੋਈ ਅਹਿਮੀਅਤ ਨਹੀਂ ਹੈ ਜਦੋਂ ਕਿ ਟੈਕਸ ਇਕੱਠਾ ਕਰਨ ਵਿੱਚ ਨਗਰ ਨਿਗਮ ਸਭ ਤੋਂ ਅੱਗੇ ਹੁੰਦਾ ਹੈ। ਸ਼ਹਿਰ ਵਿੱਚ ਆਮ ਵੇਖਣ ਨੂੰ ਮਿਲਦਾ ਹੈ ਕਿ ਹਰ ਗਲੀ ਮਹੱਲੇ ਵਿੱਚ ਪੰਜ ਤੋਂ ਸੱਤ ਕੁੱਤੇ ਆਮ ਅਵਾਰਾ ਦੇਖਣ ਨੂੰ ਮਿਲਦੇ ਹਨ ਪਰ ਨਗਰ ਨਿਗਮ ਇਸ ਵੱਲ ਬਿਲਕੁਲ ਵੀ ਧਿਆਨ ਨਾ ਦੇ ਕੇ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ ਤੇ ਜਾਂ ਫਿਰ ਕਿਸੇ ਵੱਡੀ ਘਟਨਾ ਦੇ ਵਾਪਰਨ ਦੀ ਉਡੀਕ ਕਰ ਰਿਹਾ ਹੈ।

 

Media PBN Staff

Media PBN Staff