Punjab News- ਅਧਿਆਪਕਾਂ ਵਿਰੁੱਧ FIR ਦਰਜ ਕਰਨ ਦੀ ਸਿਫਾਰਿਸ਼! DTF ਨੇ ਕਿਹਾ- ਇਹ ਤਾਨਾਸ਼ਾਹੀ ਹਰਕਤ
ਜ਼ਿਲ੍ਹਾ ਫ਼ਿਰੋਜ਼ਪੁਰ ਦੇ ਰਿਟਰਨਿੰਗ ਅਫਸਰਾਂ ਵੱਲੋਂ ਅਧਿਆਪਕਾਂ ‘ਤੇ ਐੱਫ.ਆਈ.ਆਰ. ਦਰਜ਼ ਕਰਨ ਦੀ ਸਿਫਾਰਿਸ਼ ਤੁਰੰਤ ਵਾਪਸ ਲਈ ਜਾਵੇ : ਡੀ.ਟੀ.ਐੱਫ.
ਚੋਣ ਡਿਊਟੀਆਂ ਦੇ ਬਹਾਨੇ ਅਧਿਆਪਕਾਂ ਤੋਂ ਗੈਰ ਵਿਦਿਅਕ ਕੰਮ ਲੈਣੇ ਅਤੇ ਪਰਚੇ ਦਰਜ਼ ਕਰਨ ਦੇ ਹੁਕਮ ਚਾੜ੍ਹਨੇ ਨਿਖੇਧੀਯੋਗ – ਅਧਿਆਪਕ ਆਗੂ
ਜ਼ਿਲ੍ਹਾ ਮੋਗਾ ਵਿਖੇ ਚੋਣ ਡਿਊਟੀ ਜਾ ਰਹੇ ਅਧਿਆਪਕ ਪਤੀ-ਪਤਨੀ ਦੀ ਹੋਈ ਬੇਵਕਤੀ ਮੌਤ ਦਾ ਅਸਹਿ ਦੁੱਖ
ਸੰਯੁਕਤ ਕਿਸਾਨ ਮੋਰਚੇ ਨਾਲ ਮੀਟਿੰਗ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਫ਼ਿਰੋਜ਼ਪੁਰ ਵਿਰੁੱਧ ਤਿੱਖੇ ਸੰਘਰਸ਼ ਦਾ ਕੀਤਾ ਜਾਵੇਗਾ ਐਲਾਨ
ਫ਼ਿਰੋਜ਼ਪੁਰ 14 ਦਸੰਬਰ 2025 (Media PBN):
ਡੈਮੋਕ੍ਰੈਟਿਕ ਟੀਚਰਜ਼ ਫਰੰਟ (ਡੀ.ਟੀ. ਐੱਫ.) ਪੰਜਾਬ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪ੍ਰਧਾਨ ਮਲਕੀਤ ਸਿੰਘ ਹਰਾਜ, ਜਨਰਲ ਸਕੱਤਰ ਗੁਰਵਿੰਦਰ ਸਿੰਘ ਖੋਸਾ, 6635 ਈਟੀਟੀ ਅਧਿਆਪਕ ਯੂਨੀਅਨ ਦੇ ਪ੍ਰਧਾਨ ਦੀਪਕ ਕੰਬੋਜ, ਜਨਰਲ ਸਕੱਤਰ ਸਲਿੰਦਰ ਕੰਬੋਜ, ਕੰਪਿਊਟਰ ਫੈਕਲਟੀ ਐਸੋਸੀਏਸ਼ਨ ਰਜਿ ਦੇ ਸੂਬਾਈ ਲਖਵਿੰਦਰ ਸਿੰਘ, ਐੱਸਐੱਸਏ ਰਮਸਾ ਦਫ਼ਤਰੀ ਕਰਮਚਾਰੀ ਯੂਨੀਅਨ ਦੇ ਆਗੂ ਰਜਿੰਦਰ ਸਿੰਘ ਸੰਧਾ, ਸਰਬਜੀਤ ਸਿੰਘ ਟੁਰਨਾ ਨੇ ਕਿਹਾ ਕਿ ਜ਼ਿਲ੍ਹਾ ਫਿਰੋਜ਼ਪੁਰ ਦੇ ਵੱਖ-ਵੱਖ ਹਲਕਿਆਂ ਦੇ ਰਿਟਰਨਿੰਗ ਅਫਸਰਾਂ ਕਮ ਸਬ ਡਵੀਜ਼ਨਲ ਮੈਜਿਸਟ੍ਰੇਟਾਂ ਵੱਲੋਂ ਚੋਣ ਰਿਹਰਸਲ ‘ਤੇ ਨਾ ਜਾ ਸਕਣ ਵਾਲੇ ਅਧਿਆਪਕਾਂ ਅਤੇ ਹੋਰ ਵਿਭਾਗਾਂ ਦੇ ਕਰਮਚਾਰੀਆਂ ‘ਤੇ ਐਫ.ਆਈ.ਆਰ. ਦਰਜ ਕਰਨ ਦੀ ਹਦਾਇਤ ਜਾਰੀ ਕਰਨ ਨੂੰ ਅਫ਼ਸਰਸ਼ਾਹੀ ਦਾ ਸ਼ਰਮਨਾਕ ਅਤੇ ਨਿਖੇਧੀਯੋਗ ਕਦਮ ਕਰਾਰ ਦਿੰਦੇ ਹੋਏ ਇਸ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।
ਦਰਅਸਲ ਅਧਿਕਾਰੀਆਂ ਵੱਲੋਂ ਮੁਲਾਜ਼ਮਾਂ ਦੀ ਚੋਣ ਡਿਊਟੀ ਤੋਂ ਗੈਰ ਹਾਜ਼ਰੀ ਦੇ ਅਸਲ ਕਾਰਨ ਜਾਣਨ ਦੀ ਵੀ ਜਹਿਮਤ ਨਹੀਂ ਕੀਤੀ ਅਤੇ ਸਿੱਧੇ ਪੁਲਿਸ ਪਰਚਾ ਦਰਜ਼ ਕਰਨ ਵਰਗੀ ਸਖ਼ਤ ਹਦਾਇਤ ਜਾਰੀ ਕਰ ਦਿੱਤੀ ਹੈ।
ਆਗੂਆਂ ਨੇ ਕਿਹਾ ਕਿ ਅਧਿਆਪਕਾਂ ‘ਤੇ ਗੈਰ ਵਿੱਦਿਅਕ ਕੰਮਾਂ ਦਾ ਭਾਰ ਪਹਿਲਾਂ ਹੀ ਬਹੁਤ ਹੈ। ਪ੍ਰੰਤੂ ਸਿੱਖਿਆ ਕ੍ਰਾਂਤੀ ਦੇ ਦਾਅਵੇ ਕਰਨ ਵਾਲੀ ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਤੋਂ ਵਿਦਿਆਰਥੀਆਂ ਨੂੰ ਪੜ੍ਹਾਉਣ ਤੋਂ ਬਿਨਾਂ ਹਰ ਕਿਸਮ ਦਾ ਗੈਰ-ਵਿੱਦਿਅਕ ਕੰਮ ਲਿਆ ਜਾ ਰਿਹਾ ਹੈ।
ਹਜਾਰਾਂ ਅਧਿਆਪਕਾਂ ਦੀ ਚੋਣ ਡਿਊਟੀ ਘਰਾਂ ਤੋਂ 100 -100 ਕਿਲੋਮੀਟਰ ਦੀ ਦੂਰੀ ‘ਤੇ ਲਗਾ ਕੇ ਜਿੱਥੇ ਅਧਿਆਪਕਾਂ ਨੂੰ ਭਾਰੀ ਪਰੇਸ਼ਾਨ ਕੀਤਾ ਜਾ ਰਿਹਾ ਹੈ, ਉੱਥੇ ਇਹਨਾਂ ਡਿਊਟੀਆਂ ਦੌਰਾਨ ਸਕੂਲਾਂ ਦੀ ਪੜ੍ਹਾਈ ਠੱਪ ਕਰ ਦਿੱਤੀ ਗਈ ਹੈ। ਪੰਜਾਬ ਦੇ ਜ਼ਿਲ੍ਹਾ ਮੋਗਾ ਵਿਖੇ ਚੋਣ ਡਿਊਟੀ ਜਾ ਰਹੇ ਅਧਿਆਪਕ ਸਾਹਿਬਾਨ ਦੀ ਹੋਈ ਬੇਵਕਤੀ ਮੌਤ ਨਾਲ ਸਾਰੇ ਗਹਿਰੇ ਸਦਮੇ ਵਿੱਚ ਹਨ ਅਤੇ ਇਸਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੈ।
ਉਨ੍ਹਾਂ ਕਿਹਾ ਕਿ ਬੂਥ ਲੈਵਲ ਅਫ਼ਸਰ ਵਜੋਂ ਤਾਇਨਾਤ ਅਧਿਆਪਕਾਂ ਤੇ ਹੋਰ ਮੁਲਾਜ਼ਮਾਂ ਨੂੰ ਪਹਿਲਾਂ ਚੋਣ ਡਿਊਟੀ ਤੋਂ ਛੋਟ ਦੇ ਦਿਤੀ ਗਈ ਸੀ ਪਰ ਹੁਣ ਡਿਊਟੀ ‘ਤੇ ਹਾਜ਼ਰ ਹੋਣ ਦੀ ਹਦਾਇਤ ਜਾਰੀ ਕਰਕੇ ਤੀਹਰੀ ਡਿਊਟੀ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਅਧਿਆਪਕਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ।
ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਜ਼ਿਲ੍ਹਾ ਫ਼ਿਰੋਜ਼ਪੁਰ ਮੰਗ ਕਰਦੀ ਹੈ ਕਿ ਅਧਿਆਪਕਾਂ ‘ਤੇ ਐੱਫ.ਆਈ.ਆਰ. ਦਰਜ ਕਰਨ ਦੀ ਹਦਾਇਤ ਵਾਪਸ ਲੈਣ ਅਤੇ ਭਵਿੱਖ ਵਿੱਚ ਅਧਿਆਪਕਾਂ ਨੂੰ ਪਰੇਸ਼ਾਨ ਕਰਨਾ ਬੰਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੁਲਾਜ਼ਮਾਂ ਨੂੰ ਹੋਰ ਤੰਗ ਪ੍ਰੇਸ਼ਾਨ ਕੀਤਾ ਗਿਆ ਤਾਂ ਕੱਲ੍ਹ 15 ਦਸੰਬਰ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਵਿੱਚ ਇਹ ਏਜੰਡਾ ਰੱਖ ਕੇ ਅਗਲੇ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।
ਇਸ ਮੌਕੇ ਅਮਿਤ ਸ਼ਰਮਾ, ਦਵਿੰਦਰ ਨਾਥ, ਸਰਬਜੀਤ ਸਿੰਘ ਭਾਵੜਾ, ਰਾਜ ਕੁਮਾਰ ਮਹਿਰੋਕ, ਅਮਿਤ ਕੰਬੋਜ਼, ਹੀਰਾ ਸਿੰਘ ਤੂਤ, ਮਨੋਜ ਕੁਮਾਰ, ਸਵਰਨ ਸਿੰਘ, ਨਰਿੰਦਰ ਜੰਮੂ, ਰਾਮ ਕੁਮਾਰ, ਹਰਜਿੰਦਰ ਜਨੇਰ, ਵਿਕਰਮ ਜੀਤ, ਸਵਰਨ ਸਿੰਘ, ਅਨਿਲ ਧਵਨ, ਗਗਨ ਮਿੱਤਲ, ਸੰਦੀਪ ਕੁਮਾਰ, ਹਰਦੀਪ ਸਿੰਘ, ਬਲਵਿੰਦਰ ਸਿੰਘ, ਜੈਦੇਵ ਪੁੱਗਲ, ਵਿਪਣ ਕੰਬੋਜ, ਗੁਰਦਰਸ਼ਨ ਸਿੰਘ, ਮੁਖਤਿਆਰ ਸਿੰਘ, ਅੰਕੁਸ਼ ਕੰਬੋਜ, ਦਰਸ਼ਨ ਸਿੰਘ, ਅਰਵਿੰਦ ਗਰਗ, ਇੰਦਰ ਸਿੰਘ ਸੰਧੂ, ਵਰਿੰਦਰਪਾਲ ਸਿੰਘ, ਕਿਰਪਾਲ ਸਿੰਘ, ਹਰਵਿੰਦਰ ਸਿੰਘ ਆਦਿ ਹਾਜ਼ਰ ਸਨ।

